ਆਰ.ਸੀ.ਐਮ.ਪੀ. ਵੱਲੋਂ ਬਾਰਡਰ ’ਤੇ ਅਫ਼ਸਰਾਂ ਦੀ ਗਿਣਤੀ ’ਚ 35 ਫ਼ੀ ਸਦੀ ਵਾਧਾ
ਆਰ.ਸੀ.ਐਮ.ਪੀ.ਵੱਲੋਂ ਅਮਰੀਕਾ ਨਾਲ ਲਗਦੀ ਸਰਹੱਦ ’ਤੇ ਆਪਣੇ ਅਫ਼ਸਰਾਂ ਦੀ ਗਿਣਤੀ 35 ਫ਼ੀ ਸਦੀ ਵਧਾ ਦਿਤੀ ਗਈ ਹੈ;
ਟੋਰਾਂਟੋ : ਆਰ.ਸੀ.ਐਮ.ਪੀ.ਵੱਲੋਂ ਅਮਰੀਕਾ ਨਾਲ ਲਗਦੀ ਸਰਹੱਦ ’ਤੇ ਆਪਣੇ ਅਫ਼ਸਰਾਂ ਦੀ ਗਿਣਤੀ 35 ਫ਼ੀ ਸਦੀ ਵਧਾ ਦਿਤੀ ਗਈ ਹੈ। ਆਰ.ਸੀ.ਐਮ.ਪੀ. ਦੇ ਕਮਿਸ਼ਨਰ ਮਾਈ ਡਹੀਮ ਨੇ ਸੀ.ਟੀ.ਵੀ. ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਤਿੰਨ ਹਫ਼ਤੇ ਪਹਿਲਾਂ ਦੇ ਮੁਕਾਬਲੇ ਮੁਲਾਜ਼ਮਾਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ। ਦੱਸ ਦੇਈਏ ਕਿ ਡੌਨਲਡ ਟਰੰਪ ਕੈਨੇਡਾ ਵਾਲੇ ਪਾਸਿਉਂ ਆ ਰਹੇ ਨਾਜਾਇਜ਼ ਪ੍ਰਵਾਸੀਆਂ ਅਤੇ ਫੈਂਟਾਨਿਲ ਵਰਗੇ ਨਸ਼ਿਆਂ ਦਾ ਹਵਾਲਾ ਦਿੰਦਿਆਂ ਟੈਰਿਫਜ਼ ਲਾਉਣ ਦੀ ਚਿਤਾਵਨੀ ਦਿਤੀ ਸੀ ਜਿਸ ਮਗਰੋਂ ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਸਰਹੱਦ ’ਤੇ ਨਿਗਰਾਨੀ ਵਧਾਉਣ ਦੇ ਮਕਸਦ ਤਹਿਤ 1.3 ਅਰਬ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ। ਸਿਰਫ਼ ਅਫ਼ਸਰਾਂ ਦੀ ਗਿਣਤੀ ਵਿਚ ਵਾਧਾ ਨਹੀਂ ਕੀਤਾ ਗਿਆ ਸਗੋਂ ਨਿਗਰਾਨੀ ਵਾਸਤੇ ਹੈਲੀਕਾਪਟਰਾਂ ਅਤੇ ਡਰੋਨਜ਼ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।
ਕਮਿਸ਼ਨਰ ਮਾਈਕ ਡਹੀਮ ਨੇ ਇੰਟਰਵਿਊ ਦੌਰਾਨ ਕੀਤਾ ਖੁਲਾਸਾ
ਮਾਈਕ ਡਹੀਮ ਨੇ ਕਿਹਾ ਕਿ ਆਰ.ਸੀ.ਐਮ.ਪੀ. ਵੱਲੋਂ ਕਈ ਤਰਜੀਹਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਇਨ੍ਹਾਂ ਤਰਜੀਹਾਂ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪਹਿਲੀ ਫਰਵਰੀ ਤੋਂ ਲੱਗਣ ਵਾਲੇ ਟੈਕਸ ਸਿਰਫ਼ ਇਸੇ ਵਾਅਦੇ ’ਤੇ 30 ਦਿਨ ਵਾਸਤੇ ਟਲ ਸਕੇ ਕਿ ਕੈਨੇਡਾ ਸਰਕਾਰ ਬਾਰਡਰ ਪ੍ਰੋਟੈਕਸ਼ਨ ਪਲੈਨ ਦਾ ਘੇਰਾ ਹੋਰ ਵਧਾਉਣ ਦੇ ਯਤਨ ਕਰੇਗੀ। ਫੈਂਟਾਨਿਲ ਜ਼ਾਰ ਦੀ ਨਿਯੁਕਤੀ ਤੋਂ ਇਲਾਵਾ 10 ਹਜ਼ਾਰ ਫਰੰਟਲਾਈਨ ਮੁਲਾਜ਼ਮ ਸਰਹੱਦ ’ਤੇ 24 ਘੰਟੇ ਨਜ਼ਰ ਰੱਖ ਰਹੇ ਹਨ। ਮਾਈਕ ਡਹੀਮ ਵੱਲੋਂ ਵੀ ਇਸ ਅੰਕੜੇ ਦੀ ਤਸਦੀਕ ਕਰ ਦਿਤੀ ਗਈ ਜਿਨ੍ਹਾਂ ਵਿਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐਮ.ਪੀ ਦੇ ਅਫ਼ਸਰ ਸ਼ਾਮਲ ਹਨ। ਦੂਜੇ ਪਾਸੇ ਆਰ.ਸੀ.ਐਮ.ਪੀ. ਨੂੰ ਸਸਕੈਚਵਨ ਅਤੇ ਮੈਨੀਟੋਬਾ ਸਟਾਫ਼ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮਾਈਕ ਡਹੀਮ ਨੇ ਦਾਅਵਾ ਕੀਤਾ ਕਿ ਇਸ ਕਮੀ ਦਾ ਅਸਰ ਕੌਮਾਂਤਰੀ ਸਰਹੱਦ ’ਤੇ ਕੀਤੀ ਜਾਣ ਵਾਲੀ ਨਿਗਰਾਨੀ ਉਤੇ ਨਹੀਂ ਪਵੇਗਾ। ਇਸ ਤੋਂ ਪਹਿਲਾਂ ਲੋਕ ਸੁਰੱਖਿਆ ਮੰਤਰੀ ਡੇਵਿਡ ਮੈਗਿੰਟੀ ਆਖ ਚੁੱਕੇ ਹਨ ਕਿ ਆਰ.ਸੀ.ਐਮ.ਪੀ. ਵੱਲੋਂ ਆਪਣੇ ਵਸੀਲਿਆਂ ਨੂੰ ਹੋਰਨਾਂ ਥਾਵਾਂ ਤੋਂ ਬਾਰਡਰ ਵੱਲ ਲਿਜਾਇਆ ਜਾ ਰਿਹਾ ਹੈ। ਮੈਗਿੰਟੀ ਨੇ ਯਕੀਨ ਦਿਵਾਇਆ ਕਿ ਕੈਨੇਡਾ ਵਾਸੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਤਸੱਲੀ ਮੁਤਾਬਕ ਸਰਹੱਦ ’ਤੇ ਨਿਗਰਾਨੀ ਵੀ ਵਧਾ ਦਿਤੀ ਗਈ ਹੈ।