Nora Fatehi's song 'ਤੇ ਵਿਵਾਦ: ਗੀਤਕਾਰ ਰਕੀਬ ਆਲਮ ਦਾ ਖੁਲਾਸਾ
"ਮੈਂ ਗਾਣਾ ਨਹੀਂ ਲਿਖਿਆ, ਨਿਰਦੇਸ਼ਕ ਵਿਵਾਦ ਚਾਹੁੰਦੇ ਸਨ"
ਨਵੀਂ ਦਿੱਲੀ: 17 ਮਾਰਚ, 2026
ਫਿਲਮ 'ਕੇਡੀ: ਦ ਡੇਵਿਲ' ਦੇ ਨਵੇਂ ਗੀਤ "ਸਰਕੇ ਚੁਨਾਰ ਤੇਰੀ ਸਰਕੇ" ਨੇ ਰਿਲੀਜ਼ ਹੁੰਦੇ ਹੀ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਨੋਰਾ ਫਤੇਹੀ ਅਤੇ ਸੰਜੇ ਦੱਤ 'ਤੇ ਫਿਲਮਾਏ ਗਏ ਇਸ ਗੀਤ ਦੇ ਬੋਲਾਂ ਨੂੰ ਸੋਸ਼ਲ ਮੀਡੀਆ 'ਤੇ 'ਅਸ਼ਲੀਲ' ਅਤੇ 'ਦੋਹਰੇ ਅਰਥਾਂ ਵਾਲਾ' ਦੱਸਿਆ ਜਾ ਰਿਹਾ ਹੈ। ਵਿਵਾਦ ਇੰਨਾ ਵਧ ਗਿਆ ਹੈ ਕਿ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਫਿਲਮ ਦੇ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਇਸ ਦੌਰਾਨ, ਗੀਤ ਦੇ ਹਿੰਦੀ ਗੀਤਕਾਰ ਰਕੀਬ ਆਲਮ ਨੇ ਆਪਣੀ ਚੁੱਪੀ ਤੋੜਦਿਆਂ ਨਿਰਦੇਸ਼ਕ ਪ੍ਰੇਮ 'ਤੇ ਗੰਭੀਰ ਦੋਸ਼ ਲਗਾਏ ਹਨ। ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਰਕੀਬ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਗੀਤ ਆਪਣੀ ਮਰਜ਼ੀ ਨਾਲ ਨਹੀਂ ਲਿਖਿਆ, ਸਗੋਂ ਉਨ੍ਹਾਂ ਨੂੰ ਕੰਨੜ ਬੋਲਾਂ ਦਾ ਸ਼ਬਦ-ਦਰ-ਸ਼ਬਦ ਅਨੁਵਾਦ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਰਕੀਬ ਆਲਮ ਅਨੁਸਾਰ, ਉਨ੍ਹਾਂ ਨੇ ਨਿਰਦੇਸ਼ਕ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਅਜਿਹੇ ਬੋਲ ਸੈਂਸਰ ਬੋਰਡ ਤੋਂ ਪਾਸ ਨਹੀਂ ਹੋਣਗੇ, ਪਰ ਨਿਰਦੇਸ਼ਕ ਪ੍ਰੇਮ ਨੇ ਜਾਣਬੁੱਝ ਕੇ ਵਿਵਾਦ ਪੈਦਾ ਕਰਨ ਲਈ ਇਨ੍ਹਾਂ ਬੋਲਾਂ ਨੂੰ ਬਰਕਰਾਰ ਰੱਖਿਆ। ਗੀਤਕਾਰ ਨੇ ਇਹ ਵੀ ਦੱਸਿਆ ਕਿ ਵਿਵਾਦ ਵਧਣ ਤੋਂ ਬਾਅਦ ਉਨ੍ਹਾਂ ਨੇ ਗਾਣਾ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਨਿਰਦੇਸ਼ਕ ਅਜੇ ਵੀ ਗੀਤ ਵਿੱਚ 'ਬੋਤਲ' ਅਤੇ 'ਅਚਾਰ' ਵਰਗੇ ਸ਼ਬਦਾਂ 'ਤੇ ਜ਼ੋਰ ਦੇ ਰਹੇ ਹਨ।
ਇਸ ਵਿਵਾਦ 'ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਬਾਲੀਵੁੱਡ ਨੇ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।