ਕੈਨੇਡਾ ’ਚ ਤਿੰਨ ਮਹੀਨੇ ਬਾਅਦ ਪੰਜਾਬੀ ਬਜ਼ੁਰਗ ਨੂੰ ਮਿਲੀ ਜ਼ਮਾਨਤ
ਕੈਨੇਡਾ ਦੇ ਉਜਾੜ ਗੈਸ ਸਟੇਸ਼ਨ ’ਤੇ ਵਾਪਰੀ ਹੌਲਨਾਕ ਵਾਰਦਾਤ ਦੇ ਇਕ ਹੋਰ ਸ਼ੱਕੀ ਸੁਰਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰੀ ਤੋਂ ਤਕਰੀਬਨ ਤਿੰਨ ਮਹੀਨੇ ਬਾਅਦ ਢਾਈ ਲੱਖ ਡਾਲਰ ਦੇ ਮੁਚਲਕੇ ’ਤੇ ਜ਼ਮਾਨਤ ਮਿਲ ਗਈ
ਵੁੱਡਬ੍ਰਿਜ : ਕੈਨੇਡਾ ਦੇ ਉਜਾੜ ਗੈਸ ਸਟੇਸ਼ਨ ’ਤੇ ਵਾਪਰੀ ਹੌਲਨਾਕ ਵਾਰਦਾਤ ਦੇ ਇਕ ਹੋਰ ਸ਼ੱਕੀ ਸੁਰਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰੀ ਤੋਂ ਤਕਰੀਬਨ ਤਿੰਨ ਮਹੀਨੇ ਬਾਅਦ ਢਾਈ ਲੱਖ ਡਾਲਰ ਦੇ ਮੁਚਲਕੇ ’ਤੇ ਜ਼ਮਾਨਤ ਮਿਲ ਗਈ। ਜਸਟਿਸ ਸੂਜ਼ਨ ਹੀਲੀ ਨੇ ਵੁੱਡਬ੍ਰਿਜ ਦੇ 63 ਸਾਲਾ ਸੁਰਜੀਤ ਸਿੰਘ ਬੈਂਸ ਦੇ ਪੁੱਤਰਾਂ ਅਤੇ ਪਤਨੀ ਵੱਲੋਂ ਰਕਮ ਪਲੈੱਜ ਕੀਤੇ ਜਾਣ ਮਗਰੋਂ ਰਿਹਾਈ ਦੇ ਹੁਕਮ ਦਿਤੇ। ਸੁਰਜੀਤ ਸਿੰਘ ਦੀਆਂ ਰਿਹਾਈ ਸ਼ਰਤਾਂ ਵਿਚ ਘਰ ਤੋਂ ਬਾਹਰ ਨਾ ਨਿਕਲਣਾ ਅਤੇ ਗਿੱਟੇ ’ਤੇ ਜੀ.ਪੀ.ਐਸ. ਮੌਨੀਟਰ ਬੰਨ੍ਹਣਾ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ। ਆਪਣੇ ਪਰਵਾਰਕ ਮੈਂਬਰਾਂ ਦੀ ਨਿਗਰਾਨੀ ਤੋਂ ਬਗੈਰ ਕੋਈ ਇਲੈਕਟ੍ਰਾਨਿਕ ਡਿਵਾਈਸ ਵਰਤਣ ਦੀ ਮਨਾਹੀ ਵੀ ਕੀਤੀ ਗਈ ਹੈ।
ਇਰਾਦਾ ਕਤਲ ਦੇ ਮਾਮਲੇ ’ਚ ਹੋਈ ਸੀ ਸੁਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ
ਦੱਸ ਦੇਈਏ ਕਿ ਔਰੀਲੀਆ ਦੇ ਡਾਊਨਟਾਊਨ ਵਿਖੇ 27 ਸਤੰਬਰ ਨੂੰ ਵਾਪਰੀ ਅਗਵਾ ਅਤੇ ਇਰਾਦਾ ਕਤਲ ਦੀ ਵਾਰਦਾਤ ਮਗਰੋਂ ਬਰੈਂਪਟਨ ਦੇ 31 ਸਾਲਾ ਮਨਰਾਜ ਮਾਨ, ਬਰੈਂਪਟਨ ਦੇ ਹੀ 30 ਸਾਲਾ ਬਲਤੇਜ ਸੰਧੂ, ਵੁੱਡਬ੍ਰਿਜ ਦੇ ਸੁਰਜੀਤ ਬੈਂਸ, 41 ਸਾਲ ਦੇ ਡਵੇਨ ਪੈਨੈਂਟ ਅਤੇ ਟੋਰਾਂਟੋ ਦੇ 51 ਸਾਲਾ ਗਰਜੀ ਐਂਥਨੀ ਗੋਰਬਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿਚੋਂ ਮਨਰਾਜ ਮਾਨ ਅਤੇ ਐਂਥਨੀ ਗੋਰਬਰਨ ਨੂੰ ਹੁਣ ਤੱਕ ਜ਼ਮਾਨਤ ਨਹੀਂ ਮਿਲ ਸਕੀ ਅਤੇ ਦੋਵੇਂ ਜਣੇ ਸਿਮਕੋਅ ਕਾਊਂਟੀ ਦੀ ਪੈਨੇਟਾਨਗੂਸ਼ੀਨ ਜੇਲ ਵਿਚ ਬੰਦ ਹਨ। ਦੋਹਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪੁਲਿਸ ਅਫ਼ਸਰ ਗੈਸ ਸਟੇਸ਼ਨ ਅੰਦਰ ਦਾਖਲ ਹੋਏ ਤਾਂ ਲਹੂ-ਲੁਹਾਣ ਹਾਲਤ ਵਿਚ ਇਕ ਬੰਦਾ ਧਰਤੀ ’ਤੇ ਪਿਆ ਮਿਲਿਆ ਜਦਕਿ ਪੰਜ ਸ਼ੱਕੀ ਉਸ ਦੇ ਆਲੇ-ਦੁਆਲੇ ਖੜ੍ਹੇ ਸਨ।
3 ਪੰਜਾਬੀਆਂ ਸਣੇ ਪੰਜ ਜਣਿਆਂ ਨੂੰ ਪੁਲਿਸ ਨੇ ਕੀਤਾ ਸੀ ਕਾਬੂ
ਜ਼ਖਮੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਦਕਿ ਪੁਲਿਸ ਨੇ ਸ਼ੱਕੀਆਂ ਵਿਰੁੱਧ ਇਰਾਦਾ ਕਤਲ, ਕਿਡਨੈਪਿੰਗ, ਜਾਨੋ ਮਾਰਨ ਦੀਆਂ ਧਮਕੀਆਂ ਦੇਣ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ ਲਾਉਂਦਿਆਂ ਗ੍ਰਿਫ਼ਤਾਰ ਕਰ ਲਿਆ। ਇਸ ਹੌਲਨਾਕ ਮਾਮਲੇ ਦਾ ਹੈਰਾਨਕੁੰਨ ਤੱਥ ਇਹ ਹੈ ਕਿ ਬਲਤੇਜ ਸੰਧੂ ਵੱਲੋਂ ਢਾਈ ਲੱਖ ਡਾਲਰ ਦਾ ਬੌਂਡ ਭਰਨ ’ਤੇ ਉਸ ਨੂੰ ਰਿਹਾਅ ਕਰ ਦਿਤਾ ਗਿਆ ਪਰ ਮਨਰਾਜ ਮਾਨ ਨੂੰ ਹਿਰਾਸਤ ਵਿਚ ਰੱਖਣ ਦੇ ਹੁਕਮ ਦਿਤੇ ਗਏ। ਮਨਰਾਜ ਮਾਨ ਦੇ ਪਰਵਾਰਕ ਮੈਂਬਰ ਵੀ 2 ਲੱਖ ਡਾਲਰ ਤੋਂ ਵੱਧ ਰਕਮ ਦਾ ਬੌਂਡ ਭਰਨ ਨੂੰ ਤਿਆਰ ਸਨ। ਦੂਜੇ ਪਾਸੇ ਵਾਰਦਾਤ ਦੇ ਪੀੜਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜੋ ਮਿਸੀਸਾਗਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਹੁਣ ਸੁਰਜੀਤ ਸਿੰਘ ਬੈਂਸ, ਬਲਤੇਜ ਸੰਧੂ ਅਤੇ ਪੈਨੈਂਟ ਦੀ ਅਦਾਲਤ ਵਿਚ ਅਗਲੀ ਪੇਸ਼ੀ ਨਵੇਂ ਵਰ੍ਹੇ ਦੌਰਾਨ ਹੋਵੇਗੀ। ਸਾਰੇ ਸ਼ੱਕੀਆਂ ਵਿਰੁੱਧ ਲੱਗੇ ਦੋਸ਼ਾਂ ਵਿਚੋਂ ਫ਼ਿਲਹਾਲ ਕੋਈ ਅਦਾਲਤ ਵਿਚ ਸਾਬਤ ਨਹੀਂ ਕੀਤਾ ਗਿਆ।