ਉਨਟਾਰੀਓ ਸਰਕਾਰ ਵੱਲੋਂ ਨਸ਼ਾ ਕਰਨ ਲਈ ਬਣਾਏ 10 ਕੇਂਦਰ ਬੰਦ ਕਰਨ ਦਾ ਐਲਾਨ

ਓਵਰਡੋਜ਼ ਦਾ ਖਤਰਾ ਘਟਾਉਣ ਲਈ ਬਣਾਏ 10 ਕੇਂਦਰ ਉਨਟਾਰੀਓ ਸਰਕਾਰ ਨੇ ਬੰਦ ਕਰਨ ਦਾ ਐਲਾਨ ਕਰ ਦਿਤਾ ਹੈ ਜੋ ਸਕੂਲਾਂ ਜਾਂ ਚਾਈਲਡ ਕੇਅਰ ਸੈਂਟਰ ਦੇ 200 ਮੀਟਰ ਦੇ ਘੇਰੇ ਵਿਚ ਆਉਂਦੇ ਹਨ।

Update: 2024-08-21 12:00 GMT

ਟੋਰਾਂਟੋ : ਓਵਰਡੋਜ਼ ਦਾ ਖਤਰਾ ਘਟਾਉਣ ਲਈ ਬਣਾਏ 10 ਕੇਂਦਰ ਉਨਟਾਰੀਓ ਸਰਕਾਰ ਨੇ ਬੰਦ ਕਰਨ ਦਾ ਐਲਾਨ ਕਰ ਦਿਤਾ ਹੈ ਜੋ ਸਕੂਲਾਂ ਜਾਂ ਚਾਈਲਡ ਕੇਅਰ ਸੈਂਟਰ ਦੇ 200 ਮੀਟਰ ਦੇ ਘੇਰੇ ਵਿਚ ਆਉਂਦੇ ਹਨ। ਮਾਰਚ 2025 ਤੋਂ ਬੰਦ ਕੀਤੇ ਜਾ ਰਹੇ ਕੇਂਦਰਾਂ ਦੀ ਥਾਂ ਨਿਗਰਾਨੀ ਹੇਠ ਨਸ਼ਾ ਕਰਨ ਲਈ ਨਵੀਆਂ ਥਾਵਾਂ ਬਣਾਉਣ ਤੋਂ ਵੀ ਇਨਕਾਰ ਕਰ ਦਿਤਾ ਗਿਆ ਹੈ। ਸਿਹਤ ਮੰਤਰੀ ਸਿਲਵੀਆ ਜੋਨਜ਼ ਨੇ ਔਟਵਾ ਵਿਖੇ ਐਸੋਸੀਏਸ਼ਨ ਆਫ਼ ਮਿਊਂਸਪੈਲਿਟੀਜ਼ ਆਫ਼ ਉਨਟਾਰੀਓ ਦੀ ਕਾਨਫਰੰਸ ਦੌਰਾਨ ਦੱਸਿਆ ਕਿ ਬੰਦ ਕੀਤੇ ਜਾ ਰਹੇ 10 ਕੇਂਦਰਾਂ ਵਿਚੋਂ ਪੰਜ ਟੋਰਾਂਟੋ ਵਿਖੇ ਅਤੇ ਇਕ-ਇਕ ਔਟਵਾ, ਕਿਚਨਰ, ਥੰਡਰ ਬੇਅ, ਹੈਮਿਲਟਨ ਅਤੇ ਗੁਐਲਫ ਵਿਖੇ ਸਥਿਤ ਹਨ। ਕੈਨੇਡਾ ਸਰਕਾਰ ਦੀ ਵੈਬਸਾਈਟ ਮੁਤਾਬਕ ਉਨਟਾਰੀਓ ਵਿਚ ਸੁਰੱਖਿਅਤ ਨਸ਼ਾ ਕਰਨ ਵਾਲੀਆਂ ਥਾਵਾਂ ਦੀ ਗਿਣਤੀ 23 ਦਰਜ ਕੀਤੀ ਗਈ ਹੈ ਜਿਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਅੱਧੀਆਂ ਥਾਵਾਂ ਮਾਰਚ 2025 ਮਗਰੋਂ ਬੰਦ ਹੋ ਜਾਣਗੀਆਂ।

ਸਕੂਲਾਂ ਜਾਂ ਚਾਈਲਡ ਕੇਅਰ ਸੈਂਟਰਾਂ ਦੇ 200 ਮੀਟਰ ਦੇ ਘੇਰੇ ਵਿਚ ਹੋਣ ਦਾ ਦਾਅਵਾ

ਸਿਲਵੀਆ ਜੋਨਜ਼ ਨੇ ਅੱਗੇ ਕਿਹਾ ਕਿ ਹੋਮਲੈਸਨੈਸ ਐਂਡ ਐਡਿਕਸ਼ਨ ਰਿਕਵਰੀ ਟ੍ਰੀਟਮੈਂਟ ਹੱਬਜ਼ ਵਜੋਂ 19 ਕੇਂਦਰ ਸਥਾਪਤ ਕੀਤੇ ਜਾ ਰਹੇ ਹਨ ਜਿਨ੍ਹਾਂ ਉਤੇ 378 ਮਿਲੀਅਨ ਡਾਲਰ ਖਰਚ ਹੋਣਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸੇਫ ਕਨਜ਼ੰਪਸ਼ਨ ਸਾਈਟਸ ਬੰਦ ਕੀਤੇ ਜਾਣ ਮਗਰੋਂ ਹੋਣ ਵਾਲੀਆਂ ਮੌਤਾਂ ਦਾ ਅੰਦਾਜ਼ਾ ਲਾਇਆ ਗਿਆ ਹੈ ਤਾਂ ਸਿਹਤ ਮੰਤਰੀ ਨੇ ਖਰਵੇਂ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਲੋਕ ਮਰਨਗੇ ਨਹੀਂ ਸਗੋਂ ਉਨ੍ਹਾਂ ਨੂੰ ਵਧੇਰੇ ਕਾਰਗਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਦੂਜੇ ਪਾਸੇ ਲਿਬਰਲ ਪਾਰਟੀ ਦੀ ਆਗੂ ਬੌਨੀ ਕਰੌਂਬੀ ਨੇ ਸਹਿਮਤੀ ਜ਼ਾਹਰ ਕੀਤੀ ਕਿ ਅਜਿਹੀਆਂ ਥਾਵਾਂ ਸਕੂਲਾਂ ਨੇੜੇ ਨਹੀਂ ਹੋਣੀਆਂ ਚਾਹੀਦੀਆਂ ਪਰ ਬੰਦ ਕੀਤੇ ਜਾ ਰਹੇ ਕੇਂਦਰ ਦੀ ਥਾਂ ਨਵੇਂ ਕੇਂਦਰ ਬਣਾਏ ਜਾਣੇ ਚਾਹੀਦੇ ਹਨ। ਇਸ ਤਰੀਕੇ ਨਾਲ ਐਡਿਕਸ਼ਨ ਅਤੇ ਮੈਂਟਲ ਹੈਲਥ ਦਾ ਸੰਕਟ ਪੈਦਾ ਹੋ ਸਕਦਾ ਹੈ। ਐਨ.ਡੀ.ਪੀ. ਦਾ ਕਹਿਣਾ ਸੀ ਕਿ ਜਦੋਂ ਬੇਘਰ ਲੋਕਾਂ ਅਤੇ ਨਸ਼ਿਆਂ ਦੇ ਆਦੀ ਲੋਕਾਂ ਦਾ ਸੰਕਟ ਵਧ ਰਿਹਾ ਹੈ ਤਾਂ ਅਹਿਮ ਸਿਹਤ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ।

Tags:    

Similar News