ਕੈਨੇਡਾ ਦੇ ਪ੍ਰਧਾਨ ਮੰਤਰੀ ਵਿਰੁੱਧ ਬਗਾਵਤ ਹੋਈ ਸ਼ੁਰੂ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਬਗਾਵਤ ਕਰਦਿਆਂ ਲਿਬਰਲ ਪਾਰਟੀ ਦੇ ਕਈ ਐਮ.ਪੀਜ਼ 2025 ਦੀਆਂ ਆਮ ਚੋਣਾਂ ਨਾ ਲੜਨ ਦਾ ਐਲਾਨ ਕਰ ਸਕਦੇ ਹਨ।

Update: 2024-07-04 11:37 GMT

ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਬਗਾਵਤ ਕਰਦਿਆਂ ਲਿਬਰਲ ਪਾਰਟੀ ਦੇ ਕਈ ਐਮ.ਪੀਜ਼ 2025 ਦੀਆਂ ਆਮ ਚੋਣਾਂ ਨਾ ਲੜਨ ਦਾ ਐਲਾਨ ਕਰ ਸਕਦੇ ਹਨ। ਸੀ.ਬੀ.ਸੀ. ਵੱਲੋਂ ਇਕ ਲਿਬਰਲ ਐਮ.ਪੀ. ਨਾਲ ਗੱਲਬਾਤ ਦੇ ਆਧਾਰ ’ਤੇ ਪ੍ਰਕਾਸ਼ਤ ਰਿਪੋਰਟ ਮੁਤਾਬਕ ਟੋਰਾਂਟੋ-ਸੇਂਟ ਪੌਲ ਜ਼ਿਮਨੀ ਚੋਣ ਦੀ ਹਾਰ ਦੇ ਬਾਵਜੂਦ ਟਰੂਡੋ ਵੱਲੋਂ ਲਿਬਰਲ ਆਗੂ ਦੀ ਕੁਰਸੀ ਨਾ ਛੱਡਣ ਦੀ ਜ਼ਿਦ ਪੁਆੜੇ ਦੀ ਜੜ ਬਣਦੀ ਜਾ ਰਹੀ ਹੈ। ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਲਿਬਰਲ ਐਮ.ਪੀ. ਨੇ ਕਿਹਾ ਕਿ ਜਸਟਿਨ ਟਰੂਡੋ ਨੂੰ ਪਸੰਦ ਨਾ ਕਰਨ ਵਾਲੇ ਕੈਨੇਡੀਅਨਜ਼ ਦੀ ਗਿਣਤੀ ਐਨੀ ਜ਼ਿਆਦਾ ਵਧ ਚੁੱਕੀ ਹੈ ਕਿ ਅਗਲੀਆਂ ਆਮ ਚੋਣਾਂ ਦੌਰਾਨ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਐਮ.ਪੀ. ਨੇ ਦਾਅਵਾ ਕੀਤਾ ਕਿ ਇਸ ਵੇਲੇ ਟਰੂਡੋ ਦੀ ਅਗਵਾਈ ਹੇਠ ਪਾਰਟੀ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।

ਕੁਰਸੀ ਨਾ ਛੱਡਣ ’ਤੇ ਕਈ ਐਮ.ਪੀਜ਼ ਕਰ ਸਕਦੇ ਨੇ ਚੋਣਾਂ ਨਾ ਲੜਨ ਦਾ ਐਲਾਨ

ਦੂਜੇ ਪਾਸੇ ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਬਰਲ ਕੌਕਸ ਦੀ ਮੀਟਿੰਗ ਸੱਦਣ ਤੋਂ ਟਾਲਾ ਵਟ ਲਿਆ ਅਤੇ ਕਿਹਾ ਕਿ ਉਹ ਇਕੱਲੇ ਇਕੱਲੇ ਐਮ.ਪੀ. ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਟੋਰਾਂਟੋ-ਸੇਂਟ ਪੌਲ ਦੀ ਚੋਣ ਚੁਣੌਤੀਆਂ ਭਰੀ ਸੀ ਅਤੇ ਨਤੀਜੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਹੁਤ ਕੁਝ ਕਰਨਾ ਹੋਵੇਗਾ। ਟਰੂਡੋ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਲਕ ਦੇ ਕੋਨੇ ਕੋਨੇ ਤੋਂ ਲਿਬਰਲ ਕੌਕਸ ਮੈਂਬਰਾਂ ਦੇ ਫੋਨ ਆ ਰਹੇ ਹਨ। ਦੂਜੇ ਪਾਸੇ ਸੀ.ਬੀ.ਸੀ. ਨਾਲ ਗੱਲਬਾਤ ਕਰਨ ਵਾਲੇ ਲਿਬਰਲ ਐਮ.ਪੀ. ਨੇ ਕਿਹਾ ਕਿ ਟਰੂਡੋ ਨੂੰ ਹਰ ਕੌਕਸ ਮੈਂਬਰ ਨਾਲ ਵੱਖਰੇ ਤੌਰ ’ਤੇ ਗੱਲ ਕਰਨੀ ਚਾਹੀਦੀ ਹੈ ਜੋ ਟੋਰਾਂਟੋ-ਸੇਂਟ ਪੌਲ ਦੀ ਹਾਰ ਤੋਂ ਘਬਰਾਏ ਹੋਏ ਹਨ। ਇਸੇ ਦੌਰਾਨ ਜਿਥੇ ਟਰੂਡੋ ਵਿਰੁੱਧ ਬਗਾਵਤ ਦੀਆਂ ਕਨਸੋਆਂ ਮਿਲ ਰਹੀਆਂ ਹਨ, ਉਥੇ ਹੀ ਵਿੰਨੀਪੈਗ ਨੌਰਥ ਤੋਂ ਲਿਬਰਲ ਐਮ.ਪੀ. ਕੈਵਿਨ ਲਾਮੇਯੂਕਸ ਨੇ ਕਿਹਾ ਕਿ ਉਹ ਅਗਲੀਆਂ ਆਮ ਚੋਣਾਂ ਤਾਂ ਹੀ ਲੜਨਗੇ ਜੇ ਟਰੂਡੋ ਪਾਰਟੀ ਆਗੂ ਬਣੇ ਰਹਿੰਦੇ ਹਨ। ਦੂਜੇ ਪਾਸੇ ਕੈਲਗਰੀ

ਜਸਟਿਨ ਟਰੂਡੋ ਨੇ ਕੌਕਸ ਮੀਟਿੰਗ ਸੱਦਣ ਤੋਂ ਟਾਲਾ ਵੱਟਿਆ

ਸਕਾਈਵਿਊ ਹਲਕੇ ਤੋਂ ਲਿਬਰਲ ਐਮ.ਪੀ. ਜਾਰਜ ਚਹਿਲ ਅਤੇ ਅੱਠ ਹੋਰ ਐਮ.ਪੀਜ਼ ਵੱਲੋਂ ਲਿਬਰਲ ਨੈਸ਼ਨਲ ਕੌਕਸ ਦੀ ਮੁਖੀ ਬਰੈਂਡਾ ਸ਼ੈਨਾਹਨ ਨੂੰ ਚਿੱਠੀ ਲਿਖਦਿਆਂ ਔਟਵਾ ਵਿਖੇ ਆਹਮੋ ਸਾਹਮਣੀ ਮੀਟਿੰਗ ਸੱਦਣ ਦੀ ਅਪੀਲ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਟਰੂਡੋ ਮੀਟਿੰਗ ਸੱਦਣ ਦੇ ਮੂਡ ਵਿਚ ਨਜ਼ਰ ਨਹੀਂ ਆਉਂਦੇ। ਟਰੂਡੋ ਦਾ ਕਹਿਣਾ ਹੈ ਕਿ ਉਹ ਐਮ.ਪੀਜ਼ ਨੂੰ ਆਪਣੇ ਰਾਏ ਪ੍ਰਗਟਾਉਣ ਦਾ ਮੌਕਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਲੋਕਤੰਤਰੀ ਮੁਲਕਾਂ ਨੂੰ ਚੁਣੌਤੀਆਂ ਦਾ ਟਾਕਰਾ ਕਰਨਾ ਪੈ ਰਿਹਾ ਹੈ। ਚਾਹੇ ਫਰਾਂਸ ਹੋਵੇ ਜਾਂ ਅਮਰੀਕਾ, ਹਰ ਪਾਸੇ ਜਮਹੂਰੀਅਤ ਦੇ ਸਿਧਾਂਤਾਂ ਅਤੇ ਹੱਕਾਂ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦੀਆਂ ਇਨ੍ਹਾਂ ਦਲੀਲਾਂ ਨਾਲ ਅਸਹਿਮਤੀ ਜ਼ਾਹਰ ਕਰਦਿਆਂ ਅਣਪਛਾਤੇ ਐਮ.ਪੀ. ਨੇ ਕਿਹਾ ਕਿ ਵੱਡੇ ਪੱਧਰ ’ਤੇ ਨੀਤੀਆਂ ਬਦਲ ਕੇ ਵੀ ਲਿਬਰਲ ਪਾਰਟੀ ਨੂੰ ਉਭਾਰਿਆ ਨਹੀਂ ਜਾ ਸਕਦਾ ਅਤੇ ਹੁਣ ਟਰੂਡੋ ਨੂੰ ਅਸਤੀਫ਼ਾ ਦੇਣ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਚੇਤੇ ਰਹੇ ਕਿ ਟਰੂਡੋ ਦੀ ਸਾਬਕਾ ਮੰਤਰੀ ਕੈਥਰੀਨ ਮਕੈਨਾ ਅਤੇ ਇਕ ਲਿਬਰਲ ਐਮ.ਪੀ. ਸਿੱਧੇ ਤੌਰ ’ਤੇ ਉਨ੍ਹਾਂ ਦਾ ਅਸਤੀਫਾ ਮੰਗ ਚੁੱਕੇ ਹਨ। ਇਸ ਤੋਂ ਇਲਾਵਾ 1993 ਤੋਂ 2021 ਤੱਕ ਐਮ.ਪੀ. ਰਹੇ ਵੇਨ ਈਸਟਰ ਅਤੇ 1988 ਤੋਂ 2004 ਤੱਕ ਐਮ.ਪੀ. ਰਹਿ ਚੁੱਕੇ ਜੌਹਨ ਮੈਨਲੀ ਵੀ ਟਰੂਡੋ ਨੂੰ ਅਸਤੀਫਾ ਦੇਣ ਦਾ ਸੱਦਾ ਦੇ ਚੁੱਕੇ ਹਨ।

Tags:    

Similar News