ਪਤਨੀ ਨੂੰ ਕੈਨੇਡਾ ਲਿਆਉਣ ’ਚ ਨਾਕਾਮ ਰਿਹਾ ਪੰਜਾਬੀ ਗੈਂਗਸਟਰ
ਅਮਰੀਕਾ ਵਿਚ ਗ੍ਰਿਫ਼ਤਾਰ ਗੈਂਗਸਟਰ ਓਪਿੰਦਰ ਸਿੰਘ ਨੇ ਆਪਣੀ ਕਥਿਤ ਪਤਨੀ ਨੂੰ ਕੈਨੇਡਾ ਲਿਆਉਣ ਦਾ ਯਤਨ ਕੀਤਾ ਪਰ ਇੰਮੀਗ੍ਰੇਸ਼ਨ ਵਾਲਿਆਂ ਨੇ ਵਿਆਹ ਨੂੰ ਫ਼ਰਜ਼ੀ ਕਰਾਰ ਦਿੰਦਿਆਂ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ
ਵੈਨਕੂਵਰ : ਅਮਰੀਕਾ ਵਿਚ ਗ੍ਰਿਫ਼ਤਾਰ ਪੰਜਾਬੀ ਗੈਂਗਸਟਰ ਓਪਿੰਦਰ ਸਿੰਘ ਨੇ ਆਪਣੀ ਕਥਿਤ ਪਤਨੀ ਨੂੰ ਕੈਨੇਡਾ ਲਿਆਉਣ ਦਾ ਯਤਨ ਕੀਤਾ ਪਰ ਇੰਮੀਗ੍ਰੇਸ਼ਨ ਵਾਲਿਆਂ ਨੇ ਵਿਆਹ ਨੂੰ ਫ਼ਰਜ਼ੀ ਕਰਾਰ ਦਿੰਦਿਆਂ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਓਪਿੰਦਰ ਸਿੰਘ 2015 ਵਿਚ ਸੁਖਜੀਤ ਕੌਰ ਨੂੰ ਆਪਣੀ ਪਤਨੀ ਦੱਸ ਰਿਹਾ ਸੀ ਪਰ ਸੁਖਜੀਤ ਕੌਰ ਨੂੰ ਆਪਣੇ ਪਤੀ ਉਤੇ 2008 ਵਿਚ ਹੋਏ ਜਾਨਲੇਵਾ ਹਮਲੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ ਅਤੇ ਨਾ ਹੀ ਓਪਿੰਦਰ ਸਿੰਘ ਦੇ ਅਪਰਾਧਕ ਪਿਛੋਕੜ ਬਾਰੇ ਉਸ ਨੂੰ ਕੁਝ ਪਤਾ ਸੀ। ਜਨਵਰੀ 2015 ਵਿਚ ਸੁਖਜੀਤ ਕੌਰ ਦੇ ਕੈਨੇਡੀਅਨ ਵੀਜ਼ੇ ਲਈ ਦਾਇਰ ਅਪੀਲ ’ਤੇ ਸੁਣਵਾਈ ਕਰਦਿਆਂ ਇੰਮੀਗ੍ਰੇਸ਼ਨ ਬੋਰਡ ਨੇ ਕਿਹਾ, ‘‘ਇਸ ਮਾਮਲੇ ਵਿਚ ਪਿਛੋਕੜ ਬੇਹੱਦ ਅਹਿਮੀਅਤ ਰਖਦਾ ਹੈ ਪਰ ਅਪੀਲਕਰਤਾਂ ਉਤੇ ਚੱਲੀਆ ਗੋਲੀਆਂ ਨਾਲ ਸਬੰਧਤ ਕਿਸੇ ਤੱਥ ਬਾਰੇ ਬਿਨੈਕਾਰ ਨੂੰ ਕੋਈ ਜਾਣਕਾਰੀ ਹੀ ਨਹੀਂ। ਉਹ ਆਪਣੇ ਜੀਵਨ ਸਾਥੀ ਦੇ ਕੰਮਕਾਜੀ ਤਜਰਬੇ ਬਾਰੇ ਵੀ ਨਹੀਂ ਜਾਣਦੀ।
ਅਮਰੀਕਾ ਦੀ ਜੇਲ ਵਿਚ ਬੰਦ ਹੈ ਓਪਿੰਦਰ ਸਿੰਘ
ਦੋ ਜਣਿਆਂ ਦੇ ਇਮਾਨਦਾਰ ਰਿਸ਼ਤੇ ਵਿਚ ਦਾਖਲ ਹੋਣ ਲੱਗਿਆਂ ਅਜਿਹੀਆਂ ਅਹਿਮ ਗੱਲਾਂ ਦੋਹਾਂ ਧਿਰਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ।’’ ਇੰਮੀਗ੍ਰੇਸ਼ਨ ਬੋਰਡ ਦੇ ਫੈਸਲੇ ਮਗਰੋਂ ਸੁਖਜੀਤ ਕੌਰ ਨੂੰ ਕੈਨੇਡਾ ਦਾਖਲ ਹੋਣ ਦੀ ਇਜਾਜ਼ਤ ਨਾ ਮਿਲ ਸਕੀ ਪਰ ਦੂਜੇ ਪਾਸੇ ਓਪਿੰਦਰ ਸਿੰਘ ਕੌਮਾਂਤਰੀ ਗਿਰੋਹਾਂ ਨਾਲ ਨੇੜਤਾ ਕਾਇਮ ਕਰਨ ਵਿਚ ਸਫ਼ਲ ਰਿਹਾ। ਅਮਰੀਕਾ ਦੀ ਅਦਾਲਤ ਵਿਚ ਓਪਿੰਦਰ ਸਿੰਘ ਦੀ ਪੇਸ਼ੀ 21 ਜੁਲਾਈ ਨੂੰ ਹੋਣੀ ਹੈ। ਵੈਨਕੂਵਰ ਸਨ ਦੀ ਰਿਪੋਰਟ ਕਹਿੰਦੀ ਹੈ ਕਿ ਓਪਿੰਦਰ ਸਿੰਘ ਦੇ ਬ੍ਰਦਰਜ਼ ਕੀਪਰਜ਼ ਗਿਰੋਹ ਨਾਲ ਸਬੰਧਤ ਜ਼ਰੂਰ ਰਹੇ ਪਰ ਉਹ ਇਸ ਦਾ ਪੱਕਾ ਮੈਂਬਰ ਨਹੀਂ। ਤਕਰੀਬਨ ਇਕ ਦਹਾਕਾ ਪਹਿਲਾਂ ਬੀ.ਸੀ. ਵਿਚ ਸਾਹਮਣੇ ਆਇਆ ਬ੍ਰਦਰਜ਼ ਕੀਪਰਜ਼ ਗਿਰੋਹ ਹੈਲਜ਼ ਏਂਜਲਜ਼ ਅਤੇ ਵੁਲਫ਼ਪੈਕ ਗਿਰੋਹਾਂ ਨਾਲ ਨੇੜਤਾ ਰਖਦੈ ਜਿਨ੍ਹਾਂ ਦਾ ਨੈਟਵਰਕ ਕੌਮਾਂਤਰੀ ਪੱਧਰ ’ਤੇ ਫੈਲਿਆ ਹੋਇਆ ਹੈ। ਵੈਨਕੂਵਰ ਪੁਲਿਸ ਦੇ ਸਾਬਕਾ ਅਫ਼ਸਰ ਮਾਈਕ ਪੌਰਟੀਅਸ ਦਾ ਕਹਿਣਾ ਸੀ ਕਿ ਓਪਿੰਦਰ ਸਿੰਘ ਬੀ.ਸੀ. ਦਾ ਪਹਿਲਾ ਗੈਂਗਸਟਰ ਨਹੀਂ ਜੋ ਕੌਮਾਂਤਰੀ ਨਸ਼ਾ ਤਸਕਰ ਗਿਰੋਹਾਂ ਵਿਚ ਸ਼ਾਮਲ ਹੋਇਆ। ਰਾਯਨ ਵੈਡਿੰਗ ਅਤੇ ਰੌਬੀ ਅਲਖਲੀਲ ਵਰਗੇ ਭਗੌੜੇ ਵੀ ਕੌਮਾਂਤਰੀ ਗਿਰੋਹਾਂ ਦੇ ਆਸਰੇ ਹੀ ਦਿਨ ਕੱਟ ਰਹੇ ਹਨ। ਅਜਿਹੇ ਲੋਕਾਂ ਦਾ ਮਕਸਦ ਆਪਣੇ ਸਬੰਧਾਂ ਨੂੰ ਅੱਗੇ ਵਧਾਉਂਦਿਆਂ ਨਸ਼ਾ ਤਸਕਰੀ ਬਾਜ਼ਾਰ ਵਿਚੋਂ ਵੱਧ ਤੋਂ ਵੱਧ ਪੈਸਾ ਕਮਾਉਣਾ ਹੁੰਦਾ ਹੈ। ਇਥੇ ਦਸਣਾ ਬਣਦਾ ਹੈ ਕਿ ਓਪਿੰਦਰ ਸਿੰਘ ਦੁਨੀਆਂ ਦੇ ਸਭ ਤੋਂ ਵੱਡੇ ਨਸ਼ਾ ਤਸਕਰ ਗਿਰੋਹ ‘ਕਿਨਾਹਨ ਗੈਂਗ’ ਨਾਲ ਕੰਮ ਕਰ ਚੁੱਕਾ ਹੈ ਅਤੇ ਅਮੈਰਿਕਨ ਤੇ ਤੁਰਕਿਸ਼ ਗਿਰੋਹਾਂ ਨਾਲ ਵੀ ਉਸ ਦੇ ਨੇੜਲੇ ਸਬੰਧ ਰਹੇ। ਕਿਨਾਹਨ ਗੈਂਗ 1990 ਦੇ ਦਹਾਕੇ ਵਿਚ ਡਬਲਿਨ ਤੋਂ ਸ਼ੁਰੂ ਹੋਇਆ ਪਰ ਇਸ ਵੇਲੇ ਮੁੱਖ ਟਿਕਾਣਾ ਦੁਬਈ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਕਿਨਾਹਨ ਗਿਰੋਹ ਦੇ ਮੁਖੀ ਕ੍ਰਿਸਟੀ ਕਿਨਾਹਨ ਅਤੇ ਉਸ ਦੇ ਬੇਟਿਆਂ ਡੈਨੀਅਲ ਤੇ ਕ੍ਰਿਸਟੋਫਰ ਜੂਨੀਅਰ ਦੀ ਗ੍ਰਿਫ਼ਤਾਰੀ ਲਈ 50 ਲੱਖ ਡਾਲਰ ਦਾ ਇਨਾਮ ਐਲਾਨਿਆ ਹੋਇਆ ਹੈ।