ਉਨਟਾਰੀਓ ਵਿਚ ਅਗਲੇ ਸਾਲ ਮਕਾਨ ਕਿਰਾਏ 2.5 ਫੀ ਸਦੀ ਵਧਣਗੇ
ਉਨਟਾਰੀਓ ਦੇ ਮਕਾਨ ਮਾਲਕ ਅਗਲੇ ਸਾਲ ਕਿਰਾਇਆਂ ਵਿਚ ਢਾਈ ਫੀ ਸਦੀ ਵਾਧਾ ਕਰ ਸਕਣਗੇ। ਡਗ ਫੋਰਡ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੀ ਨਿਖੇਧੀ ਕਰਦਿਆਂ ਵਿਰੋਧੀ ਧਿਰ ਨੇ ਕਿਹਾ ਹੈ ਕਿ ਮਕਾਨ ਕਿਰਾਏ ਪਹਿਲਾਂ ਹੀ ਅਸਮਾਨ ਛੋਹ ਰਹੇ ਹਨ;
ਮਿਸੀਸਾਗਾ : ਉਨਟਾਰੀਓ ਦੇ ਮਕਾਨ ਮਾਲਕ ਅਗਲੇ ਸਾਲ ਕਿਰਾਇਆਂ ਵਿਚ ਢਾਈ ਫੀ ਸਦੀ ਵਾਧਾ ਕਰ ਸਕਣਗੇ। ਡਗ ਫੋਰਡ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੀ ਨਿਖੇਧੀ ਕਰਦਿਆਂ ਵਿਰੋਧੀ ਧਿਰ ਨੇ ਕਿਹਾ ਹੈ ਕਿ ਮਕਾਨ ਕਿਰਾਏ ਪਹਿਲਾਂ ਹੀ ਅਸਮਾਨ ਛੋਹ ਰਹੇ ਹਨ ਅਤੇ ਅਜਿਹੇ ਵਿਚ ਢਾਈ ਫੀ ਸਦੀ ਵਾਧਾ ਕਿਰਾਏਦਾਰਾਂ ’ਤੇ ਨਵਾਂ ਬੋਝ ਪਾਉਣ ਦਾ ਕੰਮ ਕਰੇਗਾ। ਸੂਬਾ ਸਰਕਾਰ ਵੱਲੋਂ 2021 ਵਿਚ ਮਹਾਂਮਾਰੀ ਦੇ ਮੱਦੇਨਜ਼ਰ ਮਕਾਨ ਕਿਰਾਇਆਂ ਵਿਚ ਕੋਈ ਵਾਧਾ ਨਾ ਕਰਨ ਦੀ ਹਦਾਇਤ ਦਿਤੀ ਗਈ ਜਦਕਿ 2022 ਦੌਰਾਨ ਵਾਧਾ ਦਰ 1.2 ਫ਼ੀ ਸਦੀ ਤੱਕ ਸੀਮਤ ਰੱਖੀ ਗਈ।
ਡਗ ਫੋਰਡ ਸਰਕਾਰ ਵੱਲੋਂ 2025 ਲਈ ਹਦਾਇਤਾਂ ਜਾਰੀ
ਡਗ ਫੋਰਡ ਸਰਕਾਰ ਨੇ ਦਾਅਵਾ ਕੀਤਾ ਹੈ ਕਿ 2023 ਅਤੇ 2024 ਦੌਰਾਨ ਰੱਖੀ ਗਈ ਵਾਧਾ ਦਰ ਨੂੰ ਹੀ ਬਰਕਰਾਰ ਰੱਖਿਆ ਗਿਆ ਹੈ ਅਤੇ ਮੁਲਕ ਦੇ ਹੋਰਨਾਂ ਰਾਜਾਂ ਦੇ ਮੁਕਾਬਲੇ ਉਨਟਾਰੀਓ ਵਿਚ ਮਕਾਨ ਕਿਰਾਏ ਵਧਾਉਣ ਦੀ ਰਫ਼ਤਾਰ ਸਭ ਤੋਂ ਹੇਠਲੇ ਪੱਧਰ ’ਤੇ ਹੈ। ਉਧਰ ਐਨ.ਡੀ.ਪੀ. ਦੀ ਹਾਊਸਿੰਗ ਮਾਮਲਿਆਂ ਦੀ ਆਲੋਚਕ ਜੈਸਿਕ ਬੈਲ ਨੇ ਕਿਹਾ ਕਿ ਰਿਹਾਇਸ਼ ਦਾ ਮੌਜੂਦਾ ਸੰਕਟ ਕਿਸੇ ਵੀ ਪਰਵਾਰ ਨੂੰ ਆਪਣਾ ਮਕਾਨ ਖਰੀਦਣ ਜਾਂ ਕਿਰਾਏ ’ਤੇ ਲੈਣ ਲਈ ਸੋਚਣ ’ਤੇ ਮਜਬੂਰ ਕਰ ਦਿੰਦਾ ਹੈ। ਪੀ.ਸੀ. ਪਾਰਟੀ ਦੀ ਸਰਕਾਰ ਨੇ ਛੇ ਸਾਲ ਲੰਘਾ ਦਿਤੇ ਪਰ ਰਿਹਾਇਸ਼ ਦਾ ਸੰਕਟ ਜਿਉਂ ਦਾ ਤਿਉਂ ਬਰਕਰਾਰ ਹੈ। ਹੁਣ ਮਕਾਨ ਕਿਰਾਇਆਂ ਵਿਚ ਢਾਈ ਫੀ ਸਦੀ ਵਾਧੇ ਨੂੰ ਹਰੀ ਝੰਡੀ ਦਿਤੀ ਜਾ ਰਹੀ ਹੈ ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸੂਬਾ ਸਰਕਾਰ ਨੂੰ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਿਚ ਕੋਈ ਦਿਲਚਸਪੀ ਨਹੀਂ।
ਵਿਰੋਧੀ ਧਿਰ ਨੇ ਸੂਬਾ ਸਰਕਾਰ ਦੇ ਕਦਮ ਨੂੰ ਕਿਰਾਏਦਾਰਾਂ ’ਤੇ ਬੋਝ ਦੱਸਿਆ
ਇਥੇ ਦਸਣਾ ਬਣਦਾ ਹੈ ਕਿ ਸੂਬਾ ਸਰਕਾਰ ਦਾ ਰੈਂਟ ਕੰਟਰੋਲ ਨਿਯਮ ਸਿਰਫ ਉਨ੍ਹਾਂ ਰਿਹਾਇਸ਼ੀ ਇਕਾਈਆਂ ’ਤੇ ਲਾਗੂ ਹੁੰਦਾ ਹੈ ਜੋ 15 ਨਵੰਬਰ 2018 ਤੋਂ ਪਹਿਲਾਂ ਕਿਰਾਏ ’ਤੇ ਦਿਤੀਆਂ ਗਈਆਂ ਹੋਣ। ਇਸ ਮਗਰੋਂ ਸਾਹਮਣੇ ਆਈਆਂ ਕਿਰਾਏ ਵਾਲੀਆਂ ਇਕਾਈਆਂ ’ਤੇ ਕੋਈ ਸਾਲਾਨਾ ਹੱਦ ਲਾਗੂ ਨਹੀਂ ਹੁੰਦੀ। ਦੂਜੇ ਪਾਸੇ ਮਕਾਨ ਮਾਲਕਾਂ ਨੂੰ ਢਾਈ ਫੀ ਸਦੀ ਤੋਂ ਜ਼ਿਆਦਾ ਕਿਰਾਇਆ ਵਧਾਉਣ ਲਈ ਲੈਂਡਲੌਰਡ ਐਂਡ ਟੈਨੈਂਟ ਬੋਰਡ ਕੋਲ ਅਰਜ਼ੀ ਦਾਇਰ ਕਰਨੀ ਪੈਂਦੀ ਹੈ ਅਤੇ ਕਿਰਾਏਦਾਰਾਂ ਨੂੰ ਘੱਟੋ ਘੱਟ 90 ਦਿਨ ਪਹਿਲਾਂ ਇਸ ਬਾਰੇ ਦੱਸਣਾ ਲਾਜ਼ਮੀ ਹੈ। ਮਕਾਨ ਕਿਰਾਇਆ ਇਕ ਸਾਲ ਵਿਚ ਸਿਰਫ ਇਕ ਵਾਰ ਹੀ ਵਧਾਇਆ ਜਾ ਸਕਦਾ ਹੈ ਅਤੇ ਜਿਹੜੇ ਕਿਰਾਏਦਾਰ ਮਹਿਸੂਸ ਕਰਨ ਕਿ ਕਿਰਾਏ ਵਿਚ ਗੈਰਵਾਜਬ ਤਰੀਕੇ ਨਾਲ ਵਾਧਾ ਕੀਤਾ ਗਿਆ ਹੈ ਤਾਂ ਉਹ ਇਸ ਵਿਰੁੱਧ ਲੈਂਡਲੌਰਡ ਐਂਡ ਟੈਨੈਂਟ ਬੋਰਡ ਕੋਲ ਅਰਜ਼ੀ ਦਾਇਰ ਕਰ ਸਕਦੇ ਹਨ।