Dharmendra: ਧਰਮਿੰਦਰ ਨੂੰ ਹਰ ਮਹੀਨੇ ਸਰਕਾਰ ਦਿੰਦੀ ਹੈ ਇੰਨੀ ਪੈਨਸ਼ਨ, ਨਾਲ ਮਿਲਦੀਆਂ ਹਨ ਇਹ ਸਰਕਾਰੀ ਸਹੂਲਤਾਂ
ਜਾਣੋ ਕੀ ਹੈ ਇਸਦੀ ਵਜ੍ਹਾ
Dharmendra News: ਬਾਲੀਵੁੱਡ ਦੇ "ਹੀ-ਮੈਨ" ਵਜੋਂ ਜਾਣੇ ਜਾਂਦੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਇਸ ਸਮੇਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। 89 ਸਾਲਾ ਇਹ ਵਿਅਕਤੀ ਇਸ ਸਮੇਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਅਧੀਨ ਸਨ। ਇਸਤੋਂ ਬਾਅਦ ਹੁਣ ਉਹਨਾਂ ਦਾ ਇਲਾਜ ਘਰ ਵਿੱਚ ਹੀ ਚੱਲ ਰਿਹਾ ਹੈ। ਉਹਨਾਂ ਦੇ ਕਮਰੇ ਨੂੰ ਪੂਰੀ ਤਰ੍ਹਾਂ ICU ਵਿੱਚ ਤਬਦੀਲ ਕੇ ਦਿੱਤਾ ਗਿਆ ਹੈ। ਉਨ੍ਹਾਂ ਦਾ ਪੂਰਾ ਨਾਮ ਧਰਮਿੰਦਰ ਕੇਵਲ ਕ੍ਰਿਸ਼ਨ ਦਿਓਲ ਹੈ। ਦਵਾਈ ਦੇ ਨਾਲ-ਨਾਲ ਧਰਮ ਪਾਜੀ ਲਈ ਦੁਆਵਾਂ ਦਾ ਦੌਰ ਵੀ ਜਾਰੀ ਹੈ। ਕੀ ਤੁਹਾਨੂੰ ਪਤਾ ਹੈ ਕਿ ਧਰਮਿੰਦਰ ਨੂੰ ਸਰਕਾਰ ਹਰ ਮਹੀਨੇ ਪੈਨਸ਼ਨ ਦਿੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਧਰਮ ਪਾਜੀ ਹਰ ਮਹੀਨੇ ਕਿੰਨੀ ਪੈਨਸ਼ਨ ਮਿਲਦੀ ਹੈ ਅਤੇ ਇਸਦੀ ਵਜ੍ਹਾ ਕੀ ਹੈ।
ਦਰਅਸਲ, 2004 ਤੋਂ 2009 ਤੱਕ, ਧਰਮਿੰਦਰ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਟਿਕਟ 'ਤੇ ਰਾਜਸਥਾਨ ਦੇ ਬੀਕਾਨੇਰ ਹਲਕੇ ਤੋਂ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ। ਸੰਸਦ ਮੈਂਬਰ ਵਜੋਂ ਸੇਵਾ ਨਿਭਾਉਂਦੇ ਹੋਏ, ਉਹ ਸੰਸਦ ਮੈਂਬਰਾਂ ਦੀ ਤਨਖਾਹ, ਭੱਤੇ ਅਤੇ ਪੈਨਸ਼ਨ ਐਕਟ, 1954 ਦੇ ਤਹਿਤ ਪੈਨਸ਼ਨ ਦੇ ਹੱਕਦਾਰ ਸਨ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਨੂੰ ਲਗਭਗ ₹25,000 ਦੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਸੀ। ਕਾਨੂੰਨ ਦੇ ਤਹਿਤ, ਜੇਕਰ ਕੋਈ ਸੰਸਦ ਮੈਂਬਰ ਪੰਜ ਸਾਲਾਂ ਤੋਂ ਵੱਧ ਸਮੇਂ ਲਈ ਸੇਵਾ ਕਰਦਾ ਹੈ, ਤਾਂ ਉਨ੍ਹਾਂ ਦੀ ਪੈਨਸ਼ਨ ਪ੍ਰਤੀ ਸਾਲ ₹500 ਵਧ ਜਾਂਦੀ ਹੈ।
ਇਸ ਤੋਂ ਇਲਾਵਾ, ਐਕਟ ਇਹ ਵੀ ਨਿਰਧਾਰਤ ਕਰਦਾ ਹੈ ਕਿ ਕਿਸੇ ਸੰਸਦ ਮੈਂਬਰ ਦੀ ਮੌਤ ਦੀ ਸਥਿਤੀ ਵਿੱਚ, ਉਨ੍ਹਾਂ ਦੀ ਪੈਨਸ਼ਨ ਉਨ੍ਹਾਂ ਦੇ ਜੀਵਨ ਸਾਥੀ ਨੂੰ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਧਰਮਿੰਦਰ ਦੀ ਮੌਤ ਦੀਆਂ ਅਫਵਾਹਾਂ ਫੈਲੀਆਂ ਸਨ। ਇਸਤੋਂ ਬਾਅਦ ਦਿਓਲ ਪਰਿਵਾਰ ਨੇ ਮੀਡੀਆ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਹੀ ਨਹੀਂ ਪੂਰੀ ਬਾਲੀਵੁੱਡ ਇੰਡਸਟਰੀ ਵੀ ਮੀਡੀਆ ਦੀ ਇਸ ਹਰਕਤ ਦੀ ਪੁਰਜ਼ੋਰ ਨਿੰਦਾ ਕਰ ਰਹੀ ਹੈ।