ਮਿਸੀਸਾਗਾ ਵਿਚ ਦਿਨ-ਦਿਹਾੜੇ ਲੁੱਟਿਆ ਸਟੋਰ

ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਇਕਬਾਲ ਫੂਡਜ਼ ਦੇ ਮਨੀ ਐਕਸਚੇਂਜ ਕਾਊਂਟਰ ’ਤੇ ਲੁੱਟ ਦੀ ਹੈਰਾਨਕੁੰਨ ਵਾਰਦਾਤ ਸਾਹਮਣੇ ਆਈ ਹੈ ਜਿਸ ਦੌਰਾਨ ਲੁਟੇਰੇ ਨੇ ਸਟੋਰ ਮੁਲਾਜ਼ਮ ਨੂੰ ਘਸੁੰਨ ਮਾਰ ਕੇ ਜ਼ਖਮੀ

Update: 2025-12-17 12:52 GMT

ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਇਕਬਾਲ ਫੂਡਜ਼ ਦੇ ਮਨੀ ਐਕਸਚੇਂਜ ਕਾਊਂਟਰ ’ਤੇ ਲੁੱਟ ਦੀ ਹੈਰਾਨਕੁੰਨ ਵਾਰਦਾਤ ਸਾਹਮਣੇ ਆਈ ਹੈ ਜਿਸ ਦੌਰਾਨ ਲੁਟੇਰੇ ਨੇ ਸਟੋਰ ਮੁਲਾਜ਼ਮ ਨੂੰ ਘਸੁੰਨ ਮਾਰ ਕੇ ਜ਼ਖਮੀ ਕਰ ਦਿਤਾ। ਮਿਸੀਸਾਗਾ ਦੇ 4099, ਐਰਿਨ ਮਿਲਜ਼ ਪਾਰਕਵੇਅ ਇਲਾਕੇ ਵਿਚ ਹੋਈ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਕਾਲੀ ਹੂਡੀ ਵਾਲਾ ਲੁਟੇਰਾ ਸ਼ੀਸ਼ੇ ਵਿਚਲੀ ਵਿਰਲ ਰਾਹੀਂ ਝੜੱਪਾ ਮਾਰ ਕੇ ਮਨੀ ਐਕਸਚੇਂਜ ਕਾਊਂਟਰ ਅੰਦਰ ਦਾਖਲ ਹੋ ਜਾਂਦਾ ਹੈ। ਲੁਟੇਰੇ ਦਾ ਸਾਥੀ ਵੀ ਝੜੱਪਾ ਮਾਰਨ ਦਾ ਯਤਨ ਕਰਦਾ ਹੈ ਪਰ ਸਫ਼ਲ ਨਹੀਂ ਹੁੰਦਾ ਅਤੇ ਦੋ ਸ਼ੱਕੀ ਬਾਹਰ ਖੜ੍ਹੇ ਨਜ਼ਰ ਆਉਂਦੇ ਹਨ। ਇਸੇ ਦੌਰਨਲ ਸਟੋਰ ਦਾ ਇਕ ਮੁਲਾਜ਼ਮ ਸ਼ੱਕੀਆਂ ਨੂੰ ਅੰਦਰ ਦਾਖਲ ਹੋਣ ਤੋਂ ਰੋਕਦਾ ਹੈ ਪਰ ਇਨ੍ਹਾਂ ਵਿਚੋਂ ਇਕ ਜਣਾ ਕੁਝ ਚੀਜ਼ਾਂ ਚੁੱਕ ਕੇ ਫ਼ਰਾਰ ਹੋ ਜਾਂਦਾ ਹੈ।

ਕੈਸ਼ ਕਾਊਂਟਰ ’ਤੇ ਬੈਠਾ ਮੁਲਾਜ਼ਮ ਘਸੁੰਨ ਮਾਰ ਕੇ ਜ਼ਖਮੀ ਕੀਤਾ

ਲੁੱਟ ਦੀ ਵਾਰਦਾਤ ਵੇਲੇ ਸਟੋਰ ਵਿਚ ਘੱਟੋ ਘੱਟ ਇਕ ਦਰਜਨ ਲੋਕ ਮੌਜੂਦ ਸਨ ਪਰ ਸ਼ੱਕੀਆਂ ਦੇ ਜਾਣ ਤੋਂ ਬਾਅਦ ਹੀ ਉਹ ਸਟਾਫ਼ ਮੈਂਬਰ ਦੀ ਮਦਦ ਵਾਸਤੇ ਅੱਗੇ ਆਏ। ਪੀਲ ਰੀਜਨਲ ਪੁਲਿਸ ਦੇ ਕਾਂਸਟੇਬਲ ਟਾਇਲਰ ਬੈਲ ਮੌਰੈਨਾ ਨੇ ਦੱਸਿਆ ਕਿ ਵਾਰਦਾਤ 13 ਦਸੰਬਰ ਨੂੰ ਤਕਰੀਬਨ ਪੌਣੇ ਛੇ ਵਜੇ ਵਾਪਰੀ ਅਤੇ ਚਾਰ ਜਣੇ ਇਕਬਾਲ ਫੂਡਜ਼ ਵਿਚ ਦਾਖਲ ਹੋਏ। ਲੁਟੇਰੇ ਕੈਸ਼ ਕਾਊਂਟਰ ਤੋਂ ਰਕਮ ਖੋਹ ਕੇ ਇਕ ਗੱਡੀ ਵਿਚ ਫ਼ਰਾਰ ਹੋ ਗਏ ਜਿਸ ਦਾ ਡਰਾਈਵਰ ਪਹਿਲਾਂ ਹੀ ਬਾਹਰ ਉਡੀਕ ਕਰ ਰਿਹਾ ਸੀ। ਪੁਲਿਸ ਵੱਲੋਂ ਚਾਰ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਇਕ ਨੇ ਨਕਾਬ ਤੋਂ ਲੈ ਕੇ ਹਰ ਕੱਪੜਾ ਕਾਲਾ ਪਾਇਆ ਹੋਇਆ ਸੀ। ਦੂਜੇ ਸ਼ੱਕੀ ਦੇ ਕੱਪੜਿਆਂ ਦਾ ਰੰਗ ਵੀ ਕਾਲਾ ਹੀ ਦੱਸਿਆ ਜਾ ਰਿਹਾ ਹੈ ਜਦਕਿ ਤੀਜੇ ਸ਼ੱਕੀ ਨੇ ਫਰ ਵਾਲੀ ਕਾਲੀ ਜੈਕਟ ਅਤੇ ਬਲੂ ਹੂਡੀ ਵਾਲਾ ਸਵੈਟਰ ਪਾਇਆ ਹੋਇਆ ਸੀ। ਇਕ ਸ਼ੱਕੀ ਦੇ ਵਾਈਟ ਸ਼ੂਜ਼ ਪਾਏ ਨਜ਼ਰ ਆਏ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 453 2121 ’ਤੇ ਕਾਲ ਕੀਤੀ ਜਾਵੇ।

Tags:    

Similar News