ਕੈਨੇਡਾ ਵਿਚ ਨਸ਼ਿਆਂ ਦੇ ਵੱਡੇ ਕਾਰਖਾਨੇ ਦਾ ਪਰਦਾ ਫਾਸ਼
ਕੈਨੇਡਾ ਦੇ ਬੀ.ਸੀ. ਵਿਚ ਨਸ਼ੇ ਤਿਆਰ ਕਰਨ ਵਾਲੀ ਇਕ ‘ਸੁਪਰਲੈਬ’ ਦਾ ਪਰਦਾ ਫਾਸ਼ ਕਰਦਿਆਂ ਪੁਲਿਸ ਵੱਲੋਂ ਬਲਵਿੰਦਰ ਜੌਹਲ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।;
ਐਡਮਿੰਟਨ : ਕੈਨੇਡਾ ਦੇ ਬੀ.ਸੀ. ਵਿਚ ਨਸ਼ੇ ਤਿਆਰ ਕਰਨ ਵਾਲੀ ਇਕ ‘ਸੁਪਰਲੈਬ’ ਦਾ ਪਰਦਾ ਫਾਸ਼ ਕਰਦਿਆਂ ਪੁਲਿਸ ਵੱਲੋਂ ਬਲਵਿੰਦਰ ਜੌਹਲ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ 49 ਕਿਲੋ ਐਮ.ਡੀ.ਐਮ.ਏ. ਅਤੇ ਭਾਰੀ ਮਾਤਰਾ ਵਿਚ ਕੈਮੀਕਲਜ਼ ਬਰਾਮਦ ਕੀਤੇ ਗਏ ਜਿਨ੍ਹਾਂ ਰਾਹੀਂ 80 ਕਿਲੋ ਨਸ਼ੀਲਾ ਪਦਾਰਥ ਤਿਆਰ ਕੀਤਾ ਜਾ ਸਕਦਾ ਹੈ। ਆਰ.ਸੀ.ਐਮ.ਪੀ. ਦੇ ਪੈਸੇਫਿਕ ਰੀਜਨ ਫੈਡਰਲ ਪੋਲਿਸਿੰਗ ਪ੍ਰੋਗਰਾਮ ਅਧੀਨ 2022 ਵਿਚ ਪੜਤਾਲ ਆਰੰਭੀ ਗਈ ਅਤੇ ਕੁਝ ਮਹੀਨੇ ਬਾਅਦ ਮੇਪਲ ਰਿਜ ਅਤੇ ਕੌਕੁਇਟਲੈਮ ਵਿਖੇ ਚਾਰ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਛਾਪਿਆਂ ਦੌਰਾਨ ਇਕ ਵੱਡੀ ਅਤੇ ਆਧੁਨਿਕ ਲੈਬ ਬਾਰੇ ਪਤਾ ਲੱਗਾ ਜਿਥੇ ਇਕ ਵਾਰ ਵਿਚ ਕਈ ਕਿਲੋ ਐਮ.ਡੀ.ਐਮ.ਏ. ਤਿਆਰ ਕੀਤਾ ਜਾ ਸਕਦਾ ਸੀ।
ਬਲਵਿੰਦਰ ਜੌਹਲ ਸਣੇ 5 ਜਣੇ ਆਰ.ਸੀ.ਐਮ.ਪੀ. ਨੇ ਕੀਤੇ ਗ੍ਰਿਫ਼ਤਾਰ
ਆਰ.ਸੀ.ਐਮ.ਪੀ. ਦੇ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਦੇ ਸਾਰਜੈਂਟ ਸ਼ੌਨ ਮੈਕਨੀ ਨੇ ਦੱਸਿਆ ਕਿ ਅਜਿਹੀਆਂ ਲੈਬਜ਼ ਰਾਹੀਂ ਵੱਡੇ ਪੱਧਰ ’ਤੇ ਨਸ਼ੇ ਤਿਆਰ ਕਰਦਿਆਂ ਅਪਰਾਧਕ ਗਿਰੋਹਾਂ ਵੱਲੋਂ ਮੋਟੀ ਕਮਾਈ ਕੀਤੀ ਜਾ ਸਕਦੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਵਿਚ ਫਸਾਇਆ ਜਾ ਸਕਦਾ ਹੈ। ਇਸ ਕਿਸੇ ਸਾਧਾਰਣ ਨਸ਼ੇੜੀ ਦਾ ਕੰਮ ਨਹੀਂ ਜੋ ਆਪਣੀ ਜ਼ਰੂਰਤ ਵਾਸਤੇ ਨਸ਼ੀਲੇ ਪਦਾਰਥ ਤਿਆਰ ਕਰ ਰਿਹਾ ਸੀ ਬਲਕਿ ਹਜ਼ਾਰਾਂ ਲੋਕਾਂ ਤੱਕ ਪਹੁੰਚਾਉਣ ਲਈ ਐਮ.ਡੀ.ਐਮ.ਏ. ਤਿਆਰ ਕੀਤਾ ਗਿਆ। ਨਸ਼ਿਲੇ ਪਦਾਰਥ ਅਤੇ ਕੈਮੀਕਲ ਤੋਂ ਇਲਾਵਾ ਪੁਲਿਸ ਨੇ 51 ਹਜ਼ਾਰ ਡਾਲਰ ਨਕਦ, ਇਕ ਮਰਜ਼ਡੀਜ਼ ਬੈਂਜ਼ ਜੀ-ਕਲਾਸ ਅਤੇ ਇਕ ਟੈਸਲਾ 3 ਗੱਡੀ ਵੀ ਬਰਾਮਦ ਕੀਤੀ। ਗ੍ਰਿਫ਼ਤਾਰ ਕੀਤੇ ਸ਼ੱਕੀਆਂ ਦੀ ਪਛਾਣ ਬਲਵਿੰਦਰ ਜੌਹਲ, ਕ੍ਰਿਸਟੋਫਰ ਐਲਵਿਸ, ਰਿਚਰਡ ਵੌਅ, ਡੈਨਿਸ ਹੈਲਸਟੈਡ ਅਤੇ ਸ਼ੌਨ ਕੈਪਿਸ ਵਜੋਂ ਕੀਤੀ ਗਈ ਹੈ। ਸ਼ੱਕੀਆਂ ਨੂੰ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੂਜੇ ਪਾਸੇ ਸਸਕੈਚਵਨ ਸੂਬੇ ਵਿਚ 26 ਕਿਲੋ ਮੇਥਮਫੈਟਾਮਿਨ, 9 ਕਿਲੋ ਕੋਕੀਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
49 ਕਿਲੋ ਐਮ.ਡੀ.ਐਮ.ਏ., ਦੋ ਗੱਡੀਆਂ ਅਤੇ ਨਕਦੀ ਬਰਾਮਦ
ਆਰ.ਸੀ.ਐਮ.ਪੀ. ਨੇ ਦੱਸਿਆ ਕਿ ਸਸਕਾਟੂਨ ਦੇ ਵਸਨੀਕ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 43 ਹਜ਼ਾਰ ਡਾਲਰ ਨਕਦ ਅਤੇ ਇਕ ਹਜ਼ਾਰ ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ। ਸਸਕਾਟੂਨ ਪ੍ਰੋਵਿਨਸ਼ੀਅਲ ਕੋਰਟ ਵਿਚ ਦੋਹਾਂ ਦੀ ਪੇਸ਼ੀ 19 ਸਤੰਬਰ ਨੂੰ ਹੋਵੇਗੀ। ਇੰਸਪੈਕਟਰ ਰਿਚਰਡ ਪਿਕਰਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ੀਲੇ ਪਦਾਰਥ ਕੈਨੇਡਾ ਦੇ ਹਰ ਸੂਬੇ ਨੂੰ ਪ੍ਰਭਾਵਤ ਕਰ ਰਹੇ ਹਨ ਅਤੇ ਇਨ੍ਹਾਂ ਕਰ ਕੇ ਹੀ ਹੋਰ ਅਪਰਾਧਕ ਸਰਗਰਮੀਆਂ ਦਾ ਜਨਮ ਹੁੰਦਾ ਹੈ ਜੋ ਸਮਾਜਿਕ ਸਮੱਸਿਆਵਾਂ ਪੈਦਾ ਕਰਦੀਆਂ ਹਨ। ਕਈ ਪੁਲਿਸ ਮਹਿਕਮਿਆਂ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਨਸ਼ਿਆਂ ਦਾ ਵੱਡਾ ਜ਼ਖੀਰਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ।