ਗੁਜਰਾਤ ਦੇ 31 ਸਕੂਲਾਂ ਨੂੰ ਬੰਬ ਨਾਲ਼ ਉਡਾਉਣ ਦੀ ਧਮਕੀ, ਵਰਤਿਆ 'ਖ਼ਾਲਿਸਤਾਨ' ਦਾ ਨਾਂਅ
ਗੁਜਰਾਤ ਵਿੱਚ ਸੋਮਵਾਰ ਨੂੰ ਉਸ ਵੇਲੇ ਇੱਕ ਵੱਡਾ ਸੁਰੱਖਿਆ ਸੰਕਟ ਪੈਦਾ ਹੋ ਗਿਆ, ਜਦੋਂ ਅਹਿਮਦਾਬਾਦ ਅਤੇ ਵਡੋਦਰਾ ਦੇ ਘੱਟੋ-ਘੱਟ 31 ਸਕੂਲਾਂ ਨੂੰ ਈ–ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਤੋਂ ਬਾਅਦ ਗੁਜਰਾਤ ਸਰਕਾਰ, ਖ਼ਾਸ ਕਰਕੇ ਪੁਲਿਸ ਪ੍ਰਸ਼ਾਸਨ 'ਚ ਭਾਜੜ ਮੱਚ ਗਈ।
'ਖ਼ਾਲਿਸਤਾਨ' ਦੇ ਨਾਂਅ 'ਤੇ ਦਿੱਤੀ ਗਈ ਧਮਕੀ
ਗੁਜਰਾਤ ਪ੍ਰਸ਼ਾਸਨ ਤੇ ਪੁਲਿਸ ਨੂੰ ਪਈਆਂ ਭਾਜੜਾਂ
ਵਡੋਦਰਾ/ਅਹਿਮਦਾਬਾਦ (ਗੁਜਰਾਤ): ਗੁਜਰਾਤ ਵਿੱਚ ਸੋਮਵਾਰ ਨੂੰ ਉਸ ਵੇਲੇ ਇੱਕ ਵੱਡਾ ਸੁਰੱਖਿਆ ਸੰਕਟ ਪੈਦਾ ਹੋ ਗਿਆ, ਜਦੋਂ ਅਹਿਮਦਾਬਾਦ ਅਤੇ ਵਡੋਦਰਾ ਦੇ ਘੱਟੋ-ਘੱਟ 31 ਸਕੂਲਾਂ ਨੂੰ ਈ–ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਤੋਂ ਬਾਅਦ ਗੁਜਰਾਤ ਸਰਕਾਰ, ਖ਼ਾਸ ਕਰਕੇ ਪੁਲਿਸ ਪ੍ਰਸ਼ਾਸਨ 'ਚ ਭਾਜੜ ਮੱਚ ਗਈ।
ਧਮਕੀ ਭਰੇ ਈ–ਮੇਲ ਸੁਨੇਹਿਆਂ 'ਚ ਬਾਕਾਇਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਪੱਸ਼ਟ ਤੌਰ 'ਤੇ ਧਮਕੀ ਦਿੰਦਿਆਂ ਆਖਿਆ ਗਿਆ ਹੈ ਕਿ ਗੁਜਰਾਤ ਦੀ ਇੱਕ ਸਬ–ਡਿਵੀਜ਼ਨ ਵਿੱਚ ਤੁਰੰਤ 'ਖ਼ਾਲਿਸਤਾਨ' ਬਣਾਇਆ ਜਾਵੇ।
ਅਜਿਹਾ ਨਾ ਕਰਨ ਦੀ ਹਾਲਤ ਵਿੱਚ ਬੰਬ ਨਾਲ਼ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਹੈ। ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਗੁਜਰਾਤ ਨੂੰ ਖਾਲਿਸਤਾਨੀ ਰਾਜ ਵਿੱਚ ਬਦਲ ਦਿੱਤਾ ਜਾਵੇਗਾ।
ਮੇਲ ਵਿੱਚ ਕਥਿਤ ਤੌਰ 'ਤੇ ਸਕੂਲਾਂ ਨੂੰ ਭਾਰਤੀ ਤਿਰੰਗਾ ਲਹਿਰਾਉਣ ਵਿਰੁੱਧ ਚੇਤਾਵਨੀਆਂ ਵੀ ਸ਼ਾਮਲ ਹਨ। ਧਮਕੀਆਂ ਮਿਲਣ 'ਤੇ, ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ, ਅਤੇ ਸਾਰੇ ਪ੍ਰਭਾਵਿਤ ਸਕੂਲਾਂ ਨੇ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ।
ਹਜ਼ਾਰਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕਲਾਸਾਂ ਤੋਂ ਬਾਹਰ ਕੱਢਿਆ ਗਿਆ ਕਿਉਂਕਿ ਮਾਪੇ ਘਬਰਾ ਗਏ ਸਨ ਅਤੇ ਆਪਣੇ ਬੱਚਿਆਂ ਨੂੰ ਲੈਣ ਲਈ ਭੱਜੇ ਸਨ।
ਜਿਨ੍ਹਾਂ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਵਡੋਦਰਾ ਦੇ 11 ਤੋਂ ਵੱਧ ਸਥਾਨ ਸ਼ਾਮਲ ਹਨ, ਜਿਵੇਂ ਕਿ ਡੀ.ਆਰ. ਅਮੀਨ, ਉਰਮੀ ਸਕੂਲ, ਨਾਲੰਦਾ, ਬੜੌਦਾ ਹਾਈ ਸਕੂਲ, ਨਵਯੁਗ ਇੰਗਲਿਸ਼ ਮੀਡੀਅਮ, ਜੀਵਨ ਸਾਧਨਾ, ਈਡਬਲਯੂਐਸ, ਸ਼ੈਨੇਨ, ਜ਼ਿਲ੍ਹਾ ਪੀ.ਐਸ - ਟਾਈਗਰ, ਅਤੇ ਬ੍ਰਾਈਟ ਡੇ।
ਅਹਿਮਦਾਬਾਦ ਵਿੱਚ 20 ਤੋਂ ਵੱਧ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਵੇਂ ਕਿ ਐਸਜੀਵੀਪੀ, ਨਿਰਮਾ ਯੂਨੀਵਰਸਿਟੀ, ਏਜੀ ਇੰਟਰਨੈਸ਼ਨਲ, ਜੇਜੀ ਇੰਟਰਨੈਸ਼ਨਲ, ਦੀਵਾਨ ਬਾਲੂਭਾਈ, ਸੀ.ਐਨ. ਵਿਦਿਆਲਿਆ, ਵਿਜੇਨਗਰ ਸਕੂਲ, ਅਤੇ ਖਾਲਸਾ ਲਿਟਰ ਸਕੂਲ।
ਬੰਬ ਨਕਾਰਾ ਕਰਨ ਵਾਲ਼ੇ ਦਸਤੇ ਅਤੇ ਸੂਹੀਆ ਕੁੱਤਿਆਂ ਦੀਆਂ ਯੂਨਿਟਾਂ ਨੂੰ ਹਰੇਕ ਖਤਰੇ ਵਾਲੇ ਸਕੂਲ ਸਥਾਨ 'ਤੇ ਤਾਇਨਾਤ ਕੀਤਾ ਗਿਆ ਹੈ।
ਉੱਚ-ਪੱਧਰੀ ਸੁਰੱਖਿਆ ਤੇ ਚੌਕਸੀ ਮੁਹਿੰਮ ਚਲਾਈ ਗਈ ਹੈ। ਸਾਈਬਰ ਕ੍ਰਾਈਮ ਬ੍ਰਾਂਚ ਨੇ ਈ–ਮੇਲਾਂ ਦੇ ਸਰੋਤ ਦਾ ਪਤਾ ਲਾਉਣ ਲਈ ਆਪਣੇ ਪੱਧਰ ਉਤੇ ਜਾਂਚ ਅਰੰਭ ਕਰ ਦਿੱਤੀ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ,"ਅਸੀਂ ਇਨ੍ਹਾਂ ਈ–ਮੇਲਾਂ ਦੇ ਮੂਲ ਦੀ ਜਾਂਚ ਕਰ ਰਹੇ ਹਾਂ, ਜੋ ਭੇਜਣ ਵਾਲਿਆਂ ਦੀ ਪਛਾਣ ਲੁਕਾਉਣ ਲਈ ਅੰਤਰਰਾਸ਼ਟਰੀ ਸਰਵਰਾਂ ਰਾਹੀਂ ਭੇਜੇ ਗਏ ਜਾਪਦੇ ਹਨ।"
ਗੁਜਰਾਤ ਦੇ ਮੁੱਖ ਸਥਾਨਾਂ ਉਤੇ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।