ਪੰਜਾਬ, ਹਰਿਆਣਾ ਸਣੇ ਕਈ ਥਾਵਾਂ 'ਤੇ ਵਰ੍ਹੇਗਾ ਜ਼ੋਰਦਾਰ ਮੀਂਹ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ

ਹਰਿਆਣਾ 'ਚ ਮਾਨਸੂਨ ਨੇ ਦਸਤਕ ਦਿੱਤੀ ਹੋਈ ਹੈ। 7 ਦਿਨਾਂ ਵਿੱਚ 56 ਫੀਸਦੀ ਮੀਂਹ ਦੀ ਕਮੀ ਪੂਰੀ ਹੋ ਗਈ ਹੈ। ਮਾਨਸੂਨ ਨੇ 28 ਜੂਨ ਨੂੰ ਹਰਿਆਣਾ ਵਿੱਚ ਦਸਤਕ ਦਿੱਤੀ ਸੀ।

Update: 2024-07-04 13:06 GMT

ਚੰਡੀਗੜ੍ਹ: ਹਰਿਆਣਾ 'ਚ ਮਾਨਸੂਨ ਨੇ ਦਸਤਕ ਦਿੱਤੀ ਹੋਈ ਹੈ। 7 ਦਿਨਾਂ ਵਿੱਚ 56 ਫੀਸਦੀ ਮੀਂਹ ਦੀ ਕਮੀ ਪੂਰੀ ਹੋ ਗਈ ਹੈ। ਮਾਨਸੂਨ ਨੇ 28 ਜੂਨ ਨੂੰ ਹਰਿਆਣਾ ਵਿੱਚ ਦਸਤਕ ਦਿੱਤੀ ਸੀ, ਜਦੋਂ ਇੱਥੇ 92% ਬਾਰਸ਼ ਦੀ ਕਮੀ ਸੀ, ਹੁਣ ਇਹ ਘਟ ਕੇ 36% ਰਹਿ ਗਈ ਹੈ। ਸੂਬੇ ਵਿੱਚ ਮਾਨਸੂਨ ਸੀਜ਼ਨ ਦੌਰਾਨ 41.2 ਮਿਲੀਮੀਟਰ ਵਰਖਾ ਹੋ ਗਈ ਹੈ। ਸੂਬੇ ਵਿੱਚ 4 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ 'ਚ 24 ਘੰਟਿਆਂ 'ਚ 2.9 ਮਿਲੀਮੀਟਰ ਬਾਰਿਸ਼ ਹੋਈ ਹੈ। ਮੀਂਹ ਪੈਣ ਕਰਕੇ ਸੂਬੇ ਵਿੱਚ ਪਾਰਾ ਆਮ ਨਾਲੋਂ 2.7 ਡਿਗਰੀ ਹੇਠਾਂ ਆ ਗਿਆ ਹੈ।ਉੱਥੇ ਹੀ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ

ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਗੁਰੂਗ੍ਰਾਮ, ਪਟੌਦੀ, ਝੱਜਰ, ਬਹਾਦਰਗੜ੍ਹ, ਸਾਂਪਲਾ, ਹਿਸਾਰ, ਨਾਰਨੌਦ, ਖਰਖੌਦਾ, ਸੋਨੀਪਤ, ਕਰਨਾਲ, ਸਫੀਦੀ, ਜੀਂਦ, ਅਸੰਧ, ਕੈਥਲ, ਨੀਲੋਖੇਰੀ, ਨਰਵਾਣਾ, ਟੋਹਾਣਾ, ਕਲਾਇਤ, ਥਾਨੇਸਰ, ਗੁਹਲਾ, ਪਿਹੋਵਾ, ਸ਼ਾਹਬਾਦ, ਅੰਬਾਲਾ 'ਚ ਬਾਰਿਸ਼ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਹੋਰ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ।

ਹਿਮਾਚਲ ਦੇ ਪੰਜ ਜ਼ਿਲ੍ਹਿਆਂ ਸ਼ਿਮਲਾ, ਮੰਡੀ, ਸੋਲਨ, ਬਿਲਾਸਪੁਰ ਅਤੇ ਊਨਾ ਵਿੱਚ ਪਿਛਲੇ 48 ਘੰਟਿਆਂ ਦੌਰਾਨ ਚੰਗੀ ਬਾਰਿਸ਼ ਹੋਈ ਹੈ। ਇਸ ਕਾਰਨ ਕਾਫੀ ਤਬਾਹੀ ਹੋਈ ਹੈ, ਖਾਸ ਤੌਰ 'ਤੇ ਮੰਡੀ 'ਚ ਮੰਗਲਵਾਰ ਰਾਤ ਨੂੰ ਪਏ ਭਾਰੀ ਮੀਂਹ ਕਾਰਨ ਪੰਡੋਹ ਨੇੜੇ ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਫਿਰ ਤੋਂ ਖਤਰਾ ਬਣ ਗਿਆ ਹੈ। ਮੀਂਹ ਤੋਂ ਬਾਅਦ ਮੰਡੀ ਜ਼ਿਲ੍ਹੇ ਦੀਆਂ 60 ਸੜਕਾਂ ਵਾਹਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਅਗਲੀ 9 ਜੁਲਾਈ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ। ਖਾਸ ਤੌਰ 'ਤੇ ਕੱਲ੍ਹ ਅਤੇ ਪਰਸੋਂ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਜ਼ਾਹਿਰ ਹੈ ਕਿ ਇਸ ਨਾਲ ਸੂਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ।

ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ

ਮੌਸਮ ਵਿਭਾਗ ਨੇ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਮੁਹਾਲੀ, ਰੋਪੜ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਸ਼ਾਮਲ ਹਨ। ਭਲਕੇ ਵੀ ਰਾਜ ਦੇ ਮਾਝਾ ਅਤੇ ਦੋਆਬਾ ਦੇ ਪੰਜ ਜ਼ਿਲ੍ਹਿਆਂ ਵਿੱਚ ਬਰਸਾਤ ਜਾਰੀ ਰਹੇਗੀ। ਹਾਲਾਂਕਿ ਬਾਕੀ ਜ਼ਿਲ੍ਹਿਆਂ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।ਚੰਡੀਗੜ੍ਹ ਵਿੱਚ ਵੀ ਦੋ ਦਿਨਾਂ ਤੱਕ ਮੌਸਮ ਸੁਹਾਵਣਾ ਰਹਿਣ ਵਾਲਾ ਹੈ। ਬਾਰਿਸ਼ ਦੇ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਤਾਪਮਾਨ 'ਚ ਗਿਰਾਵਟ ਆਵੇਗੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

Tags:    

Similar News