Canadian ਪੁਲਿਸ ’ਚ ਦੂਜਾ ਵੱਡਾ corruption ਹੋਣ ਦੇ ਸੰਕੇਤ

ਕੈਨੇਡਾ ਪੁਲਿਸ ਵਿਚ ਭ੍ਰਿਸ਼ਟਾਚਾਰ ਦਾ ਇਕ ਹੋਰ ਵੱਡਾ ਮਾਮਲਾ ਉਭਰਦਾ ਨਜ਼ਰ ਆਇਆ ਜਦੋਂ ਪੀਲ ਰੀਜਨਲ ਪੁਲਿਸ ਦੇ 82 ਅਫ਼ਸਰਾਂ ਨੂੰ ਮਿਲੀ ਤਰੱਕੀ ਸਵਾਲਾਂ ਦੇ ਘੇਰੇ ਵਿਚ ਆ ਗਈ

Update: 2026-04-04 11:24 GMT

ਬਰੈਂਪਟਨ : ਕੈਨੇਡਾ ਪੁਲਿਸ ਵਿਚ ਭ੍ਰਿਸ਼ਟਾਚਾਰ ਦਾ ਇਕ ਹੋਰ ਵੱਡਾ ਮਾਮਲਾ ਉਭਰਦਾ ਨਜ਼ਰ ਆਇਆ ਜਦੋਂ ਪੀਲ ਰੀਜਨਲ ਪੁਲਿਸ ਦੇ 82 ਅਫ਼ਸਰਾਂ ਨੂੰ ਮਿਲੀ ਤਰੱਕੀ ਸਵਾਲਾਂ ਦੇ ਘੇਰੇ ਵਿਚ ਆ ਗਈ ਅਤੇ ਪੀਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਪੀਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਈਅੱਪਾ ਵੱਲੋਂ ਸਟਾਫ਼ ਸਾਰਜੈਂਟ, ਡਿਟੈਕਟਿਵ ਸਾਰਜੈਂਟ, ਡਿਟੈਕਟਿਵ ਅਤੇ ਸਾਰਜੈਂਟ ਵਜੋਂ ਅਫ਼ਸਰਾਂ ਨੂੰ ਤਰੱਕੀਆਂ ਦਾ ਐਲਾਨ ਕੀਤਾ ਗਿਆ। ਇਨ੍ਹਾਂ ਤਰੱਕੀਆਂ ਵਾਸਤੇ 190 ਇੰਟਰਵਿਊਜ਼ ਹੋਣ ਦੀ ਰਿਪੋਰਟ ਹੈ ਅਤੇ ਪੀਲ ਰੀਜਨਲ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਫ਼ਿਲਹਾਲ ਪੜਤਾਲ ਨਾਲ ਸਬੰਧਤ ਤੱਥ ਸਾਂਝੇ ਨਹੀਂ ਕੀਤੇ ਜਾ ਸਕਦੇ। ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਕਿ ਤਰੱਕੀ ਵਾਸਤੇ ਕਿਹੜਾ ਤਰੀਕਾ ਅਖ਼ਤਿਆਰ ਕੀਤਾ ਗਿਆ। ਚੇਤੇ ਰਹੇ ਕਿ ਹਾਲ ਹੀ ਵਿਚ ਟੋਰਾਂਟੋ ਪੁਲਿਸ ਦੀ ਸਟੇਸੀ ਕਲਾਰਕ ਨੂੰ ਬਿਲਕੁਲ ਇਸੇ ਕਿਸਮ ਦੇ ਮਾਮਲੇ ਵਿਚ ਡਿਮੋਟ ਕਰ ਦਿਤਾ ਗਿਆ।

ਪੀਲ ਰੀਜਨਲ ਪੁਲਿਸ ਦੇ 82 ਅਫ਼ਸਰ ਪੜਤਾਲ ਦੇ ਘੇਰੇ ਵਿਚ

ਸਟੇਸੀ ਦੇ ਡਿਮੋਸ਼ਨ ਮਗਰੋਂ ਪੂਰੇ ਟੋਰਾਂਟੋ ਪੁਲਿਸ ਮਹਿਕਮੇ ਵਿਚ ਤਰੱਕੀ ’ਤੇ ਆਰਜ਼ੀ ਰੋਕ ਵੀ ਲਾਉਣੀ ਪਈ। ਦਿਲਚਸਪ ਤੱਥ ਇਹ ਹੈ ਕਿ ਸਟੇਸੀ ਕਲਾਰਕ ਨੇ ਆਪਣੇ ਬਚਾਅ ਦੌਰਾਨ ਵੱਡੇ ਭੇਤ ਜਗ-ਜ਼ਾਹਰ ਕਰ ਦਿਤਾ ਕਿ ਮਨਪਸੰਦ ਉਮੀਦਵਾਰਾਂ ਨੂੰ ਤਰੱਕੀ ਦੌਰਾਨ ਤਰਜੀਹ ਟੋਰਾਂਟੋ ਪੁਲਿਸ ਵਿਚ ਕੋਈ ਨਵੀਂ ਗੱਲ ਨਹੀਂ। ਸਟੇਸੀ ਕਲਾਰਕ ਦਾ ਮਾਮਲਾ ਇਸ ਕਰ ਕੇ ਵੀ ਚਰਚਾ ਵਿਚ ਰਿਹਾ ਕਿਉਂਕਿ ਉਹ ਟੋਰਾਂਟੋ ਪੁਲਿਸ ਦੇ ਇਤਿਹਾਸ ਵਿਚ ਅਫ਼ਰੀਕੀ ਮੂਲ ਦੀ ਪਹਿਲੀ ਮਹਿਲਾ ਸੁਪਰਡੈਂਟ ਬਣੀ। ਸਟੇਸੀ ਨੂੰ 24 ਮਹੀਨੇ ਵਾਸਤੇ ਇੰਸਪੈਕਟਰ ਦੇ ਅਹੁਦੇ ’ਤੇ ਡਿਮੋਟ ਕੀਤਾ ਗਿਆ ਹੈ। ਉਧਰ, ਪੀਲ ਪੁਲਿਸ ਨੇ ਪੜਤਾਲ ਦੇ ਘੇਰੇ ਵਿਚ ਚੱਲ ਰਹੇ ਅਫ਼ਸਰਾਂ ਦੀ ਗਿਣਤੀ ਦੱਸਣ ਤੋਂ ਨਾਂਹ ਕਰ ਦਿਤੀ। ਪੀਲ ਰੀਜਨਲ ਪੁਲਿਸ ਸਰਵਿਸ ਬੋਰਡ ਦੇ ਮੁਖੀ ਨੈਂਡੋ ਇਆਨਿਕਾ ਨੂੰ ਜਦੋਂ ਕਥਿਤ ਤਰੱਕੀ ਘਪਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚਿੰਤਾਵਾਂ ਦੂਰ ਕਰਨ ਦਾ ਹਰ ਸੰਭਵ ਉਪਾਅ ਕੀਤਾ ਜਾਵੇਗਾ ਅਤੇ ਹਰ ਤਰੱਕੀ ਪੁਲਿਸ ਮਹਿਕਮੇ ਦੀਆਂ ਨੀਤੀਆਂ ਅਤੇ ਨਿਯਮਾਂ ਮੁਤਾਬਕ ਹੋਣੀ ਯਕੀਨੀ ਬਣਾਈ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਪੀਲ ਰੀਜਨਲ ਪੁਲਿਸ ਦੇ ਅਫ਼ਸਰ ਬਲਜੀਵਨ ਸੰਧੂ ਨੂੰ ਨਸਲ ਦੇ ਆਧਾਰ ’ਤੇ ਤਰੱਕੀ ਨਾ ਦੇਣ ਦਾ ਮਾਮਲਾ ਵੀ ਲੰਮਾਂ ਸਮਾਂ ਪਹਿਲਾਂ ਸਾਹਮਣੇ ਆ ਚੁੱਕਾ ਹੈ।

Tags:    

Similar News