ਕੈਨੇਡਾ ਦੇ 3 ਰਾਜਾਂ ਵਿਚ ਖ਼ਤਰਨਾਕ ਬਿਮਾਰੀ ਫੈਲਣ ਦੀ ਚਿਤਾਵਨੀ
ਕੈਨੇਡਾ ਦੇ ਤਿੰਨ ਰਾਜਾਂ ਵਿਚ ਖਤਰਨਾਕ ਬੈਕਟੀਰੀਆ ਇਨਫੈਕਸ਼ਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਜਿਸ ਨਾਲ ਦਿਮਾਗੀ ਬੁਖਾਰ ਹੋ ਸਕਦਾ ਹੈ ਅਤੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਉਨਟਾਰੀਓ, ਮੈਨੀਟੋਬਾ ਅਤੇ ਕਿਊਬੈਕ ਵਿਚ ਮੈਨਿਨਜਾਈਟਿਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਕੱਲੇ ਟੋਰਾਂਟੋ ਸ਼ਹਿਰ ਵਿਚ 13 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ।;
ਟੋਰਾਂਟੋ : ਕੈਨੇਡਾ ਦੇ ਤਿੰਨ ਰਾਜਾਂ ਵਿਚ ਖਤਰਨਾਕ ਬੈਕਟੀਰੀਆ ਇਨਫੈਕਸ਼ਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਜਿਸ ਨਾਲ ਦਿਮਾਗੀ ਬੁਖਾਰ ਹੋ ਸਕਦਾ ਹੈ ਅਤੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਉਨਟਾਰੀਓ, ਮੈਨੀਟੋਬਾ ਅਤੇ ਕਿਊਬੈਕ ਵਿਚ ਮੈਨਿਨਜਾਈਟਿਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਕੱਲੇ ਟੋਰਾਂਟੋ ਸ਼ਹਿਰ ਵਿਚ 13 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਅਮਰੀਕਾ ਵਿਚ ਮੌਜੂਦਾ ਵਰ੍ਹੇ ਦੌਰਾਨ 140 ਤੋਂ ਵੱਧ ਮਾਮਲੇ ਸਾਹਮਣੇ ਆਉਣ ਦੀ ਰਿਪੋਰਟ ਹੈ। ਟੋਰਾਂਟੋ ਦੀ ਐਸੋਸੀਏਟ ਮੈਡੀਕਲ ਅਫਸਰ ਡਾ. ਵਿਨੀਤਾ ਦੂਬੇ ਨੇ ਕਿਹਾ ਕਿ ਇਹ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਹੈ ਅਤੇ ਕਈ ਮਰੀਜ਼ਾਂ ’ਤੇ ਐਂਟੀਬਾਇਓਟਿਕਸ ਦਾ ਅਸਰ ਵੀ ਨਹੀਂ ਹੁੰਦਾ ਜਿਸ ਦੇ ਮੱਦੇਨਜ਼ਰ ਬਿਮਾਰੀ ਤੋਂ ਬਚਾਅ ਹੀ ਸਭ ਤੋਂ ਅਹਿਮ ਬਣ ਜਾਂਦਾ ਹੈ।
ਉਨਟਾਰੀਓ, ਮੈਨੀਟੋਬਾ ਅਤੇ ਕਿਊਬੈਕ ਵਿਚ ਵਧੀ ਮਰੀਜ਼ਾਂ ਦੀ ਗਿਣਤੀ
ਲੋਕਾਂ ਨੂੰ ਜਿੰਨਾ ਛੇਤੀ ਸੰਭਵ ਹੋ ਸਕੇ ਮੈਨਿਨਜਾਈਟਿਸ ਦੀ ਵੈਕਸੀਨ ਲਗਵਾਉਣ ਦਾ ਸੁਝਾਅ ਦਿਤਾ ਗਿਆ ਹੈ ਕਿਉਂਕ ਇਹ ਬਿਮਾਰੀ ਵੱਡੇ ਇਕੱਠ ਜਾਂ ਸਫਰ ਦੌਰਾਨ ਕਿਸੇ ਨੂੰ ਵੀ ਹੋ ਸਕਦੀ ਹੈ। ਟੋਰਾਂਟੋ ਪਬਲਿਕ ਹੈਲਥ ਵੱਲੋਂ ਹਜ ’ਤੇ ਜਾਣ ਵਾਲੇ ਮੁਸਾਫਰਾਂ ਜਾਂ ਹੋਰ ਕੌਮਾਂਤਰੀ ਸਮਾਗਮਾਂ ਵਿਚ ਸ਼ਾਮਲ ਹੋਣ ਦੇ ਇੱਛਕ ਲੋਕਾਂ ਨੂੰ ਟੀਕਾ ਲਾਜ਼ਮੀ ਤੌਰ ’ਤੇ ਲਗਵਾਉਣ ਲਈ ਆਖਿਆ ਗਿਆ ਹੈ। ਦੂਜੇ ਪਾਸੇ ਇਨਫੈਕਸ਼ਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਮਾਹਰ ਡਾ. ਜੇਮਜ਼ ਕੈਲਨਰ ਦਾ ਕਹਿਣਾ ਸੀ ਕਿ ਜਦੋਂ ਤੱਕ ਮਰੀਜ਼ ਹਸਪਤਾਲ ਪੁੱਜਦਾ ਹੈ, ਉਦੋਂ ਤੱਕ ਬਿਮਾਰੀ ਬਹੁਤ ਜ਼ਿਆਦਾ ਵਧ ਚੁੱਕੀ ਹੁੰਦੀ ਹੈ। ਇਹ ਬੈਕਟੀਰੀਆ ਸਿਰਫ ਇਕ ਦਿਨ ਵਿਚ ਹੀ ਕਿਸੇ ਸ਼ਖਸ ਨੂੰ ਗੰਭੀਰ ਰੂਪ ਵਿਚ ਬਿਮਾਰ ਕਰ ਸਕਦਾ ਹੈ। ਬਿਮਾਰੀ ਦੇ ਲੱਛਣਾਂ ਵਿਚ ਸਿਰ ਦਰਦ, ਬੁਖਾਰ, ਉਲਟੀਆਂ, ਗਰਦਨ ਵਿਚ ਅਕੜਾਹਟ ਅਤੇ ਗੂੜ੍ਹੇ ਜਾਮਣੀ ਧੱਬੇ ਸ਼ਾਮਲ ਹਨ।
ਟੋਰਾਂਟੋ ’ਚ 2 ਮੌਤਾਂ, ਸਿਹਤ ਵਿਭਾਗ ਵੱਲੋਂ ਵੈਕਸੀਨ ਲਗਵਾਉਣ ਦਾ ਸੁਝਾਅ
ਵੈਕਸੀਨ ਰਾਹੀਂ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ ਜੋ ਬੱਚਿਆਂ ਨੂੰ 12 ਮਹੀਨੇ ਦਾ ਹੋਣ ਅਤੇ 7ਵੀਂ ਜਮਾਤ ਵਿਚ ਹੋਣ ਮੁਫਤ ਦਿਤੀ ਜਾਂਦੀ ਹੈ। ਜੇ ਕੋਈ ਬਾਲਗ ਮੁਫਤ ਵੈਕਸੀਨ ਦੇ ਘੇਰੇ ਵਿਚ ਨਹੀਂ ਆਉਂਦਾ ਤਾਂ 160 ਡਾਲਰ ਅਦਾ ਕਰ ਕੇ ਵੈਕਸੀਨ ਲਗਵਾ ਸਕਦਾ ਹੈ। ਇਸੇ ਦੌਰਾਨ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਰੋਟੀ ਵਾਲੇ ਭਾਂਡੇ ਅਤੇ ਪਾਣੀ ਵਾਲੀਆਂ ਬੋਤਲਾਂ ਸਾਂਝੇ ਤੌਰ ’ਤੇ ਨਾ ਵਰਤਣ ਦੀ ਹਦਾਇਤ ਦਿਤੀ ਗਈ ਹੈ। ਹੈਲਥ ਏਜੰਸੀ ਵੱਲੋਂ ਬਿਮਾਰੀ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਦੀ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਉਠਾਏ ਜਾ ਰਹੇ ਹਨ। ਹੈਲਥ ਏਜੰਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਬਿਮਾਰੀ ਦੇ ਲੱਛਣ ਮਹਿਸੂਸ ਹੋਣ ਤਾਂ ਉਹ ਤੁਰਤ ਡਾਕਟਰੀ ਸਹਾਇਤਾ ਲਵੇ। ਉਧਰ ਅਮਰੀਕਾ ਵਿਚ ਮਾਰਚ ਦੇ ਅੰਤ ਤੱਕ ਮੈਨਿਨਜਾਈਟਿਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਪਰ ਹੁਣ ਹਾਲਾਤ ਸਥਿਰ ਨਜ਼ਰ ਆ ਰਹੇ ਹਨ।