Canada ਵਿਚ Punjabi ਮੁਟਿਆਰ ਨਾਲ ਵਰਤਿਆ ਭਾਣਾ

ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਪੁੱਜੀ ਲਵਪ੍ਰੀਤ ਕੌਰ ਚੁਣੌਤੀਆਂ ਭਰਿਆ ਸਫ਼ਰ ਪੂਰਾ ਨਾ ਕਰ ਸਕੀ ਅਤੇ ਦੁਨੀਆਂ ਨੂੰ ਅਲਵਿਦਾ ਆਖ ਦਿਤਾ

Update: 2026-01-16 13:39 GMT

ਡੈਲਟਾ : ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਪੁੱਜੀ ਲਵਪ੍ਰੀਤ ਕੌਰ ਚੁਣੌਤੀਆਂ ਭਰਿਆ ਸਫ਼ਰ ਪੂਰਾ ਨਾ ਕਰ ਸਕੀ ਅਤੇ ਦੁਨੀਆਂ ਨੂੰ ਅਲਵਿਦਾ ਆਖ ਦਿਤਾ। ਹਜ਼ਾਰਾਂ ਪੰਜਾਬੀ ਨੌਜਵਾਨਾਂ ਵਾਂਗ ਲਵਪ੍ਰੀਤ ਕੌਰ ਸਟੱਡੀ ਵੀਜ਼ਾ ’ਤੇ 2022 ਵਿਚ ਕੈਨੇਡਾ ਪੁੱਜੀ ਅਤੇ ਸਫ਼ਲਤਾ ਨਾਲ ਆਪਣੀ ਪੜ੍ਹਾਈ ਮੁਕੰਮਲ ਕੀਤੀ। ਦੂਜੇ ਪਾਸੇ ਆਪਣੀ ਧੀ ਨੂੰ ਬਿਹਤਰ ਜ਼ਿੰਦਗੀ ਮੁਹੱਈਆ ਕਰਵਾਉਣ ਲਈ ਮਾਪਿਆਂ ਨੇ ਵੀ ਕੋਈ ਕਸਰ ਬਾਕੀ ਨਾ ਛੱਡੀ ਪਰ ਹਾਲਾਤ ਨੇ ਅਜਿਹਾ ਮੋੜ ਲਿਆ ਕਿ ਨਵੀਆਂ ਜ਼ਿੰਮੇਵਾਰੀਆਂ, ਦਬਾਅ ਅਤੇ ਪਰਵਾਰ ਤੋਂ ਦੂਰ ਹੋਣ ਦਾ ਦੁੱਖ ਭਾਰੂ ਹੋਣ ਲੱਗੇ। ਕੈਨੇਡਾ ਵਿਚ ਮੁਢਲੇ ਵਰ੍ਹੇ ਉਨਟਾਰੀਓ ਵਿਚ ਲੰਘਾਉਣ ਮਗਰੋਂ ਲਵਪ੍ਰੀਤ ਕੌਰ ਮਾਨਸਿਕ ਸ਼ਾਂਤੀ ਲਈ 2026 ਦੇ ਆਰੰਭ ਵਿਚ ਬੀ.ਸੀ. ਪੁੱਜ ਗਈ ਅਤੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਯਤਨ ਕੀਤਾ। ਬੀ.ਸੀ. ਦੇ ਸਰੀ ਵਿਚ ਰਹਿੰਦਿਆਂ ਲਵਪ੍ਰੀਤ ਕੌਰ ਨਵੀਂ ਵਿਉਂਤਬੰਦੀ ਕਰ ਹੀ ਰਹੀ ਸੀ ਕਿ ਭਾਣਾ ਵਰਤ ਗਿਆ ਅਤੇ ਪਰਵਾਰ ਨੂੰ ਵਿਲਕਦਾ ਛੱਡ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ।

ਸਟੱਡੀ ਵੀਜ਼ਾ ’ਤੇ ਆਈ ਲਵਪ੍ਰੀਤ ਕੌਰ ਨੇ ਤੋੜਿਆ ਦਮ

ਡੈਲਟਾ ਦੇ ਗੁਰਲਾਲ ਸਿੰਘ ਮੁਤਾਬਕ ਲਵਪ੍ਰੀਤ ਕੌਰ ਦੀ ਦੇਹ ਪੰਜਾਬ ਭੇਜਣ ਲਈ ਬੀ.ਸੀ. ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਭਾਈਚਾਰੇ ਦੀਆਂ ਮੋਹਤਬਰ ਸ਼ਖਸੀਅਤਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਪਰ ਖਰਚੇ ਪੂਰੇ ਕਰਨ ਲਈ ਇਹ ਰਕਮ ਕਾਫ਼ੀ ਨਹੀਂ ਜਿਸ ਦੇ ਮੱਦੇਨਜ਼ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹੀ ਬੀ.ਸੀ. ਵਿਚ 25 ਸਾਲ ਦੇ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦੇਵੀਦਾਸਪੁਰਾ ਨਾਲ ਸਬੰਧਤ ਸਿਮਰਨਜੀਤ ਸਿੰਘ ਵੀ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ ਅਤੇ ਬੀ.ਸੀ. ਦੇ ਕੈਮਲੂਪਸ ਸ਼ਹਿਰ ਨੇੜੇ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਦੂਜੇ ਪਾਸੇ ਆਸਟ੍ਰੇਲੀਆ ਵਿਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਕੋਟਕਪੂਰਾ ਦੇ ਗੁਰਜੰਟ ਸਿੰਘ ਦੀ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਮਾਪਿਆਂ ਦਾ ਇਕਲੌਤਾ ਪੁੱਤ 5 ਸਾਲ ਪਹਿਲਾਂ ਆਪਣੀਆਂ ਭੈਣਾਂ ਕੋਲ ਆਸਟ੍ਰੇਲੀਆ ਪੁੱਜਾ ਅਤੇ ਟ੍ਰਾਂਸਪੋਰਟ ਸੈਕਟਰ ਵਿਚ ਕਦਮ ਰਖਦਿਆਂ ਟਰੱਕ ਚਲਾਉਣਾ ਸ਼ੁਰੂ ਕਰ ਦਿਤਾ। ਗੁਰਜੰਟ ਸਿੰਘ ਦੇ ਕਜ਼ਨ ਕੁਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਟਰਾਲਾ ਲੈ ਕੇ ਜਾ ਰਿਹਾ ਸੀ ਜਦੋਂ ਰਾਹ ਵਿਚ ਕਿਸੇ ਕਾਰਨ ਇਹ ਬੇਕਾਬੂ ਹੋ ਗਿਆ ਅਤੇ ਪਲਟਣ ਮਗਰੋਂ ਅੱਗ ਲੱਗ ਗਈ। ਗੁਰਜੰਟ ਸਿੰਘ ਗੰਭੀਰ ਜ਼ਖਮੀ ਹੋਣ ਕਾਰਨ ਬਾਹਰ ਨਾ ਨਿਕਲ ਸਕਿਆ ਅਤੇ ਜਿਊਂਦਾ ਹੀ ਸੜ ਗਿਆ।

Tags:    

Similar News