Simratt Kaur Randhawa: ਬਾਲੀਵੁੱਡ ਵਿੱਚ ਛਾਈ ਪੰਜਾਬ ਦੀ ਕੁੜੀ, ਇਸ ਫ਼ਿਲਮ ਚ ਦਮਦਾਰ ਐਕਟਿੰਗ ਨਾਲ ਜਿੱਤਿਆ ਸਭ ਦਾ ਦਿਲ
ਜਾਣੋ ਕੌਣ ਹੈ ਸਿਮਰਤ ਕੌਰ ਰੰਧਾਵਾ
Simratt Kaur Randhawa The Bengal Files: ਇੱਕ ਹੋਰ ਪੰਜਾਬਣ ਨੇ ਬਾਲੀਵੁਡ ਇੰਡਸਟਰੀ ਵਿੱਚ ਧਮਾਲਾਂ ਪਾ ਦਿੱਤੀਆਂ ਹਨ। ਇਹ ਪੰਜਾਬੀ ਮੁਟਿਆਰ ਦਾ ਨਾਮ ਹੈ ਸਿਮਰਤ ਕੌਰ ਰੰਧਾਵਾ। ਜੌ ਕਿ ਵਿਵੇਕ ਅਗਨੀਹੋਤਰੀ ਦੁਆਰਾ ਨਿਰਦੇਸ਼ਤ 'ਦ ਬੰਗਾਲ ਫਾਈਲਜ਼' ਵਿੱਚ ਐਕਟਿੰਗ ਕਰਦੀ ਨਜ਼ਰ ਆਈ ਹੈ। ਇਹ ਫਿਲਮ ਅੱਜ 5 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਫਿਲਮ ਨੂੰ ਯੂਜ਼ਰਸ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ, ਜੇਕਰ ਕੋਈ ਦਰਸ਼ਕਾਂ ਦਾ ਸਭ ਤੋਂ ਵੱਧ ਧਿਆਨ ਖਿੱਚ ਰਿਹਾ ਹੈ, ਤਾਂ ਉਹ ਸਿਮਰਤ ਕੌਰ ਰੰਧਾਵਾ ਹੀ ਹੈ, ਜੋ ਫਿਲਮ ਵਿੱਚ ਭਾਰਤੀ ਬੈਨਰਜੀ ਦਾ ਕਿਰਦਾਰ ਨਿਭਾ ਰਹੀ ਹੈ। ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਸਿਮਰਤ ਕੌਰ ਕੌਣ ਹੈ, ਤਾਂ ਆਓ ਜਾਣਦੇ ਹਾਂ।
ਸਿਮਰਤ ਕੌਰ ਰੰਧਾਵਾ ਦਾ ਜਨਮ 16 ਜੁਲਾਈ 1997 ਨੂੰ ਮੁੰਬਈ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਕੰਪਿਊਟਰ ਸਾਇੰਸ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਸਿਮਰਤ ਨੇ ਅਦਾਕਾਰੀ ਵੱਲ ਰੁਖ਼ ਕੀਤਾ ਅਤੇ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਅਦਾਕਾਰੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
ਸਿਮਰਤ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਤੇਲਗੂ ਫਿਲਮ ਨਾਲ ਕੀਤੀ। ਉਸਦੀ ਪਹਿਲੀ ਫਿਲਮ ਦਾ ਨਾਮ 'ਪ੍ਰੇਮਾਥੋ ਮੀ ਕਾਰਤਿਕ' ਸੀ, ਜੋ ਕਿ ਇੱਕ ਰੋਮਾਂਟਿਕ-ਡਰਾਮਾ ਫਿਲਮ ਸੀ। ਇਸ ਤੋਂ ਬਾਅਦ, ਸਿਮਰਤ ਨੇ 'ਪਰਚਾਇਮ', 'ਡਰਟੀ ਹਰੀ' ਅਤੇ 'ਬੰਗਰਾਜਮ' ਸਮੇਤ ਕਈ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ।
ਤੇਲਗੂ ਫਿਲਮਾਂ ਤੋਂ ਇਲਾਵਾ, ਸਿਮਰਤ ਕੌਰ ਪੰਜਾਬੀ ਸੰਗੀਤ ਵੀਡੀਓਜ਼ ਵਿੱਚ ਵੀ ਦਿਖਾਈ ਦਿੱਤੀ ਹੈ, ਜਿਸ ਵਿੱਚ ਹਿੰਮਤ ਸੰਧੂ ਦੁਆਰਾ ਗਾਏ ਗਏ 'ਬੁਰਜ ਖਲੀਫਾ' ਅਤੇ 'ਲਾਰਾ ਲੱਪਾ', ਜੀਜੀ ਸਿੰਘ ਦੁਆਰਾ 'ਲੋਫਰ' ਅਤੇ ਮੀਕਾ ਸਿੰਘ ਦੁਆਰਾ 'ਤੇਰੇ ਬਿਨ ਜ਼ਿੰਦਗੀ' ਵਰਗੇ ਗੀਤ ਸ਼ਾਮਲ ਹਨ।
ਤੇਲਗੂ, ਪੰਜਾਬੀ ਤੋਂ ਇਲਾਵਾ, ਅਦਾਕਾਰਾ ਨੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਸਿਮਰਤ ਕੌਰ ਨੇ 2023 ਵਿੱਚ ਰਿਲੀਜ਼ ਹੋਈ ਫਿਲਮ 'ਗਦਰ 2' ਵਿੱਚ ਉਤਕਰਸ਼ ਸ਼ਰਮਾ ਦੀ ਪਤਨੀ ਅਤੇ ਸੰਨੀ ਦਿਓਲ ਦੀ ਨੂੰਹ ਮੁਸਕਾਨ ਦੀ ਭੂਮਿਕਾ ਨਿਭਾਈ ਸੀ। ਇਸਨੇ ਉਸਨੂੰ ਪਛਾਣ ਵੀ ਦਿੱਤੀ। ਇਸ ਫਿਲਮ ਤੋਂ ਬਾਅਦ, ਅਦਾਕਾਰਾ ਨੇ 'ਵਨਵਾਸ' ਵਿੱਚ ਅਭਿਨੈ ਕੀਤਾ, ਜਿਸ ਵਿੱਚ ਨਾਨਾ ਪਾਟੇਕਰ ਮੁੱਖ ਭੂਮਿਕਾ ਵਿੱਚ ਸਨ, ਉਨ੍ਹਾਂ ਦੇ ਨਾਲ ਰਾਜਪਾਲ ਯਾਦਵ, ਖੁਸ਼ਬੂ ਸੁੰਦਰ ਅਤੇ ਅਸ਼ਵਨੀ ਕਲਸੇਕਰ ਸਨ।
ਸਿਮਰਤ ਕੌਰ ਇਸ ਸਮੇਂ 'ਦ ਬੰਗਾਲ ਫਾਈਲਜ਼' ਵਿੱਚ ਦਿਖਾਈ ਦੇ ਰਹੀ ਹੈ, ਜੋ ਅੱਜ 5 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਫਿਲਮ ਵਿੱਚ ਅਨੁਪਮ ਖੇਰ, ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ ਮੁੱਖ ਭੂਮਿਕਾਵਾਂ ਵਿੱਚ ਹਨ।