ਵੈਨਕੂਵਰ : ਮੇਅਰ ਦੇ ਘਰ ’ਤੇ ਲਿਖੀਆਂ ਨਫ਼ਰਤੀ ਟਿੱਪਣੀਆਂ
ਕੈਨੇਡਾ ਵਿਚ ਨਸਲੀ ਨਫ਼ਰਤ ਦੀ ਇਕ ਵੱਡੀ ਵਾਰਦਾਤ ਦੌਰਾਨ ਵੈਨਕੂਵਰ ਦੇ ਮੇਅਰ ਨੂੰ ਨਿਸ਼ਾਨਾ ਬਣਾਇਆ ਗਿਆ।;
ਵੈਨਕੂਵਰ : ਕੈਨੇਡਾ ਵਿਚ ਨਸਲੀ ਨਫ਼ਰਤ ਦੀ ਇਕ ਵੱਡੀ ਵਾਰਦਾਤ ਦੌਰਾਨ ਵੈਨਕੂਵਰ ਦੇ ਮੇਅਰ ਨੂੰ ਨਿਸ਼ਾਨਾ ਬਣਾਇਆ ਗਿਆ। ਮੇਅਰ ਕੈਨ ਸਿਮ ਨੇ ਦੱਸਿਆ ਕਿ ਕੁਝ ਲੋਕ ਉਨ੍ਹਾਂ ਦੇ ਘਰ ’ਤੇ ਵੱਖ ਵੱਖ ਭਾਸ਼ਾਵਾਂ ਵਿਚ ਪਰਵਾਰ ਨੂੰ ਧਮਕਾਉਂਦੀਆਂ ਟਿੱਪਣੀਆਂ ਲਿਖ ਗਏ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਨਸਲੀ ਨਫ਼ਰਤ ਭਰੀਆਂ ਟਿੱਪਣੀਆਂ ਵਿਚ ਮੇਅਰ ਕੈਨ ਸਿਮ ਦੇ ਵੱਡੇ ਵਡੇਰਿਆਂ ਨੂੰ ਵੀ ਮੰਦਾ-ਚੰਗਾ ਬੋਲਿਆ ਗਿਆ। ਨਫ਼ਰਤ ਦਾ ਪ੍ਰਗਟਾਵਾ ਕਰਨ ਵਾਲਿਆਂ ਨੇ ਮੇਅਰ ਦੀ ਤੁਲਨਾ ਬਸਤੀਵਾਦੀਆਂ ਨਾਲ ਕੀਤੀ ਜੋ ਹਰ ਪਾਸੇ ਆਪਣਾ ਹੁਕਮ ਚਲਾਉਣਾ ਚਾਹੁੰਦੇ ਹਨ। ਕੈਨ ਸਿਮ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਉਨ੍ਹਾਂ ਦੇ ਪਰਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਕਈ ਭਾਸ਼ਾਵਾਂ ਵਿਚ ਕੈਨ ਸਿਮ ਅਤੇ ਉਨ੍ਹਾਂ ਦੇ ਪਰਵਾਰ ਨੂੰ ਦਿਤੀਆਂ ਧਮਕੀਆਂ
ਮੌਜੂਦਾ ਵਰ੍ਹੇ ਦੇ ਸ਼ੁਰੂ ਵਿਚ ਮੇਅਰ ਨੂੰ ਬੰਬ ਦੀ ਧਮਕੀ ਮਿਲੀ ਜਦਕਿ 20 ਤੋਂ 30 ਜਣਿਆਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਮੁਜ਼ਾਹਰਾ ਵੀ ਕੀਤਾ। ਮੇਅਰ ਨੇ ਕਿਹਾ ਕਿ ਬਿਨਾਂ ਸ਼ੱਕ ਜਨਤਕ ਜ਼ਿੰਦਗੀ ਵਿਚ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ ਪਰ ਆਪਣੇ ਪਰਵਾਰ ਉਤੇ ਕੋਈ ਖਤਰਾ ਬਰਦਾਸ਼ਤ ਨਹੀਂ ਕਰੇਗਾ ਅਤੇ ਨਾ ਹੀ ਆਪਣੇ ਆਪ ਨੂੰ ਨੀਵਾਂ ਦਿਖਾਉਣਾ ਬਰਦਾਸ਼ਤ ਕੀਤਾ ਜਾ ਸਕਦਾ ਹੈ। ਵੈਨਕੂਵਰ ਦੇ ਕੌਂਸਲਰ ਪੀਟਰ ਮੀਜ਼ਨਰ ਨੇ ਕਿਹਾ ਕਿ ਕਿਸੇ ਦੀ ਨਿਜੀ ਜ਼ਿੰਦਗੀ ਵਿਚ ਦਖਲ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਥੇ ਦਸਣਾ ਬਣਦਾ ਹੈ ਕਿ ਕੈਨ ਸਿਮ 7 ਨਵੰਬਰ 2022 ਨੂੰ ਵੈਨਕੂਵਰ ਦੇ 41ਵੇਂ ਮੇਅਰ ਚੁਣੇ ਗਏ ਸਨ। ਉਨ੍ਹਾਂ ਦਾ ਜਨਮ ਅਤੇ ਪਰਵਰਿਸ਼ ਵੈਨਕੂਵਰ ਵਿਖੇ ਹੀ ਹੋਈ ਜਿਥੇ ਉਹ ਆਪਣੀ ਪਤਨੀ ਅਤੇ ਚਾਰ ਬੱਚਿਆਂ ਨਾਲ ਰਹਿ ਰਹੇ ਹਨ। ਕੈਨ ਸਿਮ ਨੇ ਕਿਹਾ ਕਿ ਉਨ੍ਹਾਂ ਦਾ ਪਰਵਾਰ ਅਜਿਹੀਆਂ ਹਰਕਤਾਂ ਨਾਲ ਤਕੜਾ ਹੋ ਕੇ ਨਜਿੱਠੇਗਾ ਅਤੇ ਕਿਸੇ ਦੀ ਧੌਂਸ ਬਰਦਾਸ਼ਤ ਨਹੀਂ ਕੀਤੀ ਜਾਵੇਗੀ।