ਕੈਨੇਡਾ ਵਿਚ ਪੰਜਾਬੀ ਕਾਰੋਬਾਰੀ ’ਤੇ ਤੀਜਾ ਹਮਲਾ

ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ’ਤੇ ਹਮਲੇ ਬਾਦਸਤੂਰ ਜਾਰੀ ਹਨ ਅਤੇ ਕਈ ਜਣੇ ਤਾਂ ਤਿੰਨ ਤਿੰਨ ਵਾਰ ਨਿਸ਼ਾਨਾ ਬਣ ਚੁੱਕੇ ਹਨ। ਵਾਰ-ਵਾਰ ਨਿਸ਼ਾਨਾ ਬਣ ਰਹੇ ਕਾਰੋਬਾਰੀਆਂ ਵਿਚੋਂ ਜਸ ਅਰੋੜਾ ਇਕ ਹਨ ਜਿਨ੍ਹਾਂ ਤੋਂ ਲੱਖਾਂ ਡਾਲਰ ਦੀ ਮੰਗ ਕੀਤੀ ਜਾ ਰਹੀ ਹੈ

Update: 2024-08-26 12:10 GMT

ਐਬਸਫੋਰਡ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ’ਤੇ ਹਮਲੇ ਬਾਦਸਤੂਰ ਜਾਰੀ ਹਨ ਅਤੇ ਕਈ ਜਣੇ ਤਾਂ ਤਿੰਨ ਤਿੰਨ ਵਾਰ ਨਿਸ਼ਾਨਾ ਬਣ ਚੁੱਕੇ ਹਨ। ਵਾਰ-ਵਾਰ ਨਿਸ਼ਾਨਾ ਬਣ ਰਹੇ ਕਾਰੋਬਾਰੀਆਂ ਵਿਚੋਂ ਜਸ ਅਰੋੜਾ ਇਕ ਹਨ ਜਿਨ੍ਹਾਂ ਤੋਂ ਲੱਖਾਂ ਡਾਲਰ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪਿਛਲੇ ਦਿਨੀਂ ਉਨ੍ਹਾਂ ਦੇ ਘਰ ’ਤੇ ਗੈਸੋਲੀਨ ਨਾਲ ਭਰੀਆਂ ਬੋਤਲਾਂ ਸੁੱਟੀਆਂ ਗਈਆਂ। ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਜਸ ਅਰੋੜਾ ਨੇ ਕਿਹਾ ਕਿ ਉਹ ਪਿਛਲੇ ਇਕ ਸਾਲ ਤੋਂ ਡਰ ਦੇ ਪਰਛਾਵੇਂ ਹੇਠ ਜਿਊਣ ਲਈ ਮਜਬੂਰ ਹਨ ਕਿਉਂਕਿ ਫੋਨ ਕਰਨ ਵਾਲੇ ਲੱਖਾਂ ਡਾਲਰ ਦੀ ਮੰਗ ਕਰਦੇ ਹਨ ਅਤੇ ਨਾ ਦੇਣ ਦੀ ਸੂਰਤ ਵਿਚ ਪਰਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿਤੀ ਜਾ ਰਹੀ ਹੈ। ਸਿਰਫ ਜਸ ਅਰੋੜਾ ਹੀ ਨਹੀਂ ਸਗੋਂ ਵੱਡੀ ਗਿਣਤੀ ਵਿਚ ਕਾਰੋਬਾਰੀ ਜਬਰੀ ਵਸੂਲੀ ਦੀਆਂ ਧਮਕੀਆਂ ਮਿਲਣ ਬਾਰੇ ਸ਼ਿਕਾਇਤ ਕਰ ਚੁੱਕੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਕੈਮਰੇ ਅੱਗੇ ਆਉਣ ਲਈ ਤਿਆਰ ਨਹੀਂ। ਦੂਜੇ ਪਾਸੇ ਜਸ ਅਰੋੜਾ ਨੇ ਤਾਜ਼ਾ ਵਾਰਦਾਤ ਨਾਲ ਸਬੰਧਤ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਸੀ.ਬੀ.ਬੀ. ਰਾਹੀਂ ਜਨਤਕ ਕਰ ਦਿਤੀ।

ਜਸ ਅਰੋੜਾ ਦੇ ਘਰ ’ਤੇ ਸੁੱਟੀਆਂ ਗੈਸੋਲੀਨ ਨਾਲ ਭਰੀਆਂ ਬੋਤਲਾਂ

ਵੀਡੀਓ ਵਿਚ ਕੁੱਤਾ ਭੌਂਕਣ ਦੀ ਆਵਾਜ਼ ਸੁਣੀ ਜਾ ਸਕਦੀ ਹੈ ਅਤੇ ਬੋਤਲਾਂ ਟੁੱਟਣ ਦੀ ਆਵਾਜ ਵੀ ਆਉਂਦੀ ਹੈ। ਜਸ ਅਰੋੜਾ ਨੇ ਹਮਲੇ ਬਾਰੇ ਪੁਲਿਸ ਨੂੰ ਇਤਲਾਹ ਦਿਤੀ ਅਤੇ ਮੌਕੇ ’ਤੇ ਪੁੱਜੇ ਅਫਸਰਾਂ ਵੱਲੋਂ ਪੜਤਾਲ ਆਰੰਭ ਦਿਤੀ ਗਈ ਪਰ ਪਿਛਲੇ ਤਿੰਨ ਦਿਨ ਵਿਚ 10 ਲੱਖ ਡਾਲਰ ਦੀ ਮੰਗ ਕਰਦੀਆਂ ਕਈ ਕਾਲਜ਼ ਆ ਚੁੱਕੀਆਂ ਹਨ। ਐਬਸਫੋਰਡ ਪੁਲਿਸ ਦੇ ਕਾਂਸਟੇਬਲ ਸਕੌਟ ਮਕਲਿਓਰ ਨੇ ਦੱਸਿਆ ਕਿ ਵਿਸ਼ੇਸ਼ ਦਸਤੇ ਵੱਲੋਂ ਤਹਿਕੀਕਾਤ ਕੀਤੀ ਜਾ ਰਹੀ ਹੈ ਪਰ ਵਿਸਤਾਰਤ ਜਾਣਕਾਰੀ ਦੇਣ ਤੋਂ ਨਾਂਹ ਕਰ ਦਿਤੀ। ਇਸੇ ਦੌਰਾਨ ਬੀ.ਸੀ. ਦੇ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਕਿਹਾ ਕਿ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਧਮਕੀਆਂ ਭਰੇ ਫੋਨ ਅਮਰੀਕਾ ਅਤੇ ਭਾਰਤ ਨਾਲ ਸਬੰਧਤ ਹੋ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬੀ.ਸੀ., ਐਲਬਰਟਾ ਅਤੇ ਉਨਟਾਰੀਓ ਵਿਚ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਾਂਝੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਕਈ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਹਨ। ਉਧਰ ਜਸ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ 2023 ਦੀ ਬਸੰਤ ਰੁੱਤ ਵਿਚ ਧਮਕੀ ਭਰੀਆਂ ਕਾਲਜ਼ ਆਉਣੀਆਂ ਸ਼ੁਰੂ ਹੋਈਆਂ ਅਤੇ ਪੁਲਿਸ ਕੁਝ ਨਹੀਂ ਕਰ ਰਹੀ। ਜਸ ਅਰੋੜਾ ਨੇ ਦੋਸ਼ ਲਾਇਆ ਕਿ ਪੁਲਿਸ ਤੁਹਾਨੂੰ ਇਕ ਫਾਈਲ ਨੰਬਰ ਦੇ ਦਿੰਦੀ ਹੈ ਅਤੇ ਇਸ ਤੋਂ ਵੱਧ ਕੁਝ ਨਹੀਂ ਹੁੰਦਾ। ਜਸ ਅਰੋੜਾ ਮੁਤਾਬਕ ਕਾਲ ਕਰਨ ਵਾਲੇ ਪਹਿਲਾਂ 20 ਲੱਖ ਡਾਲਰ ਮੰਗ ਰਹੇ ਸਨ ਅਤੇ ਹੌਲੀ ਹੌਲੀ 10 ਲੱਖ ਡਾਲਰ ’ਤੇ ਆ ਗਏ।

Tags:    

Similar News