India Pakistan: ਭਾਰਤ ਨੇ ਖਾਰਜ ਕੀਤਾ ਚੀਨ ਦਾ ਭਾਰਤ-ਪਾਕਿ ਜੰਗ ਸੁਲਝਾਉਣ ਦਾ ਦਾਅਵਾ, ਜਾਣੋ ਕੀ ਬੋਲੇ ਵਿਦੇਸ਼ ਮੰਤਰੀ
ਚੀਨ ਨੇ ਕਿਹਾ ਸੀ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦੌਰਾਨ ਕੀਤੀ ਸੀ ਵਿਚੋਲਗੀ
India Pakistan War: ਭਾਰਤ ਨੇ ਪਾਕਿਸਤਾਨ ਨਾਲ ਜੰਗਬੰਦੀ ਵਿੱਚ ਵਿਚੋਲਗੀ ਦੇ ਚੀਨ ਦੇ ਦਾਅਵੇ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ। ਭਾਰਤੀ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਮਈ ਵਿੱਚ ਜਦੋਂ ਦੋਵੇਂ ਮੁਲਕਾਂ ਵਿਚਾਲੇ ਜੰਗ ਦੇ ਹਾਲਾਤ ਬਣੇ ਸਨ ਤਾਂ ਉਸ ਦੌਰਾਨ ਜੰਗਬੰਦੀ 'ਤੇ ਪਹੁੰਚਣ ਵਿੱਚ ਕਿਸੇ ਤੀਜੀ ਧਿਰ ਦੀ ਵਿਚੋਲਗੀ ਨਹੀਂ ਸੀ।
ਐਨਡੀਟੀਵੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ, "ਵਿਚੋਲਗੀ 'ਤੇ ਭਾਰਤ ਦਾ ਰੁਖ਼ ਹਮੇਸ਼ਾ ਸਪੱਸ਼ਟ ਰਿਹਾ ਹੈ। ਆਪ੍ਰੇਸ਼ਨ ਸੰਧੂਰ ਤੋਂ ਬਾਅਦ ਕੋਈ ਵਿਚੋਲਗੀ ਨਹੀਂ ਹੋਈ। ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਕੋਈ ਤੀਜੀ ਧਿਰ ਦਖਲ ਨਹੀਂ ਦੇ ਸਕਦੀ। ਪਾਕਿਸਤਾਨ ਨੇ ਭਾਰਤ ਦੇ ਡੀਜੀਐਮਓ ਨੂੰ ਜੰਗਬੰਦੀ ਦੀ ਬੇਨਤੀ ਕੀਤੀ।"
ਚੀਨ ਨੇ ਬੀਤੇ ਦਿਨੀਂ ਕੀਤਾ ਸੀ ਦਾਅਵਾ
ਚੀਨ ਨੇ ਕੱਲ੍ਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਨੂੰ ਸੁਲਝਾਉਣ ਲਈ ਵਿਚੋਲਗੀ ਕਰਨ ਦਾ ਦਾਅਵਾ ਕੀਤਾ ਸੀ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਇਸ ਸਾਲ ਚੀਨ ਵੱਲੋਂ ਵਿਚੋਲਗੀ ਕੀਤੇ ਗਏ ਮੁੱਖ ਮੁੱਦਿਆਂ ਵਿੱਚੋਂ ਇੱਕ ਸੀ।
ਅਮਰੀਕਾ ਨੇ ਵੀ ਕਈ ਵਾਰ ਕੀਤੀ ਭਾਰਤ ਪਾਕਿ ਜੰਗ ਸੁਲਝਾਉਣ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼
ਦੱਸ ਦਈਏ ਕਿ ਚੀਨ ਤੋਂ ਪਹਿਲਾਂ ਕਈ ਵਾਰੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੀ ਭਾਰਤ ਪਾਕਿ ਜੰਗ ਰੁਕਵਾਉਣ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਭਾਰਤ ਨੇ ਹਮੇਸ਼ਾ ਅਮਰੀਕਾ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ ਹੈ। ਹੁਣ ਚੀਨ ਵਾਰੀ ਵੀ ਭਾਰਤ ਨੇ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ। ਭਾਰਤ ਨੇ ਸਾਫ਼ ਕਿਹਾ ਹੈ ਕਿ "ਕੋਈ ਤੀਜਾ ਭਾਰਤ ਪਾਕਿਸਤਾਨ ਵਿਚਾਲੇ ਸ਼ਾਮਲ ਨਹੀਂ ਸੀ।"