ਵੈਨਕੂਵਰ ਪੁਲਿਸ ਵੱਲੋਂ 20 ਲੱਖ ਡਾਲਰ ਦੇ ਨਸ਼ੇ ਅਤੇ ਨਕਦੀ ਬਰਾਮਦ
ਵੈਨਕੂਵਰ ਪੁਲਿਸ ਨੇ ਨਸ਼ਾ ਤਸਕਰਾਂ ਦੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ 20 ਲੱਖ ਡਾਲਰ ਮੁੱਲ ਦੇ ਨਸ਼ਿਆਂ ਅਤੇ ਨਕਦੀ ਸਣੇ 19 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਵੈਨਕੂਵਰ : ਵੈਨਕੂਵਰ ਪੁਲਿਸ ਨੇ ਨਸ਼ਾ ਤਸਕਰਾਂ ਦੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ 20 ਲੱਖ ਡਾਲਰ ਮੁੱਲ ਦੇ ਨਸ਼ਿਆਂ ਅਤੇ ਨਕਦੀ ਸਣੇ 19 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇੰਸਪੈਕਟਰ ਗੈਰੀ ਹੇਅਰ ਨੇ ਦੱਸਿਆ ਕਿ ਸਾਢੇ ਪੰਜ ਕਿਲੋ ਕੋਕੀਨ, 5.3 ਕਿਲੋ ਕ੍ਰਿਸਟਲ ਮੇਥ, 3.2 ਕਿਲੋ ਫੈਂਟਾਨਿਲ, 1600 ਨੂੰ ਗੋਲੀਆਂ ਅਤੇ ਇਕ ਲੱਖ 41 ਹਜ਼ਾਰ ਡਾਲਰ ਨਕਦ ਬਰਾਮਦ ਕੀਤੇ ਗਏ।
5 ਕਿਲੋ ਤੋਂ ਵੱਧ ਕੋਕੀਨ ਅਤੇ 3 ਕਿਲੋ ਫੈਂਟਾਨਿਲ ਸ਼ਾਮਲ
ਡਾਊਨ ਟਾਊਨ ਵਿਚ ਕੀਤੀ ਗਈ ਇਹ ਕਾਰਵਾਈ ਵੱਡੀ ਅਹਿਮੀਅਤ ਰਖਦੀ ਹੈ ਕਿਉਂਕਿ ਇਨ੍ਹਾਂ ਨਸ਼ਿਆਂ ਨੂੰ ਸ਼ਹਿਰ ਦੀਆਂ ਗਲੀਆਂ ਜਾਂ ਹੋਰਨਾਂ ਇਲਾਕਿਆਂ ਵਿਚ ਵੇਚਿਆ ਜਾਣਾ ਸੀ ਅਤੇ ਅਜਿਹੇ ਵਿਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਪੈਦਾ ਹੋ ਜਾਂਦਾ। ਨਸ਼ਾ ਤਸਕਰ ਜਾਂ ਗਿਰੋਹਾਂ ਦੇ ਮੈਂਬਰ ਆਪਣੇ ਨਿਜੀ ਫਾਇਦੇ ਵਾਸਤੇ ਲੋਕਾਂ ਦੀ ਜਾਨ ਖਤਰੇ ਵਿਚ ਪਾ ਦਿੰਦੇ ਹਨ। ਇਥੇ ਦਸਣਾ ਬਣਦਾ ਹੈ ਕਿ ਵੈਨਕੂਵਰ ਪੁਲਿਸ ਦੀ ਟਾਸਕ ਫੋਰਸ ਬੈਰਾਜ ਵੱਲੋਂ 339 ਈਸਟ ਹੇਸਟਿੰਗਜ਼ ਸਟ੍ਰੀਟ ਵਿਖੇ ਤਲਾਸ਼ੀ ਵਾਰੰਟ ਦੀ ਤਾਮੀਲ ਕਰਦਿਆਂ ਇਹ ਬਰਾਮਦਗੀ ਕੀਤੀ ਗਈ ਜਿਸ ਦੌਰਾਨ ਕਈ ਹਥਿਆਰ ਵੀ ਜ਼ਬਤ ਕਰਨ ਵਿਚ ਸਫ਼ਲਤਾ ਮਿਲੀ।
19 ਸ਼ੱਕੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪੁਲਿਸ ਮੁਤਾਬਕ ਨਸ਼ਿਆਂ ਦੀ ਇਸ ਖੇਪ ਰਾਹੀਂ 1 ਲੱਖ 90 ਹਜ਼ਾਰ ਸਿੰਗਲ ਡੋਜ਼ ਤਿਆਰ ਕੀਤੀਆਂ ਜਾ ਸਕਦੀਆਂ ਸਨ ਅਤੇ 2 ਮਿਲੀਅਨ ਡਾਲਰ ਤੋਂ ਵੱਧ ਮੁਨਾਫ਼ਾ ਨਸ਼ਾ ਤਸਕਰਾਂ ਨੂੰ ਹੁੰਦਾ। ਟਾਸਕ ਫੋਰਸ ਬੈਰਾਜ ਦੇ ਹੋਂਦ ਵਿਚ ਆਉਣ ਤੋਂ ਪਹਿਲੇ ਪੰਜ ਮਹੀਨੇ ਦੇ ਅੰਦਰ ਹੀ 1,145 ਹਥਿਆਰ ਬਰਾਮਦ ਕਰਨ ਵਿਚ ਸਫ਼ਲਤਾ ਮਿਲੀ ਜਦਕਿ ਕ੍ਰਾਊਨ ਕੌਂਸਲ ਕੋਲ 492 ਰਿਪੋਰਟਾਂ ਦਾਇਰ ਕਰਦਿਆਂ 740 ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤੇ ਗਏ।