ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਨੂੰ ਮਿਲੇਗੀ ਕੈਨੇਡੀਅਨ ਸਿਟੀਜ਼ਨਸ਼ਿਪ
ਵਿਦੇਸ਼ਾਂ ਵਿਚ ਜੰਮੇ ਲੋਕਾਂ ਨੂੰ ਕੈਨੇਡੀਅਨ ਸਿਟੀਜ਼ਨ ਬਣਨ ਦਾ ਹੱਕ ਦਿੰਦਾ ਨਵਾਂ ਕਾਨੂੰਨ 15 ਦਸੰਬਰ ਤੋਂ ਲਾਗੂ ਹੋ ਗਿਆ ਹੈ
ਟੋਰਾਂਟੋ : ਵਿਦੇਸ਼ਾਂ ਵਿਚ ਜੰਮੇ ਲੋਕਾਂ ਨੂੰ ਕੈਨੇਡੀਅਨ ਸਿਟੀਜ਼ਨ ਬਣਨ ਦਾ ਹੱਕ ਦਿੰਦਾ ਨਵਾਂ ਕਾਨੂੰਨ 15 ਦਸੰਬਰ ਤੋਂ ਲਾਗੂ ਹੋ ਗਿਆ ਹੈ। ਜੀ ਹਾਂ, ਬਿਲ ਸੀ-3 ਰਾਹੀਂ ਕੈਨੇਡੀਅਨ ਨਾਗਰਿਕਤਾ ਦੇ ਰਾਹ ਵਿਚ ਆਉਣ ਵਾਲੇ ਸਾਰੇ ਅੜਿੱਕੇ ਖ਼ਤਮ ਹੋ ਚੁੱਕੇ ਹਨ ਅਤੇ ਕੈਨੇਡੀਅਨ ਮਾਪਿਆਂ ਦੀ ਵਿਦੇਸ਼ਾਂ ਵਿਚ ਪੈਦਾ ਹੋਈ ਔਲਾਦ ਸਿਟੀਜ਼ਨਸ਼ਿਪ ਵਾਸਤੇ ਅਰਜ਼ੀ ਦਾਇਰ ਕਰ ਸਕਦੀ ਹੈ। ਸਿਰਫ਼ ਐਨਾ ਹੀ ਨਹੀਂ, ਨਵਾਂ ਕਾਨੂੰਨ ਲਾਗੂ ਹੋਣ ਮਗਰੋਂ ਕੈਨੇਡੀਅਨ ਨਾਗਰਿਕ ਬਣਨ ਦਾ ਹੱਕ ਹਾਸਲ ਕਰਨ ਵਾਲਿਆਂ ਦੇ ਬੱਚੇ ਵੀ ਮੁਲਕ ਦੀ ਸਿਟੀਜ਼ਨਸ਼ਿਪ ਦੇ ਹੱਕਦਾਰ ਬਣ ਚੁੱਕੇ ਹਨ। ਇੰਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਕਿਹਾ ਕਿ ਨਵਾਂ ਕਾਨੂੰਨ ਕੈਨੇਡਾ ਵਿਚ ਅਤੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਮੌਜੂਦ ਕੈਨੇਡੀਅਨਜ਼ ਦਰਮਿਆਨ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦਾ ਹੈ। 15 ਦਸੰਬਰ 2025 ਤੋਂ ਪਹਿਲਾਂ ਵਿਦੇਸ਼ਾਂ ਵਿਚ ਜੰਮਿਆ ਕੋਈ ਵੀ ਸ਼ਖਸ ਕੈਨੇਡੀਅਨ ਨਾਗਰਿਕਤਾ ਦਾ ਹੱਕਦਾਰ ਹੈ, ਬਾਸ਼ਰਤੇ ਸਬੰਧਤ ਸ਼ਖਸ ਦੇ ਜੰਮਣ ਵੇਲੇ ਉਸ ਦੇ ਮਾਤਾ-ਪਿਤਾ ਵਿਚੋਂ ਕੋਈ ਇਕ ਕੈਨੇਡੀਅਨ ਸਿਟੀਜ਼ਨ ਹੋਵੇ।
15 ਦਸੰਬਰ ਤੋਂ ਲਾਗੂ ਹੋਇਆ ਨਵਾਂ ਕਾਨੂੰਨ
ਬਿਲ ਸੀ-3 ਦੇ ਆਉਣ ਤੋਂ ਪਹਿਲਾਂ ਕੈਨੇਡੀਅਨ ਨਾਗਰਿਕਾਂ ਦੇ ਵਿਦੇਸ਼ਾਂ ਵਿਚ ਪੈਦਾ ਹੋਏ ਬੱਚੇ ਆਪਣੀ ਸੰਤਾਨ ਨੂੰ ਨਾਗਰਿਕਤਾ ਦੀ ਸਹੂਲਤ ਤਾਂ ਹੀ ਦੇ ਸਕਦੇ ਸਨ ਜੇ ਉਨ੍ਹਾਂ ਦੀ ਔਲਾਦ ਕੈਨੇਡਾ ਵਿਚ ਜੰਮੀ ਹੋਵੇ ਪਰ ਦਸੰਬਰ 2023 ਵਿਚ ਉਨਟਾਰੀਓ ਦੀ ਸੁਪੀਰੀਅਰ ਕੋਰਟ ਨੇ ਆਪਣੇ ਇਤਿਹਾਸਕ ਫੈਸਲੇ ਰਾਹੀਂ ਮੁਲਕ ਦੀ ਨਾਗਰਿਕਤਾ ਸਿਰਫ਼ ਪਹਿਲੀ ਪੀੜ੍ਹੀ ਤੱਕ ਸੀਮਤ ਰੱਖਣ ਦੀਆਂ ਬੰਦਿਸ਼ਾਂ ਖ਼ਤਮ ਕਰ ਦਿਤੀਆਂ। ਅਦਾਲਤ ਨੇ ਉਸ ਵੇਲੇ ਦੇ ਸਿਟੀਜ਼ਨਸ਼ਿਪ ਐਕਟ ਨੂੰ ਗੈਰਸੰਵਿਧਾਨਕ ਕਰਾਰ ਦਿੰਦਿਆਂ ਕਿਹਾ ਕਿ ਇਹ ਕੈਨੇਡੀਅਨ ਨਾਗਰਿਕਾਂ ਦੀਆਂ 2 ਸ਼ੇ੍ਰਣੀਆਂ ਪੈਦਾ ਕਰਦਾ ਹੈ ਜਿਸ ਦੇ ਮੱਦੇਨਜ਼ਰ ਐਕਟ ਵਿਚ ਸੋਧ ਕੀਤੀ ਜਾਵੇ। ਫੈਡਰਲ ਸਰਕਾਰ ਨੇ ਅਦਾਲਤੀ ਫ਼ੈਸਲੇ ਵਿਰੁੱਧ ਅਪੀਲ ਦਾਇਰ ਨਾ ਕੀਤੀ ਪਰ ਨਵਾਂ ਸਿਟੀਜ਼ਨਸ਼ਿਪ ਐਕਟ ਲਿਆਉਣ ਲਈ 2024 ਤੱਕ ਮਿਲੀ ਸਮਾਂ ਹੱਦ ਦੇ ਅੰਦਰ ਨਵੇਂ ਕਾਨੂੰਨ ਦਾ ਖਰੜਾ ਹੋਂਦ ਵਿਚ ਨਾ ਆ ਸਕਿਆ। ਬੀਤੇ ਦੋ ਵਰਿ੍ਹਆਂ ਦੌਰਾਨ ਫੈਡਰਲ ਸਰਕਾਰ ਨੇ ਨਵਾਂ ਸਿਟੀਜ਼ਨਸ਼ਿਪ ਐਕਟ ਲਿਆਉਣ ਦੀ ਮਿਆਦ ਵਿਚ ਕਈ ਵਾਰ ਵਾਧਾ ਕਰਵਾਇਆ ਅਤੇ ਆਖਰੀ ਤਰੀਕ 18 ਨਵੰਬਰ 2025 ਤੈਅ ਕੀਤੀ ਗਈ। ਬਿਲ ਸੀ-3 ਨੂੰ ਸ਼ਾਹੀ ਪ੍ਰਵਾਨਗੀ 20 ਨਵੰਬਰ ਨੂੰ ਮਿਲੀ ਅਤੇ ਮਿਆਦ ਵਿਚ ਮੁੜ ਵਾਧਾ ਕਰਵਾਉਣ ਦੀ ਜ਼ਰੂਰਤ ਮਹਿਸੂਸ ਨਾ ਕੀਤੀ ਗਈ।
1 ਲੱਖ 15 ਹਜ਼ਾਰ ਲੋਕ ਹੋਣਗੇ ਪ੍ਰਭਾਵਤ : ਕੰਜ਼ਰਵੇਟਿਵ ਪਾਰਟੀ
ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਨਵਾਂ ਕਾਨੂੰਨ ਧਿਆਨ ਵਿਚ ਰਖਦਿਆਂ ਨਾਗਰਿਕਤਾ ਨਾਲ ਸਬੰਧਤ ਕੁਝ ਅੰਤਰਮ ਉਪਾਅ ਪਹਿਲਾਂ ਹੀ ਲਾਗੂ ਕਰ ਦਿਤੇ ਗਏ ਅਤੇ ਜਿਹੜੇ ਉਮੀਦਵਾਰ ਅੰਤਰਮ ਉਪਾਵਾਂ ਤਹਿਤ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਕਰ ਚੁੱਕੇ ਹਨ, ਉਨ੍ਹਾਂ ਨੂੰ ਬਿਲ ਸੀ-3 ਦੇ ਲਾਗੂ ਹੋਣ ਮਗਰੋਂ ਨਵੇਂ ਸਿਰੇ ਤੋਂ ਅਰਜ਼ੀ ਦਾਇਰ ਕਰਨ ਦੀ ਜ਼ਰੂਰਤ ਨਹੀਂ। ਇੰਮੀਗ੍ਰੇਸ਼ਨ ਮਾਹਰਾਂ ਵੱਲੋਂ ਨਵਾਂ ਕਾਨੂੰਨ ਲਾਗੂ ਹੋਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਟਸ ਦੇ ਮੁਕਾਬਲੇ ਕੈਨੇਡੀਅਨ ਨਾਗਰਿਕਾਂ ਨੂੰ ਵਧੇਰੇ ਸਹੂਲਤਾਂ ਹਾਸਲ ਹੁੰਦੀਆਂ ਹਨ ਜਿਨ੍ਹਾਂ ਵਿਚ ਵੋਟ ਪਾਉਣ ਦਾ ਹੱਕ, ਵਿਦੇਸ਼ ਵਿਚ ਵਿਆਹ ਕਰਵਾਉਣ ਮਗਰੋਂ ਜੀਵਨ ਸਾਥੀ ਨੂੰ ਸਪੌਂਸਰ ਕਰਨ ਦੀ ਵਧੇਰੇ ਆਜ਼ਾਦੀ ਅਤੇ ਸਿਆਸੀ ਅਹੁਦੇ ਪ੍ਰਵਾਨ ਕਰਨ ਦਾ ਹੱਕ ਸ਼ਾਮਲ ਹਨ। ਸਭ ਅਹਿਮ ਇਹ ਹੈ ਕਿ ਕੈਨੇਡੀਅਨ ਨਾਗਰਿਕ ਨੂੰ ਮੁਲਕ ਵਿਚ ਦਾਖਲ ਹੋਣ ਦੇ ਅਯੋਗ ਨਹੀਂ ਮੰਨਿਆ ਜਾ ਸਕਦਾ। ਉਧਰ ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਨਵਾਂ ਸਿਟੀਜ਼ਨਸ਼ਿਪ ਐਕਟ ਲਾਗੂ ਹੋਣ ਨਾਲ 1 ਲੱਖ 15 ਹਜ਼ਾਰ ਲੋਕ ਪ੍ਰਭਾਵਤ ਹੋਣਗੇ ਅਤੇ ਆਉਂਦੇ ਪੰਜ ਸਾਲ ਦੌਰਾਨ 20.8 ਮਿਲੀਅਨ ਦਾ ਵਾਧੂ ਖਰਚਾ ਹੋਵੇਗਾ।