ਪੰਜਾਬ ਦੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਜੀਜੇ ਨਟਵਰ ਸਿੰਘ ਦਾ ਦੇਹਾਂਤ

ਯੂਪੀਏ ਸਰਕਾਰ ਵਿਚ ਵਿਦੇਸ਼ ਮੰਤਰੀ ਰਹੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੀਜਾ ਕੇ. ਨਟਵਰ ਸਿੰਘ ਦਾ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ।

Update: 2024-08-11 13:33 GMT

ਨਵੀਂ ਦਿੱਲੀ : ਯੂਪੀਏ ਸਰਕਾਰ ਵਿਚ ਵਿਦੇਸ਼ ਮੰਤਰੀ ਰਹੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੀਜਾ ਕੇ. ਨਟਵਰ ਸਿੰਘ ਦਾ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਨਟਵਰ ਸਿੰਘ ਨੂੰ ਕਰੀਬ ਦੋ ਹਫਤੇ ਪਹਿਲਾਂ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਦੇਰ ਰਾਤ ਆਖ਼ਰੀ ਸਾਹ ਲਏ। ਨਟਵਰ ਸਿੰਘ 2004-05 ਵਿੱਚ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵਿੱਚ ਵਿਦੇਸ਼ ਮੰਤਰੀ ਵਜੋਂ ਸੇਵਾ ਨਿਭਾਅ ਚੁੱਕੇ ਸਨ। ਉਨ੍ਹਾਂ ਨੂੰ 1953 ਵਿਚ ਭਾਰਤੀ ਵਿਦੇਸ਼ ਸੇਵਾ ਵਿਚ ਚੁਣਿਆ ਗਿਆ ਸੀ, ਜਿਸ ਨੂੰ ਉਨ੍ਹਾਂ ਨੇ 1984 ਵਿੱਚ ਛੱਡ ਕੇ ਰਾਜਨੀਤੀ ਵਿਚ ਪੈਰ ਰੱਖ ਲਿਆ ਸੀ।

ਨਟਵਰ ਸਿੰਘ ਨੇ ਰਾਜਸਥਾਨ ਦੇ ਭਰਤਪੁਰ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ, ਜਿੱਥੋਂ ਜਿੱਤ ਹਾਸਲ ਕਰਕੇ ਉਹ ਲੋਕ ਸਭਾ ਮੈਂਬਰ ਬਣੇ ਸਨ। 1985 ਵਿੱਚ ਉਨ੍ਹਾਂ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਉਨ੍ਹਾਂ ਨੂੰ ਕੇਂਦਰ ਵਿਚ ਸਟੀਲ, ਕੋਲਾ ਅਤੇ ਖਾਣਾਂ ਅਤੇ ਖੇਤੀਬਾੜੀ ਮੰਤਰਾਲੇ ਸੌਂਪੇ ਗਏ ਸੀ। ਇਸ ਤੋਂ ਬਾਅਦ ਸੰਨ 1986 ਵਿੱਚ ਉਹ ਵਿਦੇਸ਼ ਰਾਜ ਮੰਤਰੀ ਬਣੇ। ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਐ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਦਿੱਲੀ ’ਚ ਕਰ ਦਿੱਤਾ ਗਿਆ।

22 ਸਾਲ ਦੀ ਉਮਰ ਵਿੱਚ 1953 ਵਿਚ ਆਈਐਫਐਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਟਵਰ ਸਿੰਘ ਨੇ ਸੰਨ 1973-77 ਦੌਰਾਨ ਯੂਕੇ ਵਿੱਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਵਜੋਂ ਸੇਵਾ ਕੀਤੀ ਅਤੇ ਫਿਰ ਜ਼ੈਂਬੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਨ੍ਹਾ ਨੇ ਸੰਨ 1980-82 ਦੌਰਾਨ ਪਾਕਿਸਤਾਨ ਵਿੱਚ ਭਾਰਤ ਦੇ ਰਾਜਦੂਤ ਵਜੋਂ ਵੀ ਕੰਮ ਕੀਤਾ।

ਨਟਵਰ ਸਿੰਘ ਨੇ ਸੇਂਟ ਸਟੀਫਨ ਕਾਲਜ, ਦਿੱਲੀ ਅਤੇ ਕੈਮਬ੍ਰਿਜ, ਯੂਕੇ ਤੋਂ ਇਤਿਹਾਸ ਦੀ ਪੜ੍ਹਾਈ ਕੀਤੀ ਹੋਈ ਸੀ। ਇਸ ਤੋਂ ਇਲਾਵਾ ਚੀਨ ਦੀ ਪੇਕਿੰਗ ਯੂਨੀਵਰਸਿਟੀ ਤੋਂ ਵੀ ਉਚ ਸਿੱਖਿਆ ਹਾਸਲ ਕੀਤੀ ਹੋਈ ਸੀ। ਉਨ੍ਹਾਂ ਨੂੰ 1983 ਵਿੱਚ ਨਵੀਂ ਦਿੱਲੀ ਵਿੱਚ ਗੈਰ-ਗਠਜੋੜ ਸੰਮੇਲਨ ਦੀ ਤਿਆਰੀ ਕਮੇਟੀ ਦੇ ਮੁਖੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਦਾ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਦਿੱਤਾ ਗਿਆ ਸੀ।

Tags:    

Similar News