ਮੌਰਗੇਜ ਨਵਿਆਉਣ ’ਤੇ ਨਹੀਂ ਦੇਣਾ ਪਵੇਗਾ ਸਟ੍ਰੈਸ ਟੈਸਟ
ਕੈਨੇਡਾ ਵਿਚ ਬਗੈਰ ਬੀਮੇ ਤੋਂ ਘਰ ਕਰਜ਼ਾ ਲੈਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਮੌਰਗੇਜ ਨਵਿਆਉਣ ਸਮੇਂ ਪਹਿਲਾ ਬੈਂਕ ਛੱਡ ਕੇ ਕਿਸੇ ਹੋਰ ਬੈਂਕ ਦੀਆਂ ਸੇਵਾਵਾਂ ਲੈਣ ਵਾਲਿਆਂ ਨੂੰ ਸਟ੍ਰੈਸ ਟੈਸਟ ਤੋਂ ਛੋਟ ਦੇ ਦਿਤੀ ਗਈ।
ਟੋਰਾਂਟੋ : ਕੈਨੇਡਾ ਵਿਚ ਬਗੈਰ ਬੀਮੇ ਤੋਂ ਘਰ ਕਰਜ਼ਾ ਲੈਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਮੌਰਗੇਜ ਨਵਿਆਉਣ ਸਮੇਂ ਪਹਿਲਾ ਬੈਂਕ ਛੱਡ ਕੇ ਕਿਸੇ ਹੋਰ ਬੈਂਕ ਦੀਆਂ ਸੇਵਾਵਾਂ ਲੈਣ ਵਾਲਿਆਂ ਨੂੰ ਸਟ੍ਰੈਸ ਟੈਸਟ ਤੋਂ ਛੋਟ ਦੇ ਦਿਤੀ ਗਈ। ਨਵੇਂ ਨਿਯਮ 21 ਨਵੰਬਰ ਤੋਂ ਲਾਗੂ ਹੋਣਗੇ ਅਤੇ ਘੱਟ ਵਿਆਜ ਦਰਾਂ ਜਾਂ ਬਿਹਤਰ ਕਰਜ਼ਾ ਸਹੂਲਤਾਂ ਦੀ ਭਾਲ ਕਰ ਰਹੇ ਲੋਕਾਂ ਨੂੰ ਬਗੈਰ ਸਟ੍ਰੈਸ ਟੈਸਟ ਤੋਂ ਹੀ ਸਭ ਕੁਝ ਮਿਲ ਜਾਵੇਗਾ। ਅਸਲ ਵਿਚ ਬੀਮੇ ਵਾਲਾ ਘਰ ਕਰਜ਼ਾ ਲੈਣ ਵਾਲਿਆਂ ਨੂੰ 2023 ਵਿਚ ਹੀ ਇਹ ਸਹੂਲਤ ਦੇ ਦਿਤੀ ਗਈ ਅਤੇ ਬਗੈਰ ਬੀਮੇ ਤੋਂ ਘਰ ਕਰਜ਼ਾ ਲੈਣ ਵਾਲੇ ਸ਼ਿਕਾਇਤ ਕਰ ਰਹੇ ਸਨ।
ਪਹਿਲਾ ਬੈਂਕ ਛੱਡ ਕੇ ਦੂਜੇ ਬੈਂਕ ਤੋਂ ਕਰਜ਼ਾ ਲੈ ਸਕਣਗੇ ਲੋਕ
ਓ.ਐਸ.ਐਫ਼.ਆਈ. ਯਾਨੀ ਆਫਿਸ ਆਫ਼ ਦਾ ਸੁਪ੍ਰਿਨਟੈਂਡੈਂਟ ਆਫ਼ ਫਾਇਨੈਂਸ਼ੀਅਲ ਇੰਸਟੀਚਿਊਸ਼ਨਜ਼ ਵਿਚ ਕਮਿਊਨੀਕੇਸ਼ਨਜ਼ ਅਤੇ ਪਾਰਲੀਮਾਨੀ ਮਾਮਲਿਆਂ ਬਾਰੇ ਮੈਨੇਜਰ ਕੁਇਨ ਵਾਟਸਨ ਨੇ ਦੱਸਿਆ ਕਿ ਸਟ੍ਰੈਸ ਟੈਸਟ ਤੋਂ ਰਾਹਤ ਦੀ ਸਹੂਲਤ ਕਰਜ਼ੇ ਦੀ ਮੌਜੂਦਾ ਰਕਮ ’ਤੇ ਹੀ ਉਪਲਬਧ ਹੋਵੇਗੀ। ਵਾਟਸਨ ਨੇ ਅੱਗੇ ਕਿਹਾ ਕਿ ਤਾਜ਼ਾ ਕਦਮ ਨਾਲ ਕੈਨੇਡੀਅਨ ਵਿੱਤੀ ਪ੍ਰਣਾਲੀ ਵਾਸਤੇ ਕੋਈ ਖਤਰਾ ਪੈਦਾ ਨਹੀਂ ਹੁੰਦਾ। ਸਟ੍ਰੈਸ ਟੈਸਟ ਖਤਮ ਹੋਣ ਦੇ ਐਲਾਨ ਮਗਰੋਂ ਬਟਲਰ ਮੌਰਗੇਜ ਦੇ ਰੌਨ ਬਟਲਰ ਨੇ ਕਿਹਾ ਕਿ ਇਸ ਤਰੀਕੇ ਨਾਲ ਕਰਜ਼ਾ ਲੈਣ ਵਾਲਿਆਂ ਨਾਲ ਇਨਸਾਫ਼ ਹੋਇਆ ਹੈ ਕਿਉਂਕਿ ਮੌਰਗੇਜ ਨਵਿਆਉਣ ਵੇਲੇ ਸਟ੍ਰੈਸ ਟੈਸਟ ਦੀ ਕੋਈ ਤੁਕ ਹੀ ਨਹੀਂ ਬਣਦੀ ਪਰ ਬਗੈਰ ਬੀਮੇ ਤੋਂ ਕਰਜ਼ਾ ਲੈਣ ਵਾਲੇ ਇਹ ਅੜਿੱਕਾ ਪਾਰ ਕਰਨ ਲਈ ਮਜਬੂਰ ਸਨ। ਇਥੇ ਦਸਣਾ ਬਣਦਾ ਹੈ ਕਿ ਅਨਇੰਸ਼ੋਰਡ ਮੌਰਗੇਜ ਵਿਚ ਵਿਆਜ ਦਰ, ਕੌਂਟਰੈਕਟ ਰੇਟ ਪਲੱਸ ਦੋ ਫ਼ੀ ਸਦੀ ਵਿਆਜ ਜਾਂ 5.25 ਫੀ ਸਦੀ ਜੋ ਵੀ ਇਨ੍ਹਾਂ ਵਿਚੋਂ ਵੱਧ ਹੋਵੇ, ਮੁਤਾਬਕ ਤੈਅ ਕੀਤੀ ਜਾਂਦੀ ਹੈ। ਬੀਤੇ ਮਾਰਚ ਮਹੀਨੇ ਕੈਨੇਡਾ ਦੇ ਕੰਪੀਟਿਸ਼ਨ ਬਿਊਰੋ ਵੱਲੋਂ ਵੀ ਅਨਇੰਸ਼ੋਰਡ ਮੌਰਗੇਜ ਲੈਣ ਵਾਲਿਆਂ ਨੂੰ ਰੀਨਿਊਲ ਸਮੇਂ ਸਟ੍ਰੈਸ ਟੈਸਟ ਤੋਂ ਰਾਹਤ ਦੇਣ ਦੀ ਸਿਫਾਰਸ਼ ਕੀਤੀ ਗਈ ਸੀ।