ਅਮਰੀਕਾ ਨੇ ਡਿਪੋਰਟ ਕੀਤੇ 18,822 ਭਾਰਤੀ
ਅਮਰੀਕਾ ਤੋਂ 18,822 ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਟਰੰਪ ਸਰਕਾਰ ਦੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੀ ਤਾਂ ਦੇਸ਼ ਨਿਕਾਲੇ ਦੇ ਸਾਰੇ ਰਿਕਾਰਡ ਟੁੱਟ ਜਾਣਗੇ।
ਵਾਸ਼ਿੰਗਟਨ : ਅਮਰੀਕਾ ਤੋਂ 18,822 ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਟਰੰਪ ਸਰਕਾਰ ਦੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੀ ਤਾਂ ਦੇਸ਼ ਨਿਕਾਲੇ ਦੇ ਸਾਰੇ ਰਿਕਾਰਡ ਟੁੱਟ ਜਾਣਗੇ। ਜੀ ਹਾਂ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਸੰਸਦ ਵਿਚ ਪੇਸ਼ ਅੰਕੜਿਆਂ ਮੁਤਾਬਕ 28 ਨਵੰਬਰ ਤੱਕ ਟਰੰਪ ਸਰਕਾਰ 3,258 ਭਾਰਤੀਆਂ ਨੂੰ ਅਮਰੀਕਾ ਵਿਚੋਂ ਕੱਢ ਚੁੱਕੀ ਹੈ ਅਤੇ 2009 ਤੋਂ ਬਾਅਦ ਕਿਸੇ ਵੀ ਵਰ੍ਹੇ ਦਾ ਇਹ ਸਭ ਤੋਂ ਉਚਾ ਅੰਕੜਾ ਮੰਨਿਆ ਜਾ ਰਿਹਾ ਹੈ। ਟਰੰਪ ਸਰਕਾਰ ਵੱਲੋਂ ਅਮਰੀਕਾ ਤੋਂ ਡਿਪੋਰਟ ਭਾਰਤੀਆਂ ਵਿਚੋਂ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਅਤੇ ਹਰਿਆਣੇ ਵਾਲਿਆਂ ਦੀ ਹੈ। ਡਿਪੋਰਟ ਹੋ ਕੇ ਭਾਰਤ ਪੁੱਜੇ ਜ਼ਿਆਦਾਤਰ ਭਾਰਤੀ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਦਕਿ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵਾਪਸੀ ਨਾ ਕਰਨ ਵਾਲੇ ਅਤੇ ਅਪਰਾਧਕ ਮਾਮਲਿਆਂ ਵਿਚ ਦੋਸ਼ੀ ਕਰਾਰ ਦਿਤੇ ਭਾਰਤੀ ਨਾਗਰਿਕ ਵੀ ਸ਼ਾਮਲ ਸਨ। ਮੌਜੂਦਾ ਵਰ੍ਹੇ ਦੌਰਾਨ ਡਿਪੋਰਟ ਭਾਰਤੀ ਨਾਗਰਿਕਾਂ ਵਿਚੋਂ 2,032 ਕਮਰਸ਼ੀਅਲ ਫਲਾਈਟਸ ਰਾਹੀਂ ਦਿੱਲੀ ਪੁੱਜੇ ਜਦਕਿ 1,226 ਨੂੰ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਚਾਰਟਰਡ ਫ਼ਲਾਈਟ ਜਾਂ ਫੌਜ ਦੇ ਜਹਾਜ਼ ਰਾਹੀਂ ਡਿਪੋਰਟ ਕੀਤਾ।
ਟਰੰਪ ਵੱਲੋਂ ਕੱਢੇ ਭਾਰਤੀਆਂ ਦਾ ਅੰਕੜਾ 3,258 ਤੋਂ ਟੱਪਿਆ
ਵਿਦੇਸ਼ ਮੰਤਰੀ ਨੇ ਦੱਸਿਆ ਕਿ ਡਿਪੋਰਟੇਸ਼ਨ ਫ਼ਲਾਈਟਸ ਰਾਹੀਂ ਲਖਵਿੰਦਰ ਸਿੰਘ ਅਤੇ ਅਨਮੋਲ ਬਿਸ਼ਨੋਈ ਵਰਗੇ ਭਗੌੜੇ ਅਪਰਾਧੀਆਂ ਨੂੰ ਵਾਪਸ ਲਿਆਉਣ ਵਿਚ ਵੀ ਮਦਦ ਮਿਲੀ। ਦੱਸ ਦੇਈਏ ਕਿ ਟਰੰਪ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨਾਲ ਲੱਦੀ ਪਹਿਲੀ ਫਲਾਈਟ 5 ਫ਼ਰਵਰੀ ਨੂੰ ਭੇਜੀ ਗਈ ਅਤੇ ਇਸ ਵਿਚ ਸਵਾਰ ਜ਼ਿਆਦਾਤਰ ਲੋਕਾਂ ਨੂੰ ਬੇੜੀਆਂ ਵਿਚ ਜਕੜਿਆ ਹੋਇਆ ਸੀ। ਉਧਰ ਅਮਰੀਕਾ ਸਰਕਾਰ ਆਪਣੀਆਂ ਨੀਤੀਆਂ ਨੂੰ ਜਾਇਜ਼ ਠਹਿਰਾਅ ਰਹੀ ਹੈ ਅਤੇ ਵਾਈਟ ਹਾਊਸ ਦਾ ਕਹਿਣਾ ਹੈ ਕਿ ਮੁਲਕ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਤਰੀਕੇ ਬਿਲਕੁਲ ਦਰੁਸਤ ਹਨ। ਮਨੁੱਖੀ ਤਸਕਰੀ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਦੱਸਿਆ ਕਿ ਪੰਜਾਬ ਵਿਚੋਂ ਸਭ ਤੋਂ ਵੱਧ ਨੌਜਵਾਨ ਨਾਜਾਇਜ਼ ਤਰੀਕੇ ਨਾਲ ਵਿਦੇਸ਼ਾਂ ਵੱਲ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਮਾਮਲੇ ਦੀ ਪੜਤਾਲ ਲਈ ਐਸ.ਆਈ.ਟੀ. ਗਠਤ ਕੀਤੀ ਗਈ ਹੈ। ਪੰਜਾਬ ਪੁਲਿਸ ਵੱਲੋਂ 58 ਗੈਰਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕੇਸ ਦਰਜ ਕਰਦਿਆਂ 16 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਦਕਿ ਹਰਿਆਣਾ ਵਿਚ ਵੀ ਮਨੁੱਖੀ ਤਸਕਰੀ ਦੇ 2,325 ਮਾਮਲੇ ਸਾਹਮਣੇ ਆਏ ਅਤੇ ਉਥੋਂ ਦੀ ਪੁਲਿਸ ਨੇ 44 ਮਾਮਲੇ ਦਰਜ ਕਰਦਿਆਂ 27 ਗ੍ਰਿਫ਼ਤਾਰੀਆਂ ਕੀਤੀਆਂ।
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਸੰਸਦ ਵਿਚ ਅੰਕੜਾ ਪੇਸ਼
ਦੂਜੇ ਪਾਸੇ ਅਮਰੀਕਾ ਸਰਕਾਰ ਵੱਲੋਂ ਐਚ-1ਬੀ ਵੀਜ਼ਾ ਨਾਲ ਸਬੰਧਤ ਨਵੇਂ ਨਿਯਮ 15 ਦਸੰਬਰ ਤੋਂ ਲਾਗੂ ਕੀਤੇ ਜਾ ਰਹੇ ਹਨ ਜਿਨ੍ਹਾਂ ਤਹਿਤ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ। ਜੇ ਕਿਸੇ ਬਿਨੈਕਾਰ ਦੀ ਸੋਸ਼ਲ ਮੀਡੀਆ ਸਰਗਰਮੀ ਅਮਰੀਕਾ ਵਿਰੁੱਧ ਨਜ਼ਰ ਆਈ ਤਾਂ ਵੀਜ਼ਾ ਅਰਜ਼ੀ ਸਿੱਧੇ ਤੌਰ ’ਤੇ ਰੱਦ ਕਰ ਦਿਤੀ ਜਾਵੇਗੀ। ਐਚ-1ਬੀ ਵੀਜ਼ਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਸੋਸ਼ਲ ਮੀਡੀਆ ਅਕਾਊਂਟਸ ਦੀ ਘੋਖ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਅਗਸਤ ਵਿਚ ਐਫ਼-1, ਐਮ-1 ਅਤੇ ਜੇ-1 ਵੀਜ਼ਾ ਸਣੇ ਵਿਜ਼ਟਰ ਵੀਜ਼ਾ ਲਈ ਸੋਸ਼ਲ ਮੀਡੀਆ ਪ੍ਰੋਫ਼ਾਈਲ ਦੀ ਚੈਕਿੰਗ ਲਾਜ਼ਮੀ ਕੀਤੀ ਜਾ ਚੁੱਕੀ ਹੈ। ਅਮਰੀਕਾ ਵੱਲੋਂ ਹਰ ਸਾਲ ਹਾਇਲੀ ਸਕਿਲਡ ਪ੍ਰੋਫ਼ੈਸ਼ਨਲਜ਼ ਨੂੰ ਜਾਰੀ ਕੀਤੇ ਜਾਂਦੇ ਵੀਜ਼ਿਆਂ ਵਿਚੋਂ 70 ਫ਼ੀ ਸਦੀ ਭਾਰਤੀ ਪੇਸ਼ੇਵਰਾਂ ਨੂੰ ਮਿਲਦੇ ਆਏ ਹਨ ਪਰ ਟਰੰਪ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ। ਸਿਰਫ਼ ਐਨਾ ਹੀ ਨਹੀਂ ਐਚ-1ਬੀ ਵੀਜ਼ਾ ਲਈ ਰਾਸ਼ਟਰਪਤੀ ਡੌਨਲਡ ਟਰੰਪ ਇਕ ਲੱਖ ਡਾਲਰ ਦੀ ਫ਼ੀਸ ਲਾਗੂ ਕਰ ਚੁੱਕੇ ਹਨ।