YouTuber Death: ਮਸ਼ਹੂਰ ਯੂਟਿਊਬਰ ਦਾ ਸਿਰ ਧੜ ਤੋਂ ਹੋ ਗਿਆ ਵੱਖ, 140 ਦੀ ਰਫ਼ਤਾਰ ਨਾਲ ਚਲਾ ਰਿਹਾ ਸੀ ਮੋਟਰ ਸਾਈਕਲ
ਮਹਿਜ਼ ਚਾਰ ਦਿਨ ਪਹਿਲਾਂ ਖਰੀਦੀ ਸੀ ਨਵੀਂ ਬਾਈਕ
YouTuber Tragic Death: ਨਵੀਂ ਪੀੜੀ ਦੇ ਸਿਰ 'ਤੇ ਅੱਜ ਕੱਲ ਰੀਲ ਬਣਾ ਕੇ ਮਸ਼ਹੂਰ ਹੋਣ ਦਾ ਭੂਤ ਸਵਾਰ ਹੈ। ਇਸ ਚੱਕਰ ਵਿੱਚ ਕਈ ਆਪਣੀ ਜਾਨ ਵੀ ਗਵਾ ਚੁੱਕੇ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਹਾਦਸਾ ਗੁਜਰਾਤ ਵਿੱਚ ਸਾਹਮਣੇ ਹੋਇਆ ਹੈ। ਗੁਜਰਾਤ ਦੇ ਸੂਰਤ ਵਿੱਚ ਇੱਕ ਬਾਈਕ ਵਲੌਗਰ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆਪਣੀ ਸਾਈਕਲ ਚਲਾ ਰਿਹਾ ਸੀ। ਅਚਾਨਕ ਉਸ ਦੀ ਬਾਈਕ ਬੇਕਾਬੂ ਹੋ ਗਈ ਅਤੇ ਉਹ ਬੁਰੀ ਤਰ੍ਹਾਂ ਡਿੱਗ ਪਿਆ। ਬਦਕਿਸਮਤੀ ਵਾਲੀ ਗੱਲ ਤਾਂ ਇਹ ਹੈ ਕਿ 18 ਸਾਲਾਂ ਦਾ ਪ੍ਰਿੰਸ 4 ਦਿਨ ਪਹਿਲਾਂ ਹੀ ਬਾਈਕ ਖ਼ਰੀਦ ਕੇ ਲਿਆਇਆ ਸੀ। ਇਹ ਹਾਦਸਾ ਸੂਰਤ ਦੇ ਗ੍ਰੇਟਰ ਲੀਨੀਅਰ ਬ੍ਰਿਜ ਦੇ ਨੇੜੇ ਮਲਟੀ-ਫਲਾਈਓਵਰ 'ਤੇ ਵਾਪਰਿਆ।
ਪ੍ਰਿੰਸ ਰੇਸਰ ਮੋਟਰ ਸਾਈਕਲਾਂ ਦਾ ਸ਼ੌਕੀਨ ਸੀ ਅਤੇ ਆਪਣੀ ਨਵੀਂ KTM ਬਾਈਕ ਬਾਰੇ ਚਾਰ ਦਿਨ ਪਹਿਲਾਂ ਪੋਸਟ ਪਾਈ ਸੀ। ਇਹ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪ੍ਰਿੰਸ
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਿ ਜਿੰਨੇਂ ਲੋਕਾਂ ਨੇ ਇਸ ਨੂੰ ਦੇਖਿਆ ਉਨ੍ਹਾਂ ਦੀ ਰੂਹ ਕੰਬ ਗਈ। ਹਾਦਸੇ ਵਿੱਚ ਪ੍ਰਿੰਸ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ 18 ਸਾਲਾ ਪ੍ਰਿੰਸ ਪਟੇਲ PKR Vlogger ਦੇ ਨਾਮ ਨਾਲ ਆਪਣਾ ਯੂਟਿਊਬ ਚੈਨਲ ਚਲਾ ਰਿਹਾ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਪ੍ਰਿੰਸ ਸੋਸ਼ਲ ਮੀਡੀਆ ਇੰਫਲੂਐਂਸਰ ਵਜੋਂ ਜਾਣਿਆ ਜਾਂਦਾ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ।
ਨਵੀਂ ਮੋਟਰ ਸਾਈਕਲ ਦਾ ਨਾਮ ਲੈਲਾ ਰੱਖਿਆ ਸੀ
ਪ੍ਰਿੰਸ ਨੂੰ ਆਪਣੀ KTM ਡਿਊਕ ਬਾਈਕ ਬਹੁਤ ਪਸੰਦ ਸੀ, ਜਿਸਦਾ ਨਾਮ ਉਸਨੇ ਲੈਲਾ ਰੱਖਿਆ ਸੀ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਸੀ ਜਦੋਂ ਪ੍ਰਿੰਸ ਨੇ ਇੰਨੀ ਤੇਜ਼ ਰਫ਼ਤਾਰ ਨਾਲ ਬਾਈਕ ਚਲਾਈ ਹੋਵੇ। ਸੋਸ਼ਲ ਮੀਡੀਆ 'ਤੇ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਟੰਟ ਕਰਦੇ ਹੋਏ ਉਸ ਦੀਆਂ ਕਈ ਪੁਰਾਣੀਆਂ ਵੀਡੀਓਜ਼ ਪਈਆਂ ਹਨ।
ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ
ਪੁਲਿਸ ਨੇ ਭਿਆਨਕ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਪ੍ਰਾਪਤ ਕੀਤੀ ਹੈ। ਸੀਸੀਟੀਵੀ ਫੁਟੇਜ ਵਿੱਚ ਪ੍ਰਿੰਸ ਆਪਣੀ ਬਾਈਕ 'ਤੇ ਗ੍ਰੇਟਰ ਲਾਈਨਰ ਫਲਾਈਓਵਰ ਤੋਂ ਹੇਠਾਂ ਉਤਰਦੇ ਹੋਏ ਸਾਫ਼ ਦਿਖਾਈ ਦੇ ਰਿਹਾ ਹੈ। ਉਹ ਕੰਟਰੋਲ ਗੁਆ ਬੈਠਾ ਅਤੇ ਸੜਕ 'ਤੇ ਡਿੱਗ ਪਿਆ। ਉਸਦੀ ਬਾਈਕ ਡਿਵਾਈਡਰ ਨਾਲ ਟਕਰਾ ਗਈ। ਜਦੋਂ ਪ੍ਰਿੰਸ ਕੰਟਰੋਲ ਗੁਆ ਬੈਠਾ, ਤਾਂ ਉਸਦਾ ਸਿਰ ਸੜਕ 'ਤੇ ਇੰਨੀ ਜ਼ੋਰ ਨਾਲ ਟਕਰਾ ਗਿਆ ਕਿ ਸਿਰ ਧੜ ਤੋਂ ਵੱਖ ਹੋ ਗਿਆ। ਪੁਲਿਸ ਨੇ ਦੱਸਿਆ ਕਿ ਹਾਦਸਾ ਵਾਪਰਨ ਵੇਲੇ ਪ੍ਰਿੰਸ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ।