ਇਰਾਦਾ ਕਤਲ ਮਾਮਲੇ ’ਚ ਤੀਜੇ ਪੰਜਾਬੀ ਨੂੰ ਵੀ ਮਿਲੀ ਜ਼ਮਾਨਤ
ਇਰਾਦਾ ਕਤਲ ਅਤੇ ਅਗਵਾ ਦੇ ਮਾਮਲੇ ਵਿਚ ਘਿਰੇ ਬਰੈਂਪਟਨ ਦੇ ਮਨਰਾਜ ਮਾਨ ਨੂੰ ਵੀ ਆਖ਼ਰਕਾਰ ਢਾਈ ਲੱਖ ਡਾਲਰ ਦੇ ਮੁਚਲਕੇ ’ਤੇ ਜ਼ਮਾਨਤ ਮਿਲ ਗਈ
ਬਰੈਂਪਟਨ : ਇਰਾਦਾ ਕਤਲ ਅਤੇ ਅਗਵਾ ਦੇ ਮਾਮਲੇ ਵਿਚ ਘਿਰੇ ਬਰੈਂਪਟਨ ਦੇ ਮਨਰਾਜ ਮਾਨ ਨੂੰ ਵੀ ਆਖ਼ਰਕਾਰ ਢਾਈ ਲੱਖ ਡਾਲਰ ਦੇ ਮੁਚਲਕੇ ’ਤੇ ਜ਼ਮਾਨਤ ਮਿਲ ਗਈ। ਜ਼ਮਾਨਤ ਸ਼ਰਤਾਂ ਤਹਿਤ ਘਰ ਵਿਚ ਨਜ਼ਰਬੰਦੀ ਅਤੇ ਜੀ.ਪੀ.ਐਸ. ਮੌਨੀਟਰ ਰਾਹੀਂ 24 ਘੰਟੇ ਨਿਗਰਾਨੀ ਸ਼ਾਮਲ ਹੈ। ਮਨਰਾਜ ਮਾਨ ਦੇ ਤਿੰਨ ਪਰਵਾਰਕ ਮੈਂਬਰਾਂ ਵੱਲੋਂ ਸਾਂਝੇ ਤੌਰ ’ਤੇ ਢਾਈ ਲੱਖ ਡਾਲਰ ਦੀ ਰਕਮ ਪਲੈੱਜ ਕੀਤੀ ਗਈ ਹੈ ਜੋ ਲਗਾਤਾਰ ਉਸ ਦੀ ਰਿਹਾਈ ਵਾਸਤੇ ਯਤਨ ਕਰ ਰਹੇ ਸਨ। ਬੈਰੀ ਦੀ ਅਦਾਲਤ ਵੱਲੋਂ ਬੀਤੇ ਦਿਨੀਂ 63 ਸਾਲਾ ਸੁਰਜੀਤ ਸਿੰਘ ਬੈਂਸ ਨੂੰ ਵੀ ਸਖ਼ਤ ਸ਼ਰਤਾਂ ਅਧੀਨ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦਿਤੇ ਗਏ।
ਮਨਰਾਜ ਮਾਨ ਨੂੰ ਘਰ ਵਿਚ ਨਜ਼ਰਬੰਦ ਰਹਿਣ ਦੇ ਹੁਕਮ
ਸੁਰਜੀਤ ਸਿੰਘ ਬੈਂਸ ਦਾ ਮਾਮਲਾ ਜਸਟਿਸ ਸੂਜ਼ਨ ਹੀਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਦਕਿ ਮਨਰਾਜ ਮਾਨ ਦੀ ਮਾਮਲਾ ਜਸਟਿਸ ਲੌਰਾ ਬਰਡ ਦੀ ਅਦਾਲਤ ਵਿਚ ਪੇਸ਼ ਹੋਇਆ ਅਤੇ ਮਨਰਾਜ ਮਾਨ ਦੀ ਨੁਮਾਇੰਦਗੀ ਟੋਰਾਂਟੋ ਦੇ ਵਕੀਲ ਪੀਟਰ ਥੌਰਨਿੰਗ ਵੱਲੋਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਔਰੀਲੀਆ ਦੇ ਇਕ ਉਜਾੜ ਗੈਸ ਸਟੇਸ਼ਨ ’ਤੇ ਵਾਪਰੀ ਹੌਲਨਾਕ ਵਾਰਦਾਤ ਮਗਰੋਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿਚੋਂ ਬਲਤੇਜ ਸੰਧੂ ਸਭ ਤੋਂ ਪਹਿਲਾਂ ਜ਼ਮਾਨਤ ਹਾਸਲ ਕਰਨ ਵਿਚ ਸਫ਼ਲ ਰਿਹਾ। ਹੁਣ ਸਿਰਫ਼ ਗਰਜੀ ਐਂਥਨੀ ਗੌਰਬਰਨ ਹੀ ਜੇਲ ਵਿਚ ਬੰਦ ਹੈ ਜਿਸ ਦਾ ਲੰਮਾ ਅਪਰਾਧਕ ਰਿਕਾਰਡ ਹੋਣ ਕਾਰਨ ਜ਼ਮਾਨਤ ਮਿਲਣ ਦੇ ਆਸਾਰ ਘੱਟ ਨਜ਼ਰ ਆਉਂਦੇ ਹਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਐਂਥਨੀ ਨੂੰ ਪਿਛਲੇ 25 ਸਾਲ ਵਿਚ ਇਕ ਦਰਜਨ ਤੋਂ ਵੱਧ ਵਾਰ ਪੁਲਿਸ ਕਾਬੂ ਕਰ ਚੁੱਕੀ ਹੈ।
ਉਨਟਾਰੀਓ ਦੇ ਔਰੀਲੀਆ ਵਿਖੇ ਵਾਪਰੀ ਸੀ ਵਾਰਦਾਤ
ਅਦਾਲਤੀ ਦਸਤਾਵੇਜ਼ਾਂ ਕਹਿੰਦੇ ਹਨ ਕਿ ਪੁਲਿਸ ਅਫ਼ਸਰ ਔਰੀਲੀਆ ਦੇ ਗੈਸ ਸਟੇਸ਼ਨ ਅੰਦਰ ਦਾਖਲ ਹੋਏ ਤਾਂ ਲਹੂ-ਲੁਹਾਣ ਹਾਲਤ ਵਿਚ ਇਕ ਬੰਦਾ ਧਰਤੀ ’ਤੇ ਪਿਆ ਮਿਲਿਆ ਜਦਕਿ ਪੰਜ ਸ਼ੱਕੀ ਉਸ ਦੇ ਆਲੇ-ਦੁਆਲੇ ਖੜ੍ਹੇ ਸਨ। ਜ਼ਖਮੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਸ਼ੱਕੀਆਂ ਵਿਰੁੱਧ ਇਰਾਦਾ ਕਤਲ, ਕਿਡਨੈਪਿੰਗ, ਜਾਨੋ ਮਾਰਨ ਦੀਆਂ ਧਮਕੀਆਂ ਦੇਣ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ ਆਇਦ ਕੀਤੇ। ਪੀੜਤ ਮਿਸੀਸਾਗਾ ਸ਼ਹਿਰ ਨਾਲ ਸਬੰਧਤ ਹੈ ਪਰ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ।