ਐਬਸਫੋਰਡ ਦੇ ਪਹਾੜਾਂ ਦੀ ਗੋਦ ਵਿਚ ਲੱਗਾ ‘ਤੀਆਂ ਦਾ ਮੇਲਾ’

ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਤੀਆਂ ਦੇ ਲੱਗ ਰਹੇ ਮੇਲਿਆਂ ਦੌਰਾਨ ਵੈਨਕੂਵਰ ਦੇ ਚੜ੍ਹਦੇ ਪਾਸੇ ਸਥਿਤ ਐਬਸਫੋਰਡ ਸ਼ਹਿਰ ਦੇ ਬਾਹਰਵਾਰ ਇਕ ਵੱਡਾ ਮੇਲਾ ਲੱਗਿਆ।

Update: 2024-08-12 07:12 GMT

ਵੈਨਕੂਵਰ (ਮਲਕੀਤ ਸਿੰਘ) : ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਤੀਆਂ ਦੇ ਲੱਗ ਰਹੇ ਮੇਲਿਆਂ ਦੌਰਾਨ ਵੈਨਕੂਵਰ ਦੇ ਚੜ੍ਹਦੇ ਪਾਸੇ ਸਥਿਤ ਐਬਸਫੋਰਡ ਸ਼ਹਿਰ ਦੇ ਬਾਹਰਵਾਰ ਇਕ ਵੱਡਾ ਮੇਲਾ ਲੱਗਿਆ। ਵਿਰਸਾ ਫਾਊਂਡੇਸ਼ਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਲਾਏ ਜਾਂਦੇ ਮੇਲੇ ਵਿਚ ਇਸ ਵਾਰ ਵੀ ਹਰ ਉਮਰ ਵਰਗ ਦੀਆਂ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਅਤੇ ਮੁਟਿਆਰਾਂ ਨੇ ਗਿੱਧਾ ਪਾਉਂਦਿਆਂ ਧਰਤੀ ਪੁੱਟ ਦਿਤੀ। ਹਰਿਆਵਲੇ ਪਹਾੜਾਂ ਦੀ ਗੋਦ ਵਿਚ ਖੁੱਲ੍ਹੇ ਅਸਮਾਨ ਹੇਠ ਇਕ ਵੱਡ ਅਕਾਰੀ ਪੰਡਾਲ ਵਿਚ ਤੀਆਂ ਦੇ ਮੇਲੇ ਦੌਰਾਨ ਪੰਜਾਬੀ ਗਾਇਕਾ ਅਮਨ ਰੋਜ਼ੀ, ਬਲਜਿੰਦਰ ਕੌਰ ਅਤੇ ਮਨਜੀਤ ਗਿੱਲ ਨੇ ਗੀਤਾਂ ਦੀ ਝੜੀ ਲਾ ਦਿਤੀ। ਦੂਜੇ ਪਾਸੇ ਪੰਜਾਬੀ ਗਾਇਕ ਜੌਹਨ ਬੇਦੀ ਅਤੇ ਲਾਟੀ ਔਲਖ ਨੇ ਵੀ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਦਿਆਂ ਰੰਗ ਬੰਨਿ੍ਹਆ।

ਮੁਟਿਆਰਾਂ ਨੇ ਗਿੱਧਾ ਪਾਉਂਦਿਆਂ ਪੁੱਟ ਦਿਤੀ ਧਰਤੀ

ਤੀਆਂ ਦੇ ਮੇਲੇ ਦੌਰਾਨ ਘਰ ਵਿਹੜੇ ਵਾਂਗ ਸਜਾਏ ਪੰਡਾਲ ਵਿਚ ਪੰਘੂੜਾ, ਸੰਦੂਕ, ਪੁਰਾਤਨ ਚੁੱਲ੍ਹਾ, ਪੀਂਘ ਅਤੇ ਖੂਹ ਆਦਿ ਦੇਖਣ ਵਾਲਿਆਂ ਦੀ ਭੀੜ ਲੱਗ ਗਈ। ਬਹੁਗਿਣਤੀ ਮੁਟਿਆਰਾਂ ਇਨ੍ਹਾਂ ਪੁਰਾਤਨ ਚੀਜ਼ਾਂ ਨਾਲ ਸੈਲਫੀਆਂ ਲੈਣ ਵਿਚ ਰੁੱਝੀਆਂ ਨਜ਼ਰ ਆਈਆਂ ਜਦਕਿ ਮੇਲੇ ਦੌਰਾਨ ਲੱਗੇ ਸਟਾਲਾਂ ਤੋਂ ਵੱਡੇ ਪੱਧਰ ’ਤੇ ਖਰੀਦਾਰੀ ਕੀਤੀ। ਮੇਲੇ ਦਾ ਮਾਹੌਲ ਹੂ-ਬ-ਹੂ ਪੰਜਾਬ ਵਿਚ ਲੱਗੇ ਕਿਸੇ ਮੇਲੇ ਵਰਗਾ ਮਹਿਸੂਸ ਹੋ ਰਿਹਾ ਸੀ। ਮੇਲੇ ਦੇ ਅਖੀਰਲੇ ਪੜਾਅ ਵਿਚ ਪ੍ਰਬੰਧਕ ਧਰਮਵੀਰ ਧਾਲੀਵਾਲ, ਪਰਮ ਮਾਨ ਅਤੇ ਉਨ੍ਹਾਂ ਦੀ ਬਾਕੀ ਟੀਮ ਵੱਲੋਂ ਮੁੱਖ ਮਹਿਮਾਨ ਨਾਇਬ ਬਰਾੜ, ਮਨਜੀਤ ਕੌਰ ਸਿਐਟਲ ਅਤੇ ਡਾ. ਬਲਵਿੰਦਰ ਕੌਰ ਬਰਾੜ ਕੈਲਗਰੀ ਸਣੇ ਹੋਰਨਾਂ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ।

ਖੀਰ-ਪੂੜਿਆਂ ਦੇ ਸੁਆਦ ਨੇ ਪੰਜਾਬ ਚੇਤੇ ਕਰਵਾਇਆ

ਇਥੇ ਦਸਣਾ ਬਣਦਾ ਹੈ ਕਿ ਮੇਲੇ ਦਾ ਆਨੰਦ ਮਾਣਨ ਆਏ ਸਾਰੇ ਮਹਿਮਾਨਾ ਨੇ ਚਾਹ-ਪਕੌੜੇ ਅਤੇ ਖੀਰ-ਪੂੜਿਆਂ ਸਣੇ ਬਾਕੀ ਪਕਵਾਨਾਂ ਨੂੰ ਬੜੇ ਚਾਅ ਨਾਲ ਖਾਧਾ। ਮੇਲੇ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁੱਖੀ ਰੰਧਾਵਾ ਵੱਲੋਂ ਬਾਖੂਬੀ ਨਿਭਾਈ ਗਈ। ਮੇਲੇ ਵਿਚ ਪੁੱਜੀਆਂ ਸਿਆਸੀ ਸ਼ਖਸੀਅਤਾਂ ਵਿਚ ਮਾਈਕ ਡੀ. ਜੌਂਗ, ਮਾਰਕਸ ਡੈਲਵਿਸ, ਬਰੈਡ ਵਿਸ, ਮੈਰਿਕ ਮੈਟਿਜੀ, ਪਵਨ ਨਿਰਵਾਣ, ਸੀਮਾ ਤੁੰਬਰ, ਕੈਟਰੀਨਾ ਅਨੈਸਟੈਸੀਡਿਸ ਅਤੇ ਤਮੈਸ ਜੈਨਸਿਨ ਦੇ ਨਾਂ ਖਾਸ ਤੌਰ ’ਤੇ ਲਾਏ ਜਾ ਸਕਦੇ ਹਨ। ਦੱਸ ਦੇਈਏ ਕਿ ਕੈਨੇਡਾ ਵਿਚ ਵਸਦੇ ਪੰਜਾਬੀ ਆਪਣੇ ਵਿਰਸੇ ਨੂੰ ਸਾਂਭਣ ਵਿਚ ਵਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ ਅਤੇ ਪੰਜਾਬ ਵਿਚ ਮਨਾਏ ਜਾਂਦੇ ਹਰ ਤਿਉਹਾਰ ਨੂੰ ਵਿਦੇਸ਼ਾਂ ਵਿਚ ਵੀ ਪੂਰੇ ਉਤਸ਼ਾਹ ਨਾਲ ਮਨਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ।

Tags:    

Similar News