ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਵਿਦਾਇਗੀ ਤੈਅ!
ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਵਿਦਾਇਗੀ ਤੈਅ ਮੰਨੀ ਜਾ ਰਹੀ ਹੈ। ਜੀ ਹਾਂ, ਉਪ ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਤਸਦੀਕ ਕਰਨ ਤੋਂ ਪਾਸਾ ਵੱਟ ਲਿਆ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁਕੰਮਲ ਹਮਾਇਤ ਹਾਸਲ ਹੈ;
ਔਟਵਾ : ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਵਿਦਾਇਗੀ ਤੈਅ ਮੰਨੀ ਜਾ ਰਹੀ ਹੈ। ਜੀ ਹਾਂ, ਉਪ ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਤਸਦੀਕ ਕਰਨ ਤੋਂ ਪਾਸਾ ਵੱਟ ਲਿਆ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁਕੰਮਲ ਹਮਾਇਤ ਹਾਸਲ ਹੈ ਅਤੇ ਉਹ ਵਿੱਤ ਮੰਤਰੀ ਬਣੇ ਰਹਿਣਗੇ। ਪੱਤਰਕਾਰਾਂ ਵੱਲੋਂ ਪੁੱਛੇ ਤਿੱਖੇ ਸਵਾਲ ਦਾ ਜਵਾਬ ਦਿੰਦਿਆਂ ਕ੍ਰਿਸਟੀਆ ਫਰੀਲੈਂਡ ਨੇ ਸਿਰਫ ਐਨਾ ਹੀ ਕਿਹਾ, ‘‘ਚੰਗਾ ਹੋਵੇਗਾ ਜੇ ਪ੍ਰਧਾਨ ਮੰਤਰੀ ਆਪਣੇ ਮਨ ਦੀ ਗੱਲ ਸਾਰਿਆਂ ਸਾਹਮਣੇ ਰੱਖਣ।’’ ਪੱਤਰਕਾਰਾਂ ਵੱਲੋਂ ਵਾਰ ਵਾਰ ਮੁੱਦਾ ਛੇੜੇ ਜਾਣ ’ਤੇ ਫਰੀਲੈਂਡ ਨੇ ਆਖਿਆ, ‘‘ਬਿਹਤਰ ਇਹੀ ਹੋਵੇਗਾ ਕਿ ਮੈਂ ਆਪਣਾ ਕੰਮ ਕਾਰਗਰ ਤਰੀਕੇ ਨਾਲ ਕਰਾਂ ਅਤੇ ਮੈਨੂੰ ਆਪਣੇ ਆਪ ’ਤੇ ਪੂਰਾ ਯਕੀਨ ਹੈ।’’
ਟਰੂਡੋ ਦੀ ਮੁਕੰਮਲ ਹਮਾਇਤ ਦੇ ਸਵਾਲ ’ਤੇ ਥਿੜਕ ਗਈ ਫਰੀਲੈਂਡ
ਕ੍ਰਿਸਟੀਆ ਫਰੀਲੈਂਡ ਇਕ ਸਵਾਲ ਦਾ ਜਵਾਬ ਦਿੰਦੇ ਤਾਂ ਦੂਜਾ ਸਵਾਲ ਆ ਜਾਂਦਾ ਹੈ। ਇਸੇ ਦੌਰਾਨ ਇਕ ਪੱਤਰਕਾਰ ਨੇ ਪੁੱਛ ਲਿਆ ਕਿ ਕੀ ਜਸਟਿਨ ਟਰੂਡੋ ਵੱਲੋਂ ਨਿਜੀ ਮੁਲਾਕਾਤ ਦੌਰਾਨ ਬਤੌਰ ਵਿੱਤ ਮੰਤਰੀ ਤੁਹਾਡੀ ਕਾਰਗੁਜ਼ਾਰੀ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਹੈ ਤਾਂ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਪ੍ਰਧਾਨ ਮੰਤਰੀ ਦੇ ਵਿਚਾਰ ਜਾਣਨ ਲਈ ਤੁਹਾਨੂੰ ਪ੍ਰਧਾਨ ਮੰਤਰੀ ਨਾਲ ਹੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ, ‘‘ਬਤੌਰ ਵਿੱਤ ਮੰਤਰੀ ਅਤੇ ਬਤੌਰ ਉਪ ਪ੍ਰਧਾਨ ਮੰਤਰੀ ਆਪਣੇ ਮੁਲਕ ਅਤੇ ਮੁਲਕ ਦੇ ਲੋਕਾਂ ਦੀ ਸੇਵਾ ਕਰਨਾ ਮਾਣ ਵਾਲੀ ਗੱਲ ਹੈ।’’ ਦੂਜੇ ਪਾਸੇ ਲਿਬਰਲ ਪਾਰਟੀ ਦੇ ਇਕ ਐਮ.ਪੀ. ਨੇ ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਕਸ ਦਾ ਮੂਡ ਤਬਦੀਲੀਆਂ ਵੱਲ ਇਸ਼ਾਰਾ ਕਰ ਰਿਹਾ ਹੈ ਅਤੇ ਸਮੱਸਿਆ ਸਿਰਫ ਫਰੀਲੈਂਡ ਤੱਕ ਸੀਮਤ ਨਹੀਂ। ਐਮ.ਪੀ. ਨੇ ਅੱਗੇ ਕਿਹਾ ਕਿ ਲਿਬਰਲ ਪਾਰਟੀ ਆਪਣੀਆਂ ਆਰਥਿਕ ਨੀਤੀਆਂ ਦੇ ਫਾਇਦੇ ਲੋਕਾਂ ਨੂੰ ਜਚਾਉਣ ਵਿਚ ਕਾਮਯਾਬ ਨਹੀਂ ਹੋ ਰਹੀ ਅਤੇ ਅਜਿਹੇ ਵਿਚ ਅਹੁਦੇਦਾਰੀਆਂ ਬਦਲ ਸਕਦੀਆਂ ਹਨ। ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਐਮ.ਪੀ. ਨੇ ਕਿਹਾ ਕਿ ਕੌਕਸ ਮੈਂਬਰ ਸਿੱਧੇ ਤੌਰ ’ਤੇ ਕ੍ਰਿਸਟੀਆ ਫਰੀਲੈਂਡ ਨੂੰ ਵਿੱਤ ਮੰਤਰਾਲਾ ਛੱਡਣ ਦਾ ਸੱਦਾ ਦੇ ਰਹੇ ਹਨ।
ਲਿਬਰਲ ਐਮ.ਪੀ. ਨੇ ਕਿਹਾ, ਹੋਰ ਕਈ ਮੰਤਰੀਆਂ ਦੀ ਹੋ ਸਕਦੀ ਐ ਛੁੱਟੀ
ਇਸੇ ਦੌਰਾਨ ਜਦੋਂ ਫਰੀਲੈਂਡ ਨੂੰ ਮਾਰਕ ਕਾਰਨੀ ਦੇ ਲਿਬਰਲ ਪਾਰਟੀ ਵਿਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਨੂੰ ਲੰਮੇ ਸਮੇਂ ਤੋਂ ਜਾਣਦੇ ਹਨ ਜਿਨ੍ਹਾਂ ਦੇ ਆਉਣ ਨਾਲ ਨਾ ਸਿਰਫ ਪਾਰਟੀ ਸਗੋਂ ਫੈਡਰਲ ਸਰਕਾਰ ਅਤੇ ਸਾਡੇ ਮੁਲਕ ਨੂੰ ਫਾਇਦਾ ਹੋਵੇਗਾ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਸਾਹਮਣੇ ਆਈ ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਵਿਚ ਪ੍ਰਧਾਨ ਮੰਤਰੀ ਦੀ ਚੀਫ ਆਫ ਸਟਾਫ ਕੈਟੀ ਟੈਲਫੋਰਡ ਅਤੇ ਹੋਰਨਾਂ ਵੱਲੋਂ ਵਿੱਤ ਮੰਤਰੀ ’ਤੇ ਦੋਸ਼ ਮੜ੍ਹਨ ਦਾ ਜ਼ਿਕਰ ਕੀਤਾ ਗਿਆ। ਤਾਜ਼ਾ ਖੜਕਾ-ਦੜਕਾ ਤਕਰੀਬਨ ਚਾਰ ਸਾਲ ਵਾਪਰੇ ਘਟਨਾਕ੍ਰਮ ਨਾਲ ਮੇਲ ਖਾਂਦਾ ਹੈ ਜਦੋਂ ਪ੍ਰਧਾਨ ਮੰਤਰੀ ਦਫਤਰ ਅਤੇ ਉਸ ਵੇਲੇ ਦੇ ਵਿੱਤ ਮੰਤਰੀ ਬਿਲ ਮੌਰਨੋ ਵਿਚਾਲੇ ਟਕਰਾਅ ਦੀਆਂ ਰਿਪੋਰਟਾਂ ਆਈਆਂ ਸਨ। ਕ੍ਰਿਸਟੀਆ ਫਰੀਲੈਂਡ ਵੱਲੋਂ ਅਪ੍ਰੈਲ ਵਿਚ ਪੇਸ਼ ਬਜਟ ਰਾਹੀਂ ਨੌਜਵਾਨ ਕੈਨੇਡੀਅਨਜ਼ ਵਾਸਤੇ ਅਰਬਾਂ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ ਤਾਂਕਿ ਸਰਕਾਰ ਦੇ ਅਕਸ ਵਿਚ ਕੁਝ ਸੁਧਾਰ ਹੋ ਸਕੇ। ਪਿਛਲੇ ਸਮੇਂ ਦੌਰਾਨ ਆਏ ਕੁਝ ਸਰਵੇਖਣਾਂ ਵਿਚ ਇਸ ਗੱਲ ਦਾ ਸਾਫ ਤੌਰ ’ਤੇ ਜ਼ਿਕਰ ਹੋਇਆ ਮੁਲਕ ਦੇ ਨੌਜਵਾਨਾਂ ਦਾ ਲਿਬਰਲ ਪਾਰਟੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ।