ਜਸਟਿਨ ਟਰੂਡੋ ਵਿਰੁੱਧ ਬਗਾਵਤ ਤੇਜ਼, 50 ਐਮ.ਪੀਜ਼ ਨੇ ਮੰਗਿਆ ਅਸਤੀਫ਼ਾ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਉਨਟਾਰੀਓ ਦੇ 50 ਤੋਂ ਵੱਧ ਐਮ.ਪੀਜ਼ ਟਰੂਡੋ ਦੀ ਵਿਦਾਇਗੀ ਚਾਹੁੰਦੇ ਹਨ।
ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਉਨਟਾਰੀਓ ਦੇ 50 ਤੋਂ ਵੱਧ ਐਮ.ਪੀਜ਼ ਟਰੂਡੋ ਦੀ ਵਿਦਾਇਗੀ ਚਾਹੁੰਦੇ ਹਨ। ਕ੍ਰਿਸਟੀਆ ਫਰੀਲੈਂਡ ਦੇ ਅਸਤੀਫ਼ੇ ਮਗਰੋਂ ਹਾਲਾਤ ਤੇਜ਼ੀ ਨਾਲ ਬਦਲੇ ਅਤੇ ਜ਼ਿਆਦਾਤਰ ਲਿਬਰਲ ਐਮ.ਪੀਜ਼ ਦਾ ਮੰਨਣਾ ਹੈ ਕਿ ਪਾਰਟੀ ਆਗੂ ਦੇ ਅਹੁਦੇ ਲਈ ਫਰੀਲੈਂਡ ਸਰਬਪ੍ਰਵਾਨਤ ਚਿਹਰਾ ਹੋ ਸਕਦੇ ਹਨ। ਜਸਟਿਨ ਟਰੂਡੋ ਦੇ ਵਫ਼ਾਦਾਰਾਂ ਵਿਚੋਂ ਇਕ ਮੰਨੇ ਜਾਂਦੇ ਚੰਦਰਾ ਆਰਿਆ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦਾ ਸਮਾਂ ਆ ਗਿਆ ਹੈ ਕਿਉਂਕਿ ਲਿਬਰਲ ਕੌਕਸ ਦੇ ਜ਼ਿਆਦਾਤਰ ਮੈਂਬਰ ਨਵੇਂ ਆਗੂ ਦੀ ਅਗਵਾਈ ਹੇਠ ਚੋਣਾਂ ਲੜਨ ਦੇ ਇੱਛਕ ਹਨ।
ਕ੍ਰਿਸਟੀਆ ਫਰੀਲੈਂਡ ਨੂੰ ਨਵਾਂ ਆਗੂ ਦੇਖਣਾ ਚਾਹੁੰਦੀ ਐ ਲਿਬਰਲ ਕੌਕਸ
ਇਸੇ ਦੌਰਾਨ ਕਿਊਬੈਕ ਤੋਂ ਲਿਬਰਲ ਐਮ.ਪੀ. ਐਂਥਨੀ ਹਾਊਸਫਾਦਰ ਨੇ ਸੀ.ਬੀ. ਸੀ. ਦੇ ਇਕ ਸ਼ੋਅ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਕੈਨੇਡੀਅਨਜ਼ ਲਿਬਰਲ ਪਾਰਟੀ ਨੂੰ ਵੋਟ ਪਾਉਣਾ ਚਾਹੁਣਗੇ ਪਰ ਮੌਜੂਦਾ ਆਗੂ ਨੂੰ ਸੰਭਾਵਤ ਤੌਰ ’ਤੇ ਨਾਪਸੰਦ ਕਰ ਚੁੱਕੇ ਹਨ। ਟਰੂਡੋ ਨੇ ਪਾਰਟੀ ਆਗੂ ਦਾ ਅਹੁਦਾ ਨਾ ਛੱਡਿਆ ਤਾਂ ਹਾਲਾਤ ਹੋਰ ਜ਼ਿਆਦਾ ਬਦਤਰ ਹੋ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁਲਕ ਨੂੰ ਅਜਿਹੇ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਜੋ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵੱਲੋਂ ਦਿਤੀ 25 ਫੀ ਸਦੀ ਟੈਕਸ ਲਾਉਣ ਦੀ ਧਮਕੀ ਦਾ ਡਟ ਕੇ ਟਾਕਰਾ ਕਰ ਸਕੇ। ਹਾਊਸਫ਼ਾਦਰ ਨੇ ਟਰੂਡੋ ਦੇ ਸੰਭਾਵਤ ਉਤਰਾਧਿਕਾਰੀ ਦਾ ਨਾਂ ਲਏ ਬਗੈਰ ਕਿਹਾ ਕਿ ਅੰਤਰਮ ਆਗੂ ਦੀ ਚੋਣ ਕਰਨ ਵਿਚ ਸਿਰਫ ਇਕ ਦਿਨ ਲੱਗਣਾ ਹੈ ਅਤੇ ਇਸ ਦੇ ਨਾਲ ਹੀ ਨਵਾਂ ਲੀਡਰ ਚੁਣਨ ਦੀ ਪ੍ਰਕਿਰਿਆ ਵੱਖਰੇ ਤੌਰ ’ਤੇ ਚਲਾਈ ਜਾ ਸਕਦੀ ਹੈ। ਦੂਜੇ ਪਾਸੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਪਿਛਲੇ ਕਈ ਮਹੀਨੇ ਤੋਂ ਬਾਗੀ ਸੁਰਾਂ ਦਾ ਟਾਕਰਾ ਕਰ ਰਹੇ ਜਸਟਿਨ ਟਰੂਡੋ ਲਈ ਮੌਜੂਦਾ ਹਾਲਾਤ ਖਤਰੇ ਦੀ ਘੰਟੀ ਬਣ ਚੁੱਕੇ ਹਨ। ਉਨਟਾਰੀਓ ਤੋਂ ਬਾਹਰਲੇ ਰਾਜਾਂ ਦੇ ਬਾਗੀਆਂ ਦੀ ਗਿਣਤੀ ਜੋੜ ਲਈ ਜਾਵੇ ਤਾਂ ਲਿਬਰਲ ਪਾਰਟੀ ਦੇ ਅੱਧੇ ਤੋਂ ਵੱਧ ਐਮ.ਪੀ. ਟਰੂਡੋ ਦੇ ਅਸਤੀਫ਼ੇ ਦੇ ਹੱਕ ਵਿਚ ਨਜ਼ਰ ਆ ਰਹੇ ਹਨ।
ਬਾਗੀਆਂ ਨੇ ਕਿਹਾ, ਟਰੂਡੋ ਦੇ ਅਸਤੀਫ਼ੇ ਤੋਂ ਘੱਟ ਕੁਝ ਪ੍ਰਵਾਨ ਨਹੀਂ
ਇਥੇ ਦਸਣਾ ਬਣਦਾ ਹੈ ਕਿ ਲਿਬਰਲ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਸੀਟ ਦੀ ਜ਼ਿਮਨੀ ਚੋਣ ਵਿਚ ਹਾਰ ਮਗਰੋਂ ਟਰੂਡੋ ਦੇ ਅਸਤੀਫ਼ੇ ਦੀ ਮੰਗ ਉਠੀ ਜੋ ਮੌਂਟਰੀਅਲ ਇਲਾਕੇ ਵਿਚ ਹੋਈ ਦੂਜੀ ਜ਼ਿਮਨੀ ਚੋਣ ਵਿਚ ਹਾਰ ਮਗਰੋਂ ਜ਼ੋਰ ਫੜਨ ਲੱਗੀ। ਇਸੇ ਦੌਰਾਨ ਟਰੰਪ ਨੇ ਕੈਨੇਡੀਅਨ ਵਸਤਾਂ ’ਤੇ 25 ਫੀ ਸਦੀ ਟੈਕਸ ਲਾਉਣ ਦੀ ਧਮਕੀ ਦੇ ਦਿਤੀ ਅਤੇ ਬੀ.ਸੀ. ਵਿਚ ਕਲੋਵਰਡੇਲ-ਲੈਂਗਲੀ ਸਿਟੀ ਪਾਰਲੀਮਾਨੀ ਹਲਕੇ ਵਿਚ ਲਿਬਰਲ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਘੱਟ ਗਿਣਤੀ ਲਿਬਰਲ ਸਰਕਾਰ ਨੂੰ ਵਿਰੋਧੀ ਧਿਰ ਦੇ ਬੇਵਿਸਾਹੀ ਮਤਿਆਂ ਤੋਂ ਬਚਾਉਂਦੇ ਆ ਰਹੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਖੁਣ ਬੇਵਿਸਾਹੀ ਮਤਾ ਲਿਆਉਣ ਦੀਆਂ ਗੱਲਾਂ ਕਰ ਰਹੇ ਹਨ ਅਤੇ ਅਜਿਹੇ ਵਿਚ ਨਵੇਂ ਪ੍ਰਧਾਨ ਮੰਤਰੀ ਦੇ ਆਉਣ ਨਾਲ ਸਮੇਂ ਤੋਂ ਪਹਿਲਾਂ ਚੋਣਾਂ ਨੂੰ ਟਾਲਿਆ ਜਾ ਸਕਦਾ ਹੈ।