ਕੈਨੇਡਾ ਵਿਚ ਪੰਜਾਬੀ ਕੁੜੀ-ਮੁੰਡੇ ਨਾਲ ਵਾਪਰੀ ਅਣਹੋਣੀ
ਕੈਨੇਡਾ ਵਿਚ ਪੰਜਾਬੀ ਮੁੰਡੇ-ਕੁੜੀਆਂ ਨਾਲ ਅਣਹੋਣੀ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਹਨ ਅਤੇ ਕਈ ਮਾਮਲਿਆਂ ਵਿਚ ਲਾਪ੍ਰਵਾਹੀ ਵੀ ਜਾਨਲੇਵਾ ਹਾਦਸਿਆਂ ਦਾ ਕਾਰਨ ਬਣਦੀ ਹੈ।;
ਟੋਰਾਂਟੋ : ਕੈਨੇਡਾ ਵਿਚ ਪੰਜਾਬੀ ਮੁੰਡੇ-ਕੁੜੀਆਂ ਨਾਲ ਅਣਹੋਣੀ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਹਨ ਅਤੇ ਕਈ ਮਾਮਲਿਆਂ ਵਿਚ ਲਾਪ੍ਰਵਾਹੀ ਵੀ ਜਾਨਲੇਵਾ ਹਾਦਸਿਆਂ ਦਾ ਕਾਰਨ ਬਣਦੀ ਹੈ। ਬੀਤੇ ਦਿਨੀਂ ਲੇਕ ਹਿਊਰੌਨ ਵਿਚ ਤਾਰੀਆਂ ਲਾ ਰਹੇ ਦੋ ਜਣੇ ਪਾਣੀ ਦੀਆਂ ਛੱਲਾਂ ਵਿਚ ਘਿਰ ਗਏ ਜਿਨ੍ਹਾਂ ਵਿਚੋਂ ਇਕ ਕੰਢੇ ਤੱਕ ਪੁੱਜਣ ਵਿਚ ਸਫਲ ਰਿਹਾ ਪਰ ਦੂਜੇ ਦੀ ਕਿਸਮਤ ਨੇ ਸਾਥ ਨਾ ਦਿਤਾ। ਜਾਨ ਗਵਾਉਣ ਵਾਲੇ ਨੌਜਵਾਨ ਦੀ ਸ਼ਨਾਖਤ ਮਿਸੀਸਾਗਾ ਦੇ ਜਤਿਨ ਵਜੋਂ ਕੀਤੀ ਗਈ ਹੈ ਜਦਕਿ ਸਰੀ ਵਿਖੇ ਗੁਰਮੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਗੁਰਮੀਤ ਕੌਰ ਸਿਰਫ਼ ਅੱਠ ਮਹੀਨੇ ਪਹਿਲਾਂ ਹੀ ਕੈਨੇਡਾ ਪੁੱਜੀ ਸੀ। ਸਾਊਥ ਬਰੂਸ ਪੈਨਿਨਸੁਲਾ ਦੇ ਸੌਬਲ ਬੀਚ ’ਤੇ ਵਾਪਰੀ ਘਟਨਾ ਦੌਰਾਨ ਦੋ ਜਣਿਆਂ ਦੇ ਡੂੰਘੇ ਪਾਣੀ ਵਿਚ ਫਸਣ ਦੀ ਰਿਪੋਰਟ ਮਿਲਦਿਆਂ ਹੀ ਗਰੇਅ ਬਰੂਸ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ, ਬਰੂਸ ਕਾਊਂਟੀ ਦੇ ਪੈਰਾਮੈਡਿਕਸ ਅਤੇ ਸਾਊਥ ਬਰੂਸ ਪੈਨਿਲਸੁਲਾ ਫਾਇਰ ਸਰਵਿਸ ਵਾਲੇ ਮੌਕੇ ’ਤੇ ਪੁੱਜ ਗਏ ਅਤੇ ਦੋਹਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ।
ਬਰਨਾਲਾ ਦੇ ਕਰਮਗੜ੍ਹ ਦੀ ਗੁਰਮੀਤ ਕੌਰ ਨੇ ਸਰੀ ਵਿਖੇ ਦਮ ਤੋੜਿਆ
ਇਕ ਨੌਜਵਾਨ ਸੁਰੱਖਿਅਤ ਨਜ਼ਰ ਆਇਆ ਅਤੇ ਉਸ ਨੂੰ ਮਾਮੂਲੀ ਮੈਡੀਕਲ ਸਹਾਇਤਾ ਦੀ ਜ਼ਰੂਰਤ ਪਈ ਪਰ ਦੂਜੇ ਦੀ ਜਾਨ ਬਚਾਉਣ ਲਈ ਪੈਰਾਮੈਡਿਕਸ ਵੱਲੋਂ ਕੀਤਾ ਹਰ ਉਪਰਾਲਾ ਨਾਕਾਮਯਾਬ ਰਿਹਾ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਮਿਸੀਸਾਗਾ ਦੇ ਹੀ ਪਰਵਿੰਦਰ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਜਤਿਨ ਦੀ ਦੇਹ ਇੰਡੀਆ ਭੇਜਣ ਵਾਸਤੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ। ਪਰਵਿੰਦਰ ਸਿੰਘ ਵੱਲੋਂ ਮੁਹੱਈਆ ਜਾਣਕਾਰੀ ਮੁਤਾਬਕ ਜਤਿਨ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ ਅਤੇ ਪੜ੍ਹਾਈ ਮੁਕੰਮਲ ਕਰਨ ਮਗਰੋਂ ਛੇ ਮਹੀਨੇ ਪਹਿਲਾਂ ਹੀ ਉਸ ਨੂੰ ਵਰਕ ਪਰਮਿਟ ਮਿਲਿਆ। ਜਤਿਨ ਦੇ ਮਾਪਿਆਂ ਨੇ ਬਿਹਤਰ ਭਵਿੱਖ ਦੀ ਤਲਾਸ਼ ਵਿਚ ਉਸ ਨੂੰ ਕੈਨੇਡਾ ਭੇਜਿਆ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਦੂਜੇ ਪਾਸੇ ਸਰੀ ਦੇ ਰਘਬੀਰ ਚਹਿਲ ਵੱਲੋਂ ਗੋਫੰਡਮੀ ਪੇਜ ਰਾਹੀਂ ਦਿਤੀ ਜਾਣਕਾਰੀ ਮੁਤਾਬਕ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਨਾਲ ਸਬੰਧ ਗੁਰਮੀਤ ਕੌਰ ਸਿਰਫ ਅੱਠ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਸੀ। ਕੈਨੇਡਾ ਵਿਚ ਕੋਈ ਪਰਵਾਰਕ ਮੈਂਬਰਾਂ ਜਾਂ ਨਜ਼ਦੀਕੀ ਰਿਸ਼ਤੇਦਾਰ ਨਾ ਹੋਣ ਕਾਰਨ ਉਹ ਇਕੱਲੀ ਰਹਿੰਦੀ ਸੀ ਅਤੇ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਰਹਿਣ ਲੱਗੀ। ਮਾਨਸਿਕ ਤਣਾਅ ਐਨਾ ਵਧਦਾ ਚਲਾ ਗਿਆ ਕਿ ਪਿਛਲੇ ਦਿਨੀਂ ਉਹ ਸਰੀ ਦੀ ਬੇਸਮੈਂਟ ਵਿਚ ਦਮ ਤੋੜ ਗਈ। ਰਘਬੀਰ ਚਹਿਲ ਵੱਲੋਂ ਗੁਰਮੀਤ ਕੌਰ ਦੀ ਦੇਹ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਬੀਤੇ ਬੁੱਧਵਾਰ ਨੂੰ ਐਡਮਿੰਟਨ ਵਿਖੇ ਜਸ਼ਨਦੀਪ ਸਿੰਘ ਮਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਗਿਆ ਜੋ ਅੱਠ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ। ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਬਡਲਾ ਨਾਲ ਸਬੰਧਤ ਜਸ਼ਨਦੀਪ ਸਿੰਘ ਕੰਮ ’ਤੇ ਜਾ ਰਿਹਾ ਸੀ ਜਦੋਂ ਸ਼ੱਕੀ ਨੇ ਉਸ ਉਤੇ ਹਮਲਾ ਕੀਤਾ।