ਟਰੰਪ ਦੇ ਛਾਪਿਆਂ ਨੇ ਖੇਰੂੰ-ਖੇਰੂੰ ਕੀਤਾ ਪੰਜਾਬੀ ਪਰਵਾਰ

ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਵਾਲਿਆਂ ਦੀ ਢਿੱਲ-ਮੱਠ ਨੇ ਲਹਿੰਦੇ ਪੰਜਾਬ ਦਾ ਪਰਵਾਰ ਖੇਰੂੰ ਖੇਰੂੰ ਕਰ ਦਿਤਾ

Update: 2025-10-08 12:10 GMT

ਨਿਊ ਯਾਰਕ : ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਵਾਲਿਆਂ ਦੀ ਢਿੱਲ-ਮੱਠ ਨੇ ਲਹਿੰਦੇ ਪੰਜਾਬ ਦਾ ਪਰਵਾਰ ਖੇਰੂੰ ਖੇਰੂੰ ਕਰ ਦਿਤਾ। ਜੀ ਹਾਂ, ਪਰਵਾਰ ਦਾ ਮੁਖੀ ਅਮਰੀਕਾ ਵਾਲਿਆਂ ਨੇ ਡਿਪੋਰਟ ਕਰ ਦਿਤਾ ਜਦਕਿ ਉਸ ਦੀ ਪਤਨੀ ਅਤੇ ਬੱਚਾ ਕੈਨੇਡਾ ਪੁੱਜ ਗਏ। ਸੀ.ਬੀ.ਐਸ.ਏ. ਦਾ ਫੈਸਲਾ ਸਮਾਂ ਰਹਿੰਦੇ ਅਮਰੀਕਾ ਪੁੱਜ ਜਾਂਦਾ ਤਾਂ ਅਬਦੁਲ ਰਕੀਬ ਵੀ ਕੈਨੇਡਾ ਵਿਚ ਹੁੰਦਾ। ਦਰਅਸਲ ਕਹਾਣੀ ਦੀ ਸ਼ੁਰੂਆਤ ਜਨਵਰੀ ਮਹੀਨੇ ਤੋਂ ਹੋਈ ਜਦੋਂ ਅਬਦੁਲ ਰਕੀਬ ਆਪਣੀ ਪਤਨੀ ਅਤੇ 2 ਸਾਲ ਦੇ ਬੇਟੇ ਨਾਲ ਵਿਜ਼ਟਰ ਵੀਜ਼ਾ ’ਤੇ ਅਮਰੀਕਾ ਪੁੱਜਾ। ਇਸੇ ਦੌਰਾਨ ਡੌਨਲਡ ਟਰੰਪ ਨੇ ਸੱਤਾ ਸੰਭਾਲ ਲਈ ਅਤੇ ਛਾਪਿਆਂ ਦਾ ਦੌਰ ਸ਼ੁਰੂ ਹੋ ਗਿਆ। ਅਬਦੁਲ ਰਕੀਬ ਆਪਣੇ ਪਰਵਾਰ ਨੂੰ ਲੈ ਕੇ ਕੈਨੇਡਾ ਵੱਲ ਤੁਰਿਆ ਪਰ ਸੀ.ਬੀ.ਐਸ.ਏ. ਵਾਲਿਆਂ ਨੇ ਸਾਰੇ ਜਣੇ ਫੜ ਕੇ ਅਮਰੀਕਾ ਦੇ ਬਾਰਡਰ ਏਜੰਟਾਂ ਹਵਾਲੇ ਕਰ ਦਿਤੇ। ਅਬਦੁਲ ਰਕੀਬ ਕੈਨੇਡਾ ਵਿਚ ਅਸਾਇਲਮ ਕਲੇਮ ਕਰਨਾ ਚਾਹੁੰਦਾ ਸੀ ਪਰ ਮੌਕਾ ਹੀ ਨਾ ਮਿਲਿਆ।

ਪਤੀ ਹੋ ਗਿਆ ਡਿਪੋਰਟ, ਪਤਨੀ ਪੁੱਜ ਗਈ ਕੈਨੇਡਾ

ਅਮਰੀਕਾ ਦੇ ਬਾਰਡਰ ਏਜੰਟਾਂ ਨੇ ਪਰਵਾਰ ਨੂੰ ਅੱਠ ਦਿਨ ਆਰਜ਼ੀ ਬੈਰਕਾਂ ਵਿਚ ਰੱਖਣ ਮਗਰੋਂ ਅਬਦੁਲ ਦੀ ਪਤਨੀ ਸਬਾ ਰਕੀਬ ਅਤੇ ਬੇਟੇ ਨੂੰ ਰਿਹਾਅ ਕਰ ਦਿਤਾ ਜਦਕਿ ਅਬਦੁਲ ਨੂੰ ਬਫ਼ਲੋ ਨੇੜਲੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਭੇਜ ਦਿਤਾ ਗਿਆ। ਇਸੇ ਦੌਰਾਨ ਪਰਵਾਰ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਟੋਰਾਂਟੋ ਦੇ ਇੰਮੀਗ੍ਰੇਸ਼ਨ ਵਕੀਲ ਜੈਰਡ ਵਿਲ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮਾਮਲੇ ਉਤੇ ਮੁੜ ਗੌਰ ਕਰਨ ਦੀ ਅਰਜ਼ੀ ਕੈਨੇਡਾ ਬਾਰਡਰ ਸਰਵਿਸਿਜ਼ ਕੋਲ ਦਾਖਲ ਕਰ ਦਿਤੀ। ਉਨ੍ਹਾਂ ਦਲੀਲ ਦਿਤੀ ਕਿ ਅਬਦੁਲ ਰਕੀਬ ਦਾ ਰਿਸ਼ਤੇਦਾਰ ਕੈਨੇਡਾ ਵਿਚ ਮੌਜੂਦ ਹੈ ਜਿਸ ਦੇ ਮੱਦੇਨਜ਼ਰ ਫੈਸਲੇ ਉਤੇ ਮੁੜ ਵਿਚਾਰ ਕੀਤਾ ਜਾਵੇ। ਸੀ.ਬੀ.ਐਸ.ਏ. ਨੇ ਮਾਮਲੇ ਉਤੇ ਮੁੜ ਗੌਰ ਕਰਨ ਦੀ ਸਹਿਮਤੀ ਦੇ ਦਿਤੀ ਪਰ ਜਦੋਂ ਅਮਰੀਕਾ ਤੱਕ ਸੁਨੇਹਾ ਭੇਜਿਆ ਗਿਆ, ਉਦੋਂ ਤੱਕ ਅਬਦੁਲ ਰਕੀਬ ਨੂੰ ਡਿਪੋਰਟ ਕੀਤਾ ਜਾ ਚੁੱਕਾ ਸੀ। ਉਧਰ ਪਾਕਿਸਤਾਨ ਪੁੱਜ ਕੇ ਵੀ ਅਬਦੁਲ ਰਕੀਬ ਦੀਆਂ ਮੁਸ਼ਕਲਾਂ ਖਤਮ ਨਾ ਹੋਈਆਂ ਅਤੇ ਪਾਕਿਸਤਾਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਪਤੀ ਵਾਸਤੇ ਵਿਜ਼ਟਰ ਵੀਜ਼ਾ ਮੰਗ ਰਹੀ ਪਤਨੀ

ਰਕੀਬ ਦੀ ਰਿਹਾਈ ਵਾਸਤੇ 20 ਹਜ਼ਾਰ ਡਾਲਰ ਮੰਗੇ ਜਾ ਰਹੇ ਸਨ ਪਰ ਅੰਤ ਵਿਚ ਸੌਦਾ 7 ਹਜ਼ਾਰ ਡਾਲਰ ਵਿਚ ਤੈਅ ਹੋਇਆ ਅਤੇ ਉਹ ਆਪਣੇ ਘਰ ਪੁੱਜ ਸਕਿਆ। ਹੁਣ ਸਬਾ ਰਕੀਬ ਦਾ ਕਹਿਣਾ ਹੈ ਕਿ ਕੈਨੇਡਾ ਦੀ ਇੰਮੀਗ੍ਰੇਸ਼ਨ ਮੰਤਰੀ ਵੱਲੋਂ ਉਸ ਦੇ ਪਤੀ ਨੂੰ ਵਿਜ਼ਟਰ ਵੀਜ਼ਾ ਦਿਤਾ ਜਾਵੇ ਤਾਂ ਉਹ ਕੈਨੇਡਾ ਆ ਸਕਦਾ ਹੈ ਪਰ ਇਸ ਗੱਲ ਦੇ ਆਸਾਰ ਬੇਹੱਦ ਘੱਟ ਨਜ਼ਰ ਆ ਰਹੇ ਹਨ। ਸਬਾ ਨੇ ਸਵਾਲ ਉਠਾਇਆ ਕਿ ਅਸਾਇਲਮ ਕਲੇਮ ਉਤੇ ਵਿਚਾਰ ਦੇ ਫੈਸਲੇ ਬਾਰੇ ਸੀ.ਬੀ.ਐਸ.ਏ. ਵੱਲੋਂ ਅਮਰੀਕਾ ਤੱਕ ਸੁਨੇਹਾ ਪਹੁੰਚਾਉਣ ਵਿਚ ਦੇਰ ਕਿਉਂ ਕੀਤੀ ਗਈ ਅਤੇ ਜਦੋਂ ਤੱਕ ਸੁਨੇਹਾ ਪੁੱਜਾ ਬਹੁਤ ਦੇਰ ਹੋ ਚੁੱਕੀ ਸੀ।

Tags:    

Similar News