ਨਹੀਂ ਛੁੱਟੇਗਾ ਸਲਮਾਨ ਦਾ ਖਹਿੜਾ! ਜਾਣੋ,ਬਿਸ਼ਨੋਈ ਸਮਾਜ ’ਚ ਮੁਆਫ਼ੀ ਦੇ ਨਿਯਮ?
ਬਿਸ਼ਨੋਈ ਸਮਾਜ ਦਾ ਮੰਨਣਾ ਏ ਕਿ ਸਲਮਾਨ ਨੇ ਕਾਲਾ ਹਿਰਨ ਮਾਰ ਕੇ ਬਜ਼ਰ ਗੁਨਾਹ ਕੀਤਾ ਏ, ਜਿਸ ਦੇ ਲਈ ਉਸ ਨੂੰ ਬਿਸ਼ਨੋਈ ਸਮਾਜ ਵੱਲੋਂ ਤੈਅ 29 ਨਿਯਮਾਂ ਤਹਿਤ ਮੁਆਫ਼ੀ ਮੰਗਣੀ ਚਾਹੀਦੀ ਐ, ਉਸ ਤੋਂ ਬਾਅਦ ਹੀ ਬਿਸ਼ਨੋਈ ਸਮਾਜ ਦੇ ਹਿਰਦੇ ਠੰਡੇ ਹੋ ਸਕਣਗੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਐ ਬਿਸ਼ਨੋਈ ਸਮਾਜ ਦਾ ਇਤਿਹਾਸ ਅਤੇ ਕੀ ਨੇ ਮੁਆਫ਼ੀ ਦੇ ਨਿਯਮ?;
ਜੈਪੁਰ : 1998 ਵਿਚ ਸਲਮਾਨ ਖ਼ਾਨ ’ਤੇ ਦੋਸ਼ ਲੱਗਿਆ ਸੀ ਕਿ ਉਸ ਨੇ ਫਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਦੌਰਾਨ ਰਾਜਸਥਾਨ ਵਿਚ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕੀਤਾ ਸੀ ਜੋ ਬਿਸ਼ਨੋਈ ਸਮਾਜ ਦੇ ਲਈ ਪਵਿੱਤਰ ਮੰਨਿਆ ਜਾਂਦਾ ਏ। ਇਸ ਘਟਨਾ ਨਾਲ ਪੂਰੇ ਬਿਸ਼ਨੋਈ ਸਮਾਜ ਵਿਚ ਗੁੱਸੇ ਦੀ ਲਹਿਰ ਪੈਦਾ ਹੋ ਗਈ ਸੀ ਜੋ ਅੱਜ ਵੀ ਜਾਰੀ ਐ। ਬਿਸ਼ਨੋਈ ਸਮਾਜ ਦਾ ਮੰਨਣਾ ਏ ਕਿ ਸਲਮਾਨ ਨੇ ਕਾਲਾ ਹਿਰਨ ਮਾਰ ਕੇ ਬਜ਼ਰ ਗੁਨਾਹ ਕੀਤਾ ਏ, ਜਿਸ ਦੇ ਲਈ ਉਸ ਨੂੰ ਬਿਸ਼ਨੋਈ ਸਮਾਜ ਵੱਲੋਂ ਤੈਅ 29 ਨਿਯਮਾਂ ਤਹਿਤ ਮੁਆਫ਼ੀ ਮੰਗਣੀ ਚਾਹੀਦੀ ਐ, ਉਸ ਤੋਂ ਬਾਅਦ ਹੀ ਬਿਸ਼ਨੋਈ ਸਮਾਜ ਦੇ ਹਿਰਦੇ ਠੰਡੇ ਹੋ ਸਕਣਗੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਐ ਬਿਸ਼ਨੋਈ ਸਮਾਜ ਦਾ ਇਤਿਹਾਸ ਅਤੇ ਕੀ ਨੇ ਮੁਆਫ਼ੀ ਦੇ ਨਿਯਮ?
ਬਾਲੀਵੁੱਡ ਦੇ ਮਸ਼ਹੂਰ ਫਿਲਮ ਅਦਾਕਾਰ ਸਲਮਾਨ ਖ਼ਾਨ ਨੂੰ ਇਕ ਵਾਰ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਐ, ਜਦਕਿ ਕੁੱਝ ਦਿਨ ਪਹਿਲਾਂ ਉਸ ਦੇ ਦੋਸਤ ਬਾਬਾ ਸਿੱਦੀਕੀ ਦੀ ਹੱਤਿਆ ਹੋ ਚੁੱਕੀ ਐ। ਦਰਅਸਲ ਸਲਮਾਨ ਖ਼ਾਨ ਨੂੰ ਮਿਲ ਰਹੀਆਂ ਧਮਕੀਆਂ ਅਤੇ ਹੋ ਰਹੇ ਹਮਲਿਆਂ ਦੇ ਪਿੱਛੇ ਸਲਮਾਨ ਖ਼ਾਨ ਵੱਲੋਂ ਕੀਤਾ ਗਿਆ ਉਹ ਅਪਰਾਧ ਐ ਜੋ ਉਸ ਨੇ ਫਿਲਮ ਦੀ ਇਕ ਸ਼ੂਟਿੰਗ ਦੌਰਾਨ ਕੀਤਾ ਸੀ। ਗੱਲ ਸੰਨ 1998 ਦੀ ਐ ਜਦੋਂ ਸਲਮਾਨ ਨੇ ਫਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਦੌਰਾਨ ਰਾਜਸਥਾਨ ਵਿਚ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕੀਤਾ ਸੀ।
ਕਾਲਾ ਹਿਰਨ ਬਿਸ਼ਨੋਈ ਸਮਾਜ ਦੇ ਲਈ ਬੇਹੱਦ ਪਵਿੱਤਰ ਮੰਨਿਆ ਜਾਂਦਾ ਏ, ਇਸ ਸਮਾਜ ਦੇ ਲੋਕਾਂ ਵੱਲੋਂ ਉਸ ਦੀ ਪੂਜਾ ਕੀਤੀ ਜਾਂਦੀ ਐ। ਭਾਵੇਂ ਕਿ ਸਲਮਾਨ ਖ਼ਾਨ ਇਸ ਮਾਮਲੇ ਵਿਚ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਭੁਗਤ ਚੁੱਕਿਆ ਏ ਪਰ ਬਿਸ਼ਨੋਈ ਸਮਾਜ ਦੇ ਲੋਕਾਂ ਵਿਚ ਅਜੇ ਵੀ ਸਲਮਾਨ ਦੀ ਇਸ ਹਰਕਤ ਪ੍ਰਤੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਐ। ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਇਸ ਮਾਮਲੇ ਨੂੰ ਲੈ ਕੇ ਸਲਮਾਨ ਖ਼ਾਨ ਦੇ ਪਿੱਛੇ ਪਿਆ ਹੋਇਆ ਏ, ਜਿਸ ਦੇ ਲਈ ਉਸ ਦੇ ਗੁਰਗਿਆਂ ਵੱਲੋਂ ਕਈ ਵਾਰ ਸਲਮਾਨ ਖ਼ਾਨ ’ਤੇ ਹਮਲੇ ਦੀ ਕੋਸ਼ਿਸ਼ ਹੋ ਚੁੱਕੀ ਐ।
ਦਰਅਸਲ ਬਿਸ਼ਨੋਈ ਸਮਾਜ ਦੇ ਲੋਕਾਂ ਦਾ ਮੰਨਣਾ ਏ ਕਿ ਸਲਮਾਨ ਖ਼ਾਨ ਨੂੰ ਬਿਸ਼ਨੋਈ ਪੰਥ ਦੇ ਸੰਸਥਾਪਕ ਗੁਰੂ ਜੰਭੇਸ਼ਵਰ ਵੱਲੋਂ ਸਥਾਪਿਤ 29 ਨਿਯਮਾਂ ਦੇ ਤਹਿਤ ਹੀ ਮੁਆਫ਼ੀ ਮਿਲ ਸਕਦੀ ਐ ਕਿਉਂਕਿ ਸਲਮਾਨ ਖ਼ਾਨ ਨੇ ਬਿਸ਼ਨੋਈ ਸਮਾਜ ਦੇ ਧਾਰਮਿਕ ਵਿਸਵਾਸ਼ਾਂ ਦਾ ਉਲੰਘਣ ਕੀਤਾ ਏ। ਉਨ੍ਹਾਂ ਦਾ ਕਹਿਣਾ ਏ ਕਿ ਜਦੋਂ ਤੱਕ ਸਲਮਾਨ ਖ਼ਾਨ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗਦਾ, ਉਦੋਂ ਤੱਕ ਬਿਸ਼ਨੋਈ ਸਮਾਜ ਦੇ ਹਿਰਦੇ ਸ਼ਾਂਤ ਨਹੀਂ ਹੋ ਸਕਦੇ।
ਬਿਸ਼ਨੋਈ ਸਮਾਜ ਨੂੰ ਰਾਜਸਥਾਨ ਅਤੇ ਹਰਿਆਣਾ ਦੇ ਪ੍ਰਮੁੱਖ ਖੇਤਰਾਂ ਵਿਚ ਵਸੇ ਇਕ ਧਾਰਿਮਕ ਅਤੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਸਮਾਜ ਦੇ ਰੂਪ ਵਿਚ ਮੰਨਿਆ ਜਾਂਦਾ ਏ। ਇਸ ਸਮਾਜ ਦੀ ਸਥਾਪਨਾ 15ਵੀਂ ਸ਼ਤਾਬਦੀ ਵਿਚ ਗੁਰੂ ਜੰਭੇਸ਼ਵਰ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੂੰ ਗੁਰੂ ਜਾਂਭੋਜੀ ਵੀ ਕਿਹਾ ਜਾਂਦਾ ਏ। ਬਿਸ਼ਨੋਈ ਪੰਥ ਕੁਦਰਤ ਅਤੇ ਜੀਵਾਂ ਦੀ ਰੱਖਿਆ ਕਰਨ ਦੇ ਲਈ ਆਪਣੇ ਸਖ਼ਤ ਧਾਰਮਿਕ ਸਿਧਾਂਤਾਂ ਦੇ ਪਾਲਣ ਲਈ ਜਾਣਿਆ ਜਾਂਦਾ ਏ।
ਗੁਰੂ ਜਾਂਭੋਜੀ ਨੇ ਸੰਨ 1485 ਵਿਚ ਬਿਸ਼ਨੋਈ ਪੰਥ ਦੀ ਸਥਾਪਨਾ ਕੀਤੀ ਸੀ ਅਤੇ 29 ਨਿਯਮਾਂ ਦਾ ਪਾਲਣ ਕਰਨ ਦਾ ਆਦੇਸ਼ ਦਿੱਤਾ ਸੀ ਜੋ ਵਾਤਾਵਰਣ ਸੰਭਾਲ, ਅਹਿੰਸਾ ਅਤੇ ਪਸ਼ੂ ਜੀਵਾਂ ਦੀ ਸੁਰੱਖਿਆ ’ਤੇ ਅਧਾਰਿਤ ਨੇ। ਇਨ੍ਹਾਂ ਵਿਚੋਂ ਕਈ ਨਿਯਮ ਰੁੱਖਾਂ ਅਤੇ ਜੀਵਾਂ ਦੀ ਰੱਖਿਆ ਨਾਲ ਸਬੰਧਤ ਨੇ ਅਤੇ ਇਹੀ ਕਾਰਨ ਐ ਕਿ ਇਹ ਸਮਾਜ ਕਾਲੇ ਹਿਰਨ ਨੂੰ ਪਵਿੱਤਰ ਮੰਨਦਾ ਏ ਅਤੇ ਉਨ੍ਹਾਂ ਦੀ ਸੰਭਾਲ ਦੇ ਲਈ ਵਚਨਬੱਧ ਐ।
ਸੰਨ 1998 ਵਿਚ ਜਦੋਂ ਸਲਮਾਨ ਖ਼ਾਨ ’ਤੇ ਰਾਜਸਥਾਨ ਦੇ ਕਾਂਕਾਣੀ ਪਿੰਡ ਵਿਚ ਦੋ ਕਾਲੇ ਹਿਰਨਾਂ ਦੇ ਸ਼ਿਕਾਰ ਦਾ ਦੋਸ਼ ਲੱਗਿਆ ਤਾਂ ਇਹ ਘਟਨਾ ਬਿਸ਼ਨੋਈ ਸਮਾਜ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਮੰਨੀ ਗਈ, ਜਿਸ ਨੇ ਪੂਰੇ ਦੇਸ਼ ਵਿਚ ਸਨਸਨੀ ਫੈਲਾਅ ਦਿੱਤੀ ਸੀ, ਖ਼ਾਸ ਕਰਕੇ ਬਿਸ਼ਨੋਈ ਸਮਾਜ ਦੇ ਵਿਚ ਇਸ ਨੂੰ ਲੈ ਕੇ ਕਾਫ਼ੀ ਗੁੱਸਾ ਪੈਦਾ ਹੋ ਗਿਆ ਸੀ ਜੋ ਅਜੇ ਤੱਕ ਵੀ ਸ਼ਾਂਤ ਨਹੀਂ ਹੋ ਸਕਿਆ। ਆਓ ਹੁਣ ਬਿਸ਼ਨੋਈ ਸਮਾਜ ਦੀ ਮੁਆਫ਼ੀ ਦੇ ਨਿਯਮਾਂ ਬਾਰੇ ਜਾਣਦੇ ਆਂ ਜੋ ਗੁਰੂ ਜਾਂਭੋਜੀ ਵੱਲੋਂ ਤੈਅ ਕੀਤੇ ਗਏ ਸੀ।
ਬਿਸ਼ਨੋਈ ਸਮਾਜ ਦੇ ਲਈ ਮੁਆਫ਼ੀ ਮੰਗਣਾ ਸਿਰਫ਼ ਸ਼ਬਦਾਂ ਦਾ ਖੇਡ ਨਹੀਂ, ਬਲਕਿ ਇਹ ਇਕ ਗੰਭੀਰ ਧਾਰਮਿਕ ਪ੍ਰਕਿਰਿਆ ਏ, ਜਿਸ ਨੂੰ ਉਨ੍ਹਾਂ ਦੇ 29 ਨਿਯਮਾਂ ਤਹਿਤ ਪੂਰੀ ਸ਼ਰਧਾ ਅਤੇ ਨਿਮਰਤਾ ਦੇ ਨਾਲ ਨਿਭਾਉਣਾ ਪੈਂਦਾ ਏ। ਬਿਸ਼ਨੋਈ ਸਮਾਜ ਦੇ ਪੈਰੋਕਾਰ ਰੁੱਖਾਂ ਅਤੇ ਜਾਨਵਰਾਂ ਦੀ ਰੱਖਿਆ ਲਈ ਆਪਣੇ ਜੀਵਨ ਦਾ ਬਲੀਦਾਨ ਤੱਕ ਦੇਣ ਲਈ ਤਿਆਰ ਰਹਿੰਦੇ ਨੇ।
ਅਜਿਹੇ ਵਿਚ ਜੇਕਰ ਕਿਸੇ ਨੇ ਜਾਨਵਰਾਂ ਨੂੰ ਨੁਕਸਾਨ ਪਹੁੰਚਾਇਆ ਹੋਵੇ ਤਾਂ ਉਸ ਨੂੰ ਪੂਰੀ ਸੱਚਾਈ ਅਤੇ ਪਸ਼ਚਾਤਾਪ ਦੇ ਨਾਲ ਮੁਆਫ਼ੀ ਮੰਗਣੀ ਪੈਂਦੀ ਐ। ਕਿਸੇ ਵੀ ਤਰ੍ਹਾਂ ਦੀ ਹਿੰਸਾ, ਚਾਹੇ ਉਹ ਮਨੁੱਖਾਂ ’ਤੇ ਹੋਵੇ ਜਾਂ ਜੀਵਾ ’ਤੇ, ਬਿਸ਼ਨੋਈ ਸਮਾਜ ਵਿਚ ਗੰਭੀਰ ਅਪਰਾਧ ਮੰਨੀ ਜਾਂਦੀ ਐ। ਅਪਰਾਧ ਕਰਨ ਵਾਲੇ ਵਿਅਕਤੀ ਨੂੰ ਜਨਤਕ ਤੌਰ ’ਤੇ ਆਪਣੀ ਗ਼ਲਤੀ ਸਵੀਕਾਰ ਕਰਨੀ ਪੈਂਦੀ ਐ ਅਤੇ ਆਪਣੇ ਅਪਰਾਧ ਦੇ ਲਈ ਪੂਰੀ ਤਰ੍ਹਾਂ ਪ੍ਰਾਸ਼ਚਿਤ ਕਰਨਾ ਪੈਂਦਾ ਏ।
ਜੇਕਰ ਕੋਈ ਵਿਅਕਤੀ ਅਪਰਾਧ ਕਰਦਾ ਏ ਤਾਂ ਉਸ ਨੂੰ ਪਸ਼ਚਾਤਾਪ ਮਹਿਸੂਸ ਕਰਨਾ ਚਾਹੀਦਾ ਏ।
ਮੁਆਫ਼ੀ ਮੰਗਣ ਲਈ ਰਾਜਸਥਾਨ ਦੇ ਬੀਕਾਨੇਰ ਵਿਚ ਮੁਕਤੀ ਧਾਮ ਮੁਕਾਮ ’ਤੇ ਜਾਣਾ ਚਾਹੀਦਾ ਏ ਜੋ ਗੁਰੂ ਜੰਭੇਸ਼ਵਰ ਦਾ ਅੰਤਿਮ ਵਿਸ਼ਰਾਮ ਅਤੇ ਬਿਸ਼ਨੋਈ ਸਮਾਜ ਦਾ ਸਭ ਤੋਂ ਮਹੱਤਵਪੂਰਨ ਅਸਥਾਨ ਐ।
ਨਿਰਧਾਰਤ ਤਰੀਕੇ ਨਾਲ ਮੁਆਫ਼ੀ ਮੰਗਣ ਮਗਰੋਂ ਉਸ ਨੂੰ ਸਵੀਕਾਰ ਜਾਂ ਅਸਵੀਕਾਰ ਕਰਨਾ ਪੂਰੀ ਤਰ੍ਹਾਂ ਸਮਾਜ ’ਤੇ ਨਿਰਭਰ ਕਰਦਾ ਏ।
ਅਪਰਾਧੀ ਵਿਅਕਤੀ ਨੂੰ ਜਨਤਕ ਤੌਰ ’ਤੇ ਧਾਰਮਿਕ ਪ੍ਰਕਿਰਿਆ ਤਹਿਤ ਮੁਆਫ਼ੀ ਮੰਗਣੀ ਪਵੇਗੀ ਤਾਂ ਹੀ ਉਸ ਨੂੰ ਪੂਰਨ ਮੁਆਫ਼ੀ ਮੰਨਿਆ ਜਾਵੇਗਾ। ਬੇਸ਼ੱਕ ਉਸ ਨੇ ਕਾਨੂੰਨੀ ਤੌਰ ’ਤੇ ਸਜ਼ਾ ਭੁਗਤ ਲਈ ਹੋਵੇ।
ਕੁੱਝ ਲੋਕਾਂ ਦਾ ਕਹਿਣਾ ਏ ਕਿ ਸਲਮਾਨ ਖ਼ਾਨ ਨੂੰ ਬਿਸ਼ਨੋਈ ਸਮਾਜ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਐ, ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ