ਕੈਨੇਡਾ ’ਚ ਸਕੂਲ ਬੱਸ ਨਾਲ ਹਾਦਸਾ, ਡਰਾਈਵਰ ਹਲਾਕ
ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਸਕੂਲੀ ਵਿਦਿਆਰਥੀਆਂ ਨਾਲ ਭਰੀ ਇਕ ਬੱਸ ਬੇਕਾਬੂ ਹੋ ਕੇ ਖਤਾਨਾਂ ਵਿਚ ਪਲਟ ਗਈ ਅਤੇ ਡਰਾਈਵਰ ਮੌਕੇ ’ਤੇ ਦਮ ਤੋੜ ਗਿਆ
ਲੰਡਨ : ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਸਕੂਲੀ ਵਿਦਿਆਰਥੀਆਂ ਨਾਲ ਭਰੀ ਇਕ ਬੱਸ ਬੇਕਾਬੂ ਹੋ ਕੇ ਖਤਾਨਾਂ ਵਿਚ ਪਲਟ ਗਈ ਅਤੇ ਡਰਾਈਵਰ ਮੌਕੇ ’ਤੇ ਦਮ ਤੋੜ ਗਿਆ। ਹਾਦਸੇ ਦੌਰਾਨ ਕਈ ਬੱਚਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਵਿਚੋਂ ਚਾਰ ਨੂੰ ਹਸਪਤਾਲ ਲਿਜਾਇਆ ਗਿਆ। ਬੱਚਿਆਂ ਦੇ ਮਾਪਿਆਂ ਨੂੰ ਹਾਦਸੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਉਹ ਹਾਦਸੇ ਵਾਲੀ ਥਾਂ ਵੱਲ ਦੌੜੇ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਬੱਸ ਵਿਚ 42 ਜਣੇ ਸਵਾਰ ਸਨ ਜਦੋਂ ਇਹ ਲੰਡਨ ਵਿਖੇ ਹਾਈਵੇਅ 401 ਦੀਆਂ ਪੱਛਮ ਵੱਲ ਜਾ ਰਹੀਆਂ ਲੇਨਜ਼ ’ਤੇ ਬੇਕਾਬੂ ਹੋ ਗਈ। ਫ਼ਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਡਰਾਈਵਰ ਦੀ ਸ਼ਨਾਖ਼ਤ ਵੀ ਜਨਤਕ ਨਹੀਂ ਕੀਤੀ ਗਈ।
ਬੇਕਾਬੂ ਹੋ ਕੇ ਖਤਾਨਾਂ ਵਿਚ ਪਲਟੀ ਬੱਸ
ਹਾਦਸੇ ਮਗਰੋਂ ਪੁਲਿਸ ਨੇ ਈਸਟ ਲੌਇਨ ਕਮਿਊਨਿਟੀ ਸੈਂਟਰ ਵਿਚ ਇਕ ਕਮਾਂਡ ਸੈਂਟਰ ਸਥਾਪਤ ਕਰ ਦਿਤਾ ਜਿਥੇ ਭਿੱਜੀਆਂ ਨਾਲ ਪੁੱਜੇ ਮਾਪੇ ਆਪਣੇ ਬੱਚਿਆਂ ਦੇ ਸੁਰੱਖਿਅਤ ਹੋਣ ’ਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਨਜ਼ਰ ਆਏ। ਮਾਪਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਚਨਰ ਵਾਟਰਲੂ ਕੌਲੀਜੀਏਟ ਐਂਡ ਵੋਕੇਸ਼ਨਲ ਸਕੂਲ ਨਾਲ ਸਬੰਧਤ 9ਵੀਂ ਜਮਾਤ ਦੇ ਬੱਚੇ ਕਈ ਦਿਨ ਦੇ ਟ੍ਰਿਪ ’ਤੇ ਪੁਆਇੰਟ ਪੈਲੀ ਨੈਸ਼ਨਲ ਪਾਰਕ ਵੱਲ ਜਾ ਰਹੇ ਸਨ ਜਦੋਂ ਹਾਦਸਾ ਵਾਪਰਿਆ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ 13 ਸਾਲ ਦੀ ਸ਼ਾਰਲੈਟ ਵੈਲਡਨ ਦੇ ਕੱਪੜੇ ਗਾਰੇ ਨਾਲ ਲਿੱਬੜੇ ਨਜ਼ਰ ਆਏ ਜਦੋਂ ਮਾਪਿਆਂ ਨਾਲ ਆਪਣੇ ਘਰ ਵੱਲ ਰਵਾਨਾ ਹੋ ਰਹੀ ਸੀ। ਜੌੜੀਆਂ ਬੱਚੀਆਂ ਦੀ ਮਾਂ ਲੀਨਾ ਨਾਈਟ ਨੇ ਦੱਸਿਆ ਕਿ ਉਹ ਡਰਾਈਵ ਕਰ ਰਹੀ ਸੀ ਜਦੋਂ ਹਾਦਸੇ ਬਾਰੇ ਪਤਾ ਲੱਗਾ। ਲੀਨਾ ਦਾ ਦਿਮਾਗ ਸੁੰਨ ਹੋ ਗਿਆ ਅਤੇ ਉਸ ਨੇ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕੀਤਾ।
9ਵੀਂ ਜਮਾਤ ਦੇ ਬੱਚਿਆਂ ਸਣੇ 42 ਜਣੇ ਸਨ ਸਵਾਰ
ਪੁਲਿਸ ਨੇ ਲੀਨਾ ਦੀ ਗੱਲ ਉਸ ਦੀਆਂ ਬੱਚੀਆਂ ਨਾਲ ਕਰਵਾਈ ਤਾਂ ਉਸ ਦੇ ਸਾਹ ਵਿਚ ਸਾਹ ਆਇਆ। ਜੌੜੀਆਂ ਭੈਣਾ ਮੈਡੀ ਅਤੇ ਲਿਲੀ ਨੇ ਦੱਸਿਆ ਕਿ ਪਲਟਣ ਤੋਂ ਪਹਿਲਾਂ ਬੱਸ ਕਿਸੇ ਸਾਈਨ ਨਾਲ ਟਕਰਾਈ ਅਤੇ ਅਚਨਚੇਤ ਚੀਕ ਚਿਹਾੜਾ ਮਚ ਗਿਆ। ਭਾਵੇਂ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਵਿਦਿਆਰਥੀਆਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਕਿਸੇ ਕਿਸਮ ਦਾ ਦੌਰਾ ਪਿਆ ਅਤੇ ਬੱਸ ਬੇਕਾਬੂ ਹੋ ਗਈ। ਉਧਰ ਆਪਣੇ ਬੱਚਿਆਂ ਨੂੰ ਗਲ ਲਾਉਂਦਿਆਂ ਮਾਪਿਆਂ ਨੇ ਉਮੀਦ ਜ਼ਾਹਰ ਕੀਤਾ ਕਿ ਸਕੂਲ ਬੱਸਾਂ ਸੁਰੱਖਿਆ ਹੋਰ ਪੁਖਤਾ ਕਰਨ ਦੇ ਉਪਾਅ ਕੀਤੇ ਜਾਣਗੇ। ਇਸੇ ਦੌਰਾਨ ਵਾਟਰਲੂ ਰੀਜਨ ਡਿਸਟ੍ਰਿਕਟ ਸਕੂਲ ਬੋਰਡ ਨੇ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਦਸੇ ਦਾ ਸ਼ਿਕਾਰ ਬੱਸ ਦੇ ਪਿੱਛੇ ਇਕ ਹੋਰ ਬੱਸ ਵੀ ਜਾ ਰਹੀ ਸੀ ਜਿਸ ਨੂੰ ਵਾਪਸ ਸਕੂਲ ਭੇਜ ਦਿਤਾ ਗਿਆ ਅਤੇ ਸਕੂਲ ਬੋਰਡ ਪ੍ਰਬੰਧਕ ਲਗਾਤਾਰ ਮਾਪਿਆਂ ਦੇ ਸੰਪਰਕ ਵਿਚ ਹਨ।