ਅਮਰੀਕੀ ਅਧਿਕਾਰੀ ਦੀ ਟਿੱਪਣੀ ਤੋਂ ਬਾਅਦ ਭਾਰਤ ਨੇ ਰੂਸ ਨਾਲ ਸਬੰਧਾਂ ਦਾ ਕੀਤਾ ਬਚਾਅ
ਅਮਰੀਕਾ ਵੱਲੋਂ ਕੀਤੀ ਗਈ ਟਿੱਪਣੀ 'ਤੇ ਅੱਜ ਭਾਰਤ ਵੱਲੋਂ ਪ੍ਰਤੀਕਿਰਿਆ ਦਿੰਦੇ ਹੋਏ ਨਵੀਂ ਦਿੱਲੀ ਤੋਂ ਵੀਰਵਾਰ ਨੂੰ ਬਿਆਨ ਜਾਰੀ ਹੋਇਆ ਹੈ ਕਿ ਸਾਰੇ ਦੇਸ਼ਾਂ ਨੂੰ 'ਆਪਸੀ ਸਬੰਧਾਂ' ਦੇ ਆਧਾਰ 'ਤੇ ਆਪਣਾ ਫੈਸਲਾ ਕਰਨ ਦੀ "ਚੋਣ ਦੀ ਆਜ਼ਾਦੀ" ਹੈ ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੌਰੇ ਦੇ ਅਤੇ ਦੋਵਾਂ ਦੇਸ਼ਾਂ ਦੇ ਵਧਿਆ ਸਬੰਧਾਂ ਨੂੰ ਦੇਖਦੇ ਹੋਏ ਅਮਰੀਕਾ ਵੱਲੋਂ ਕੀਤੀ ਗਈ ਟਿੱਪਣੀ 'ਤੇ ਅੱਜ ਭਾਰਤ ਵੱਲੋਂ ਪ੍ਰਤੀਕਿਰਿਆ ਦਿੰਦੇ ਹੋਏ ਨਵੀਂ ਦਿੱਲੀ ਤੋਂ ਵੀਰਵਾਰ ਨੂੰ ਬਿਆਨ ਜਾਰੀ ਹੋਇਆ ਹੈ ਕਿ ਸਾਰੇ ਦੇਸ਼ਾਂ ਨੂੰ 'ਆਪਸੀ ਸਬੰਧਾਂ' ਦੇ ਆਧਾਰ 'ਤੇ ਆਪਣਾ ਫੈਸਲਾ ਕਰਨ ਦੀ "ਚੋਣ ਦੀ ਆਜ਼ਾਦੀ" ਹੈ । ਮੀਡੀਆ ਨਾਲ ਗੱਲ ਕਰਦੇ ਹੋਏ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਰਤ ਦੇ ਰੂਸ ਨਾਲ ਲੰਬੇ ਸਮੇਂ ਤੋਂ ਸਬੰਧ ਹਨ ਜੋ ਹਿੱਤਾਂ ਦੀ ਨੇੜਤਾ 'ਤੇ ਅਧਾਰਤ ਹਨ । ਇਸ ਸੰਸਾਰ ਦੇ ਸਾਰੇ ਦੇਸ਼ਾਂ ਨੂੰ ਚੋਣ ਕਰਨ ਦੀ ਆਜ਼ਾਦੀ ਹੈ ਕਿ ਉਨ੍ਹਾਂ ਕਿਸ ਨਾਲ ਕਿਹੋ ਜਿਹੇ ਸਬੰਧ ਰੱਖਣੇ ਨੇ । ਹਰ ਕਿਸੇ ਲਈ ਅਜਿਹੀਆਂ ਹਕੀਕਤਾਂ ਨੂੰ ਧਿਆਨ ਵਿੱਚ ਰੱਖਣਾ ਅਤੇ ਉਨ੍ਹਾਂ ਦੀ ਕਦਰ ਕਰਨਾ ਜ਼ਰੂਰੀ ਹੈ ।” ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਦੀ ਸੁਣਵਾਈ ਦੌਰਾਨ, ਦੱਖਣੀ ਅਤੇ ਮੱਧ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਸਕੋ ਦੀ ਹਾਲੀਆ ਰਾਜ ਯਾਤਰਾ 'ਤੇ ਨਿਰਾਸ਼ਾ ਜ਼ਾਹਰ ਕੀਤੀ ਸੀ । ਲੂ ਨੇ ਇਸ ਬਿਆਨ ਬਾਰੇ ਖੁੱਲ੍ਹਕੇ ਬੋਲਦੇ ਹੋਏ ਕਿਹਾ ਕਿ ਇਹ ਦੌਰਾ ਉਦੋਂ ਹੋਇਆ ਜਦੋਂ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੱਚਿਆਂ ਦੇ ਹਸਪਤਾਲ 'ਤੇ ਹਮਲਾ ਕੀਤਾ । ਅਮਰੀਕੀ ਅਧਿਕਾਰੀ ਨੇ ਇਹ ਵੀ ਨੋਟ ਕੀਤਾ ਕਿ ਭਾਰਤ ਨੇ ਕਿਸੇ ਵੱਡੇ ਰੱਖਿਆ ਸੌਦੇ ਜਾਂ ਤਕਨਾਲੋਜੀ ਸਹਿਯੋਗ 'ਤੇ ਦਸਤਖਤ ਨਹੀਂ ਕੀਤੇ , ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪੁਤਿਨ ਨੂੰ ਲਾਈਵ ਟੈਲੀਵਿਜ਼ਨ 'ਤੇ ਕਿਹਾ ਕਿ ਜੰਗ ਜੰਗ ਦੇ ਮੈਦਾਨ 'ਤੇ ਨਹੀਂ ਜਿੱਤੀ ਜਾ ਸਕਦੀ ।