ਆਰ.ਸੀ.ਐਮ.ਪੀ. ਨੇ ਕੈਨੇਡਾ-ਅਮਰੀਕਾ ਬਾਰਡਰ ’ਤੇ ਚੌਕਸੀ ਵਧਾਈ

ਆਰ.ਸੀ.ਐਮ.ਪੀ. ਵੱਲੋਂ ਈਸਟ੍ਰਨ ਰੀਜਨ ਵਿਚ ਆਪਣੇ 25 ਫੀ ਸਦੀ ਮੁਲਾਜ਼ਮਾਂ ਨੂੰ ਨਵੇਂ ਸਿਰੇ ਤੋਂ ਤੈਨਾਤ ਕਰਦਿਆਂ ਕੌਮਾਂਤਰੀ ਬਾਰਡਰ ’ਤੇ ਨਿਗਰਾਨੀ ਵਧਾਉਣ ਦਾ ਉਪਰਾਲਾ ਕੀਤਾ ਗਿਆ ਹੈ।;

Update: 2024-11-30 09:49 GMT

ਮੌਂਟਰੀਅਲ : ਆਰ.ਸੀ.ਐਮ.ਪੀ. ਵੱਲੋਂ ਈਸਟ੍ਰਨ ਰੀਜਨ ਵਿਚ ਆਪਣੇ 25 ਫੀ ਸਦੀ ਮੁਲਾਜ਼ਮਾਂ ਨੂੰ ਨਵੇਂ ਸਿਰੇ ਤੋਂ ਤੈਨਾਤ ਕਰਦਿਆਂ ਕੌਮਾਂਤਰੀ ਬਾਰਡਰ ’ਤੇ ਨਿਗਰਾਨੀ ਵਧਾਉਣ ਦਾ ਉਪਰਾਲਾ ਕੀਤਾ ਗਿਆ ਹੈ। ਡੌਨਲਡ ਟਰੰਪ ਦੀ ਧਮਕੀ ਮਗਰੋਂ ਆਰ.ਸੀ.ਐਮ.ਪੀ. ਦੀ ਇਹ ਕਾਰਵਾਈ ਸਾਹਮਣੇ ਆਈ ਹੈ ਅਤੇ ਪੂਰਬੀ ਖਿਤੇ ਵਿਚ ਕਿਊਬੈਕ ਤੇ ਨਿਊ ਬ੍ਰਨਜ਼ਵਿਕ ਦੀ ਸਰਹੱਦ ਅਮਰੀਕਾ ਨਾਲ ਲਗਦੀ ਹੈ। ਆਰ.ਸੀ.ਐਮ.ਪੀ. ਦੀ ਤਰਜਮਾਨ ਕਾਰਪੋਰਲ ਮਾਰਟੀਨਾ ਪਿਲਾਰੋਵਾ ਨੇ ਦੱਸਿਆ ਕਿ ਸਿਰਫ ਕੌਮਾਂਤਰੀ ਬਾਰਡਰ ਦੀ ਨਿਗਰਾਨੀ ਵਾਸਤੇ ਅਫਸਰਾਂ ਦੀ ਮੁੜ ਤੈਨਾਤੀ ਨਹੀਂ ਕੀਤੀ ਗਈ ਸਗੋਂ ਫੈਡਰਲ ਜ਼ਰੂਰਤਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਪਿਲਾਰੋਵਾ ਨੇ ਤਾਜ਼ਾ ਕਦਮ ਨੂੰ ਗੈਰਸਾਧਾਰਣ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੌਮਾਂਤਰੀ ਬਾਰਡਰ ’ਤੇ ਹੁਣ ਤੱਕ ਹਾਲਾਤ ਸਥਿਰ ਬਣੇ ਹੋਏ ਸਨ ਅਤੇ ਪੁਲਿਸ ਦੀ ਕਾਰਵਾਈ ਆਮ ਵਾਂਗ ਚੱਲ ਰਹੀ ਸੀ।

ਈਸਟ੍ਰਨ ਰੀਜਨ ਦੇ 25 ਫੀ ਸਦੀ ਮੁਲਾਜ਼ਮਾਂ ਦੀ ਮੁੜ ਤੈਨਾਤੀ

ਉਧਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਕੈਨੇਡਾ ਵੱਲ ਜਾਣ ਵਾਲਿਆਂ ਦੀ ਗਿਣਤੀ ਘਟਣ ਦਾ ਸਿਹਰਾ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਾਲੇ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਰਡਰ ’ਤੇ ਵਧੇਰੇ ਚੌਕਸੀ ਸਦਕਾ ਇਹ ਸੰਭਵ ਹੋ ਸਕਿਆ ਜਦਕਿ ਕੈਨੇਡੀਅਨ ਧਿਰ ਸੇਫ ਥਰਡ ਕੰਟਰੀ ਸਮਝੌਤੇ ਨੂੰ ਇਸ ਦਾ ਮੁੱਖ ਕਾਰਨ ਮੰਨ ਰਹੀ ਹੈ। ਸੰਧੀ ਵਿਚਲੀਆਂ ਚੋਰ ਮੋਰੀਆਂ ਬੰਦ ਕੀਤੇ ਜਾਣ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਰੌਕਸਮ ਰੋਡ ਰਾਹੀਂ ਦਾਖਲ ਹੁੰਦਿਆਂ ਕੈਨੇਡਾ ਵਿਚ ਪਨਾਹ ਮੰਗ ਰਹੇ ਸਨ ਪਰ ਨਵੇਂ ਸਿਰੇ ਤੋਂ ਸੰਧੀ ਲਾਗੂ ਹੋਣ ਮਗਰੋਂ 69 ਫੀ ਸਦੀ ਕਮੀ ਦਰਜ ਕੀਤੀ ਗਈ। ਤਾਜ਼ਾ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਅਕਤੂਬਰ ਵਿਚ 1,025 ਲੋਕਾਂ ਨੂੰ ਰੋਕਿਆ ਗਿਆ ਜਦਕਿ ਜੂਨ ਵਿਚ ਇਹ ਅੰਕੜਾ 3,300 ਦਰਜ ਕੀਤਾ ਗਿਆ ਸੀ।

ਟਰੰਪ ਦੀ ਧਮਕੀ ਮਗਰੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਦਾ ਉਪਰਾਲਾ

ਉਧਰ ਕੈਨੇਡਾ ਵਾਲੇ ਪਾਸੇ ਆਰ.ਸੀ.ਐਮ.ਪੀ. ਨੇ ਬਾਰਡਰ ਪਾਰ ਕਰਨ ਦੇ 950 ਯਤਨ ਰੋਕੇ ਜਿਨ੍ਹਾਂ ਵਿਚੋਂ ਸਭ ਤੋਂ ਵੱਧ 449 ਬੀ.ਸੀ. ਅਤੇ 393 ਕਿਊਬੈਕ ਵਿਖੇ ਸਾਹਮਣੇ ਆਏ। ਇਥੇ ਦਸਣਾ ਬਣਦਾ ਹੈ ਕਿ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸੂਬਾਈ ਬਾਰਡਰ ਪੈਟਰੋਲ ਏਜੰਸੀ ਬਣਾਉਣ ’ਤੇ ਵਿਚਾਰ ਕਰ ਰਹੇ ਹਨ ਪਰ ਆਰ.ਸੀ.ਐਮ.ਪੀ. ਵੱਲੋਂ ਐਲਬਰਟਾ ਅਤੇ ਮੌਨਟੈਨਾ ਦੀ ਸਰਹੱਦ ’ਤੇ ਮੌਜੂਦਾ ਵਰ੍ਹੇ ਦੌਰਾਨ ਕਿਸੇ ਗੈਰਕਾਨੂੰਨੀ ਪ੍ਰਵਾਸੀ ਨੂੰ ਰੋਕੇ ਜਾਣ ਦੀ ਰਿਪੋਰਟ ਨਹੀਂ ਹੈ। ਅਮਰੀਕਾ ਦੇ ਬਾਰਡਰ ਏਜੰਟਾਂ ਵੱਲੋਂ 100 ਯਤਨ ਰੋਕਣ ਦਾ ਦਾਅਵਾ ਕੀਤਾ ਗਿਆ ਹੈ ਜਦੋਂ ਕੁਝ ਲੋਕ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦਾ ਯਤਨ ਕਰਦੇ ਫੜੇ ਗਏ।

Tags:    

Similar News