Rajvir Jwanda: ਰਾਜਵੀਰ ਜਵੰਧਾ ਦੀ ਮੌਤ ਨਾਲ ਗ਼ਮ 'ਚ ਡੁੱਬੇ ਪੰਜਾਬੀ ਸਟਾਰਜ਼, ਦਿੱਤੀ ਸ਼ਰਧਾਂਜਲੀ

ਸੋਨਮ ਬਾਜਵਾ ਤੋਂ ਪਰਮੀਸ਼ ਵਰਮਾ ਤੱਕ ਸਿਤਾਰਿਆਂ ਨੇ ਇੰਝ ਦਿੱਤੀ ਸ਼ਰਧਾਂਜਲੀ

Update: 2025-10-08 07:45 GMT

Punjabi Stars Mourn Rajvir Jwanda Death: ਪੰਜਾਬੀ ਗਾਇਕ ਰਾਜਵੀਰ ਜਵੰਧਾ ਦਾ 8 ਅਕਤੂਬਰ ਦੀ ਸਵੇਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ 11 ਦਿਨਾਂ ਤੱਕ ਵੈਂਟੀਲੇਟਰ 'ਤੇ ਜ਼ਿੰਦਗੀ ਦੀ ਜੰਗ ਲੜੀ ਅਤੇ 12ਵੇਂ ਦਿਨ ਹਾਰ ਗਏ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਮਨੋਰੰਜਨ ਜਗਤ ਨੂੰ ਵੱਡਾ ਘਾਟਾ ਪਿਆ ਹੈ। ਕਿਉਂਕਿ ਜਵੰਧੇ ਵਰਗੇ ਕਲਾਕਾਰ ਜੋ ਆਪਣੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਦਿਲੋਂ ਸੇਵਾ ਕਰ ਰਹੇ ਸੀ, ਰੋਜ਼-ਰੋਜ਼ ਨਹੀਂ ਜੰਮਦੇ। ਦੱਸ ਦਈਏ ਕਿ ਗਾਇਕ 35 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਦੁਨੀਆ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦੇ ਇਸ ਤਰ੍ਹਾਂ ਅਕਾਲ ਚਲਾਣੇ ਦੇ ਨਾਲ ਉਨ੍ਹਾਂ ਦੇ ਫ਼ੈਨਜ਼ ਦਾ ਦਿਲ ਟੁੱਟ ਗਿਆ ਹੈ। ਉਹ ਆਪਣੇ ਮਨਪਸੰਦ ਗਾਇਕ ਦੇ ਸੋਸ਼ਲ ਮੀਡੀਆ ਪੇਜ 'ਤੇ ਜਾ ਕੇ ਉਨ੍ਹਾਂ ਨੂੰ ਨਮ ਅੱਖਾਂ ਦੇ ਨਾਮ ਸ਼ਰਧਾਂਜਲੀ ਦੇ ਰਹੇ ਹਨ। ਇਸ ਦੇ ਨਾਲ ਨਾਲ ਜਵੰਧਾ ਦੀ ਬੇਵਕਤੀ ਮੌਤ ਕਾਰਨ ਪੰਜਾਬੀ ਮਨੋਰੰਜਨ ਜਗਤ ਵੀ ਸੋਗ ਵਿੱਚ ਡੁੱਬਿਆ ਨਜ਼ਰ ਆ ਰਿਹਾ ਹੈ। ਕਈ ਵੱਡੇ ਕਲਾਕਾਰਾਂ ਨੇ ਜਵੰਧਾ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ;ਤੇ ਸ਼ਰਧਾਂਜਲੀਆਂ ਦਿੱਤੀਆਂ ਹਨ। ਇਨ੍ਹਾਂ ਵਿੱਚ ਸੋਨਮ ਬਾਜਵਾ, ਨੀਰੂ ਬਾਜਵਾ, ਪਰਮਿਸ਼ ਵਰਮਾ ਅਤੇ ਹੋਰ ਕਈ ਵੱਡੇ ਸਿਤਾਰਿਆਂ ਦੇ ਨਾਮ ਸ਼ਾਮਲ ਹਨ, ਆਓ ਤੁਹਾਨੂੰ ਦੱਸਦੇ ਹਾਂ, ਕਿਸ ਨੇ ਕੀ ਕਿਹਾ:

ਸੋਨਮ ਬਾਜਵਾ : ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਜਵੰਧਾ ਦੀ ਤਸਵੀਰ ਸ਼ੇਅਰ ਕਰਕੇ ਲਿਿਖਿਆ, "ਇੱਕ ਨੌਜਵਾਨ, ਪ੍ਰਤਿਭਾਸ਼ਾਲੀ ਅਤੇ ਬਹੁਤ ਹੀ ਖ਼ੂਬਸੂਰਤ ਸ਼ਖ਼ਸੀਅਤ ਸਾਡੇ ਤੋਂ ਹਮੇਸ਼ਾ ਲਈ ਜੁਦਾ ਹੋ ਗਈ ਹੈ। ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦਵੇ।"




 ਪਰਮੀਸ਼ ਵਰਮਾ : ਪਰਮੀਸ਼ ਵਰਮਾ ਨੂੰ ਰਾਜਵੀਰ ਜਵੰਧਾ ਦੀ ਮੌਤ ਦਾ ਵੱਡਾ ਝਟਕਾ ਲੱਗਿਆ ਹੈ। ਗਾਇਕ ਤੇ ਐਕਟਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਡੀਪੀ ਯਾਨਿ ਪ੍ਰੋਫ਼ਾਈਲ ਫ਼ੋਟੋ ਹਟਾ ਦਿੱਤੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਰਾਜਵੀਰ ਜਵੰਧਾ ਦੀਆਂ ਤਸਵੀਰਾਂ ਸ਼ੇਅਰ ਕਰਕੇ ਇੱਕ ਲੰਬੀ ਪੋਸਟ ਵੀ ਲਿਖੀ, ਜਿਸ ਵਿੱਚ ਉਨ੍ਹਾਂ ਨੇ ਕਿਹਾ, "ਰਾਜਵੀਰ ਜਵੰਧਾ ਬਾਈ ਨੂੰ ਸਿਰਫ਼ ਆਰਆਈਪੀ ਨਾਲ ਹੀ ਵਿਦਾ ਨਹੀਂ ਕਰ ਸਕਦੇ। ਆਪਣੇ ਸੁਭਾਅ, ਕਲਾ, ਮੇਹਨਤ ਤੇ ਜਨੂੰਨ ਅਤੇ ਟੈਲੇਂਟ ਦਾ ਸਭ ਨੂੰ ਕਾਇਲ ਬਣਾ ਕੇ ਗਿਆ ਹੈ। ਉਸ ਦੀ ਜ਼ਿੰਦਗੀ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ ਹੈ। ਕਾਸ਼ ਇਹ ਗੱਲ ਇੱਕ ਸੁਪਨਾ ਨਿਕਲੇ ਅਤੇ ਤੇਰੀ ਮੌਤ ਦੀ ਖ਼ਬਰ ਝੂਠੀ ਹੋਵੇ।




 




ਨੀਰੂ ਬਾਜਵਾ : ਨੀਰੂ ਬਾਜਵਾ ਨੇ ਆਪਣੀ ਪੋਸਟ ਵਿੱਚ ਜਵੰਧੇ ਦੀ ਫੋਟੋ ਸ਼ੇਅਰ ਕੀਤੀ ਅਤੇ ਲਿਿਖਿਆ, "ਖ਼ੁਸ਼ਦਿਲ ਅਤੇ ਨੇਕ ਇਨਸਾਨ ਰਾਜਵੀਰ ਦਾ ਇੰਝ ਜਾਣਾ ਬਹੁਤ ਦੁਖਦਾਈ ਹੈ। ਅਲਵਿਦਾ ਪਿਆਰੇ ਰਾਜਵੀਰ।




 


ਗੁਰਪ੍ਰੀਤ ਘੁੱਗੀ : ਗੁਰਪ੍ਰੀਤ ਘੁੱਗੀ ਨੇ ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਦੀ ਮੌਤ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਨੇ ਲਿਿਖਆ ਸੀ, "ਮੌਤ ਕਲਹਿਣੀ ਜਿੱਤ ਗਈ, ਜਵੰਧਾ ਜ਼ਿੰਦਗੀ ਦੀ ਜੰਗ ਹਾਰ ਗਿਆ।"




ਮਨਕੀਰਤ ਔਲਖ : ਪੰਜਾਬੀ ਗਾਇਕ ਮਨਕੀਰਤ ਜਵੰਧਾ ਦੇ ਜਾਣ ਨਾਲ ਗ਼ਮ 'ਚ ਡੁੱਬੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪੋਸਟ ਵਿੱਚ ਜਵੰਧੇ ਦੀ ਤਸਵੀਰ ਸ਼ੇਅਰ ਕਰਕੇ ਕਿਹਾ, "ਸਾਡੇ ਵਿੱਚ ਨਹੀਂ ਰਿਹਾ ਸਾਡਾ ਬਹੁਤ ਹੀ ਅਜ਼ੀਜ਼ ਰਾਜਵੀਰ ਜਵੰਧਾ। ਅੱਜ ਦੁਨੀਆ ਤੋਂ ਇੱਕ ਅਣਮੁੱਲਾ ਹੀਰਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।"




 


ਗੁਰਨਾਮ ਭੁੱਲਰ: ਪੰਜਾਬੀ ਗਾਇਕ ਗੁਰਨਾਮ ਭੁੱਲਰ ਨੂੰ ਰਾਜਵੀਰ ਜਵੰਧਾ ਦਾ ਬੈਸਟ ਫ਼ਰੈਂਡ ਕਿਹਾ ਜਾਂਦਾ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਜਵੰਧੇ ਦੀ ਫੋਟੋ ਸ਼ੇਅਰ ਕਰ ਲਿਿਖਿਆ, "ਆਰਆਈਪੀ ਬ੍ਰਦਰ"।




 


ਜੌਰਡਨ ਸੰਧੂ : ਪੰਜਾਬੀ ਗਾਇਕ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਜਵੰਧੇ ਦੀ ਫੋਟੋ ਸ਼ੇਅਰ ਕਰ ਲਿਿਖਿਆ, "ਤੈਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਰਾਜਵੀਰ ਬਾਈ।"




 


ਰਣਜੀਤ ਬਾਵਾ ਦੀ ਪੋਸਟ




 


ਕਾਬਿਲੇਗ਼ੌਰ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਧਾ 27 ਸਤੰਬਰ ਦਿਨ ਸ਼ਨੀਵਾਰ ਨੂੰ ਆਪਣੇ ਘਰੋਂ ਬਾਈਕ ਰਾਈਡਿੰਗ ਲਈ ਨਿਕਲੇ, ਪਰ ਸਵੇਰੇ ਤਕਰੀਬਨ 8:30 ਵਜੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਦੀ ਬਾਈਕ ਅੱਗੇ ਢੱਠਾ ਆ ਗਿਆ, ਜਿਸ ਕਰਕੇ ਉਨ੍ਹਾਂ ਦੀ ਮੋਟਰ ਸਾਈਕਲ ਬੇਕਾਬੂ ਹੋ ਕੇ ਦੂਜੀ ਕਾਰ ਵਿੱਚ ਜਾ ਵੱਜੀ। ਇਸ ਤੋਂ ਬਾਅਦ ਜਵੰਧਾ ਨੂੰ ਤੁਰੰਤ ਬੱਦੀ ਦੇ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਜਿੱਥੋਂ ਉਨ੍ਹਾਂ ਨੂੰ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਰੈਫ਼ਰ ਕੀਤਾ ਗਿਆ। ਉਨ੍ਹਾਂ ਨੂੰ ਪਿਛਲੇ 11 ਦਿਨਾਂ ਤੋਂ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ, ਜਿੱਥੇ ਉਹ 12ਵੇਂ ਦਿਨ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ।

Tags:    

Similar News