ਕੈਨੇਡਾ ’ਚ ਪੰਜਾਬੀ ਡਰਾਈਵਰਾਂ ਨਾਲ ਧੋਖਾ ਕਰਨ ਵਾਲੇ ਜੇਲ ਜਾਣ ਤੋਂ ਬਚੇ
ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਦਾ ਭਵਿੱਖ ਖਰਾਬ ਕਰਨ ਵਾਲੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਜੇਲ ਨਾ ਭੇਜਦਿਆਂ ਘਰ ਵਿਚ ਨਜ਼ਰਬੰਦ ਰੱਖਣ ਦੇ ਹੁਕਮ ਦਿਤੇ ਗਏ ਹਨ
ਟੋਰਾਂਟੋ : ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਦਾ ਭਵਿੱਖ ਖਰਾਬ ਕਰਨ ਵਾਲੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਜੇਲ ਨਾ ਭੇਜਦਿਆਂ ਘਰ ਵਿਚ ਨਜ਼ਰਬੰਦ ਰੱਖਣ ਦੇ ਹੁਕਮ ਦਿਤੇ ਗਏ ਹਨ। ਦੋਹਾਂ ਜਣਿਆਂ ਨੇ ਰਲ ਕੇ ਜਾਅਲੀ ਟ੍ਰੇਨਿੰਗ ਸਕੂਲ ਚਲਾਏ ਅਤੇ ਪੰਜ ਹਫ਼ਤੇ ਤੱਕ ਚੱਲੀ ਸੁਣਵਾਈ ਮਗਰੋਂ ਅਦਾਲਤ ਨੇ 69 ਸਾਲ ਦੇ ਗੁਰਵਿੰਦਰ ਸਿੰਘ ਤੇ 37 ਸਾਲ ਦੇ ਗੁਰਪ੍ਰੀਤ ਸਿੰਘ ਨੂੰ ਦੋ ਸਾਲ ਘਰ ਵਿਚ ਨਜ਼ਰਬੰਦ ਰੱਖਣ ਅਤੇ 200 ਘੰਟੇ ਕਮਿਊਨਿਟੀ ਸੇਵਾ ਕਰਨ ਦੀ ਹਦਾਇਤ ਦਿਤੀ ਜਦਕਿ ਸਰਕਾਰੀ ਵਕੀਲ ਨੇ ਪੰਜ ਸਾਲ ਜੇਲ ਵਿਚ ਰੱਖਣ ਦੀ ਮੰਗ ਕੀਤੀ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਦੋਹਾਂ ਨੇ ਜਨਵਰੀ 2019 ਤੋਂ ਮਈ 2021 ਦਰਮਿਆਨ ਬਗੈਰ ਰਜਿਸਟ੍ਰੇਸ਼ਨ ਵਾਲੇ ਟਰੱਕ ਡਰਾਈਵਿੰਗ ਸਕੂਲਾਂ ਰਾਹੀਂ ਨਵੇਂ ਡਰਾਈਵਰਾਂ ਨੂੰ ਸਿਖਲਾਈ ਦਿਤੀ। ਉਨਟਾਰੀਓ ਵਿਚ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਵਾਸਤੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਦੀ ਬਜਾਏ ਇਨ੍ਹਾਂ ਵੱਲੋਂ ਪੰਜਾਬੀ ਵਿਚ ਮਾਮੂਲੀ ਗੱਲਾਂ ਦੱਸੀਆਂ ਜਾਂਦੀਆਂ ਸਨ।
ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਘਰ ਵਿਚ ਰਹਿਣਗੇ ਨਜ਼ਰਬੰਦ
ਉਧਰ ਕਮਰਸ਼ੀਅਨ ਟਰੱਕ ਟ੍ਰੇਨਿੰਗ ਸਕੂਲਾਂ ਦੇ ਨੁਮਾਇੰਦਿਆਂ ਵਿਚ ਇਸ ਗੱਲ ’ਤੇ ਰੋਸ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਨਹੀਂ ਸੁਣਾਈ ਗਈ। ਟਰੱਕ ਨਿਊਜ਼ ਦੀ ਰਿਪੋਰਟ ਮੁਤਾਬਕ ਉਨਟਾਰੀਓ ਦੀ ਟਰੱਕ ਟ੍ਰੇਨਿੰਗ ਸਕੂਲਜ਼ ਐਸੋਸੀਏਸ਼ਨ ਦੇ ਪ੍ਰਧਾਨ ਫ਼ਿਲਿਪ ਫਲੈਚਰ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਉਮੀਦ ਹੈ ਕਿ ਸਖ਼ਤ ਸਜ਼ਾ ਮਿਲੇਗੀ। ਇਸੇ ਦੌਰਾਨ ਉਨਟਾਰੀਓ ਕਮਰਸ਼ੀਅਲ ਟਰੱਕ ਟ੍ਰੇਨਿੰਗ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਜਸਵਾਲ ਦਾ ਕਹਿਣਾ ਸੀ ਕਿ ਜਾਅਲੀ ਟ੍ਰੇਨਿੰਗ ਦੇਣ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਦੀ ਤਾਂ ਹੋਰਨਾਂ ਠੱਗਾਂ ਨੂੰ ਵੀ ਸਬਕ ਮਿਲਦਾ। ਉਨ੍ਹਾਂ ਕਿਹਾ ਕਿ ਟਰੱਕ ਚਲਾਉਣ ਦੀ ਸਿਖਲਾਈ ਦੇਣੀ ਸੌਖੀ ਨਹੀਂ ਅਤੇ ਇਸ ਵਾਸਤੇ ਇਨਫ਼ਰਾਸਟ੍ਰਚਰ ਦੀ ਜ਼ਰੂਰਤ ਪੈਂਦੀ ਹੈ ਪਰ ਅਜਿਹੇ ਠੱਗ ਨਾ ਸਿਰਫ਼ ਡਰਾਈਵਰਾਂ ਨਾਲ ਧੋਖਾ ਕਰਦੇ ਹਨ ਬਲਕਿ ਸੜਕਾਂ ਤੋਂ ਲੰਘਦੇ ਲੋਕਾਂ ਦੀ ਸੁਰੱਖਿਆ ਵਾਸਤੇ ਵੀ ਖ਼ਤਰਾ ਪੈਦਾ ਕਰਦੇ ਹਨ। ਅਦਾਲਤੀ ਕਾਰਵਾਈ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਉਨਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਦੇ ਰਿਕਾਰਡ ਵਿਚ ਗਲਤ ਜਾਣਕਾਰੀ ਦਰਜ ਕਰਨ ਦੇ ਇਵਜ਼ ਵਿਚ ਚਰਨਜੀਤ ਕੌਰ ਦਿਉਲ ਅਤੇ ਉਸ ਦੇ ਪਤੀ ਨੂੰ ਹਜ਼ਾਰਾਂ ਡਾਲਰ ਅਦਾਇਗੀ ਕੀਤੀ।
ਫ਼ਰਜ਼ੀ ਟ੍ਰੇਨਿੰਗ ਸਕੂਲਾਂ ਵਿਚ ਦਿੰਦੇ ਸੀ ਸਿਖਲਾਈ
ਚਰਨਜੀਤ ਕੌਰ ਅਤੇ ਉਸ ਦਾ ਪਤੀ ਇਕ ਰਜਿਸਟਰਡ ਪ੍ਰਾਈਵੇਟ ਕਾਲਜ ਚਲਾਉਂਦੇ ਹਨ ਜੋ ਮੈਂਡੇਟਰੀ ਐਂਟਰੀ ਲੈਵਲ ਟ੍ਰੇਨਿੰਗ ਦੇਣ ਵਾਸਤੇ ਅਧਿਕਾਰਤ ਹੈ ਪਰ ਦੋਸ਼ੀਆਂ ਨੇ ਪ੍ਰਤੀ ਵਿਦਿਆਰਥੀ 1200 ਡਾਲਰ ਤੋਂ 1800 ਡਾਲਰ ਤੱਕ ਦੀ ਅਦਾਇਗੀ ਕਰਦਿਆਂ ਅਣਜਾਣ ਡਰਾਈਵਰਾਂ ਨੂੰ ਵੀ ਪੱਕੇ ਡਰਾਈਵਰ ਬਣਾ ਦਿਤਾ। ਗੁਰਵਿੰਦਰ ਸਿੰਘ ਨੇ ਦਿਉਲ ਜੋੜੇ ਨੂੰ 68 ਹਜ਼ਾਰ ਡਾਲਰ ਦੀ ਅਦਾਇਗੀ ਕੀਤੀ ਜਦਕਿ ਗੁਰਪ੍ਰੀਤ ਸਿੰਘ ਵੱਲੋਂ 80 ਹਜ਼ਾਰ ਡਾਲਰ ਦੀ ਅਦਾਇਗੀ ਕੀਤੀ ਗਈ। ਗੁਰਵਿੰਦਰ ਸਿੰਘ ਕੋਲੋਂ 45 ਵਿਦਿਆਰਥੀਆਂ ਨੇ ਟਰੱਕ ਚਲਾਉਣ ਦੀ ਸਿਖਲਾਈ ਹਾਸਲ ਕੀਤੀ ਜਦਕਿ ਗੁਰਪ੍ਰੀਤ ਸਿੰਘ ਨੇ 47 ਜਣਿਆਂ ਨੂੰ ਜਾਅਲੀ ਸਿਖਲਾਈ ਦਿਤੀ। ਦੋਹਾਂ ਵੱਲੋਂ ਹਰ ਵਿਦਿਆਰਥੀ ਤੋਂ ਪੰਜ ਹਜ਼ਾਰ ਡਾਲਰ ਵਸੂਲ ਕੀਤੇ ਜਾਂਦੇ ਸਨ। ਮਾਮਲਾ ਇਥੇ ਹੀ ਨਹੀਂ ਰੁਕਦਾ ਕਿਉਂਕਿ ਲਿਖਤੀ ਟੈਸਟ ਵਿਚ ਨਕਲ ਮਾਰ ਕੇ ਪਾਸ ਕਰਵਾਉਣ ਲਈ ਹਨੀਫ਼ਾ ਖੋਖਰ ਨੂੰ 400 ਡਾਲਰ ਪ੍ਰਤੀ ਵਿਦਿਆਰਥੀ ਦਿਤੇ ਜਾਂਦੇ ਸਨ। ਇਸ ਮੁਕੱਦਮੇ ਤੋਂ ਪਹਿਲਾਂ ਦਿਉਲ ਜੋੜਾ ਅਤੇ ਹਨੀਫ਼ਾ ਖੋਖਰ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਦਾ ਦੋਸ਼ ਕਬੂਲ ਕਰ ਚੁੱਕੇ ਹਨ। ਚਰਨਜੀਤ ਕੌਰ ਦਿਉਲ ਨੂੰ 12 ਮਹੀਨੇ ਦਾ ਕੰਡੀਸ਼ਨਲ ਡਿਸਚਾਰਜ ਅਤੇ ਉਸ ਦੇ ਪਤੀ ਨੂੰ ਦੋ ਸਾਲ ਘਰ ਵਿਚ ਨਜ਼ਰਬੰਦ ਰੱਖਣ ਦਾ ਫੈਸਲਾ ਸੁਣਾਇਆ ਗਿਆ ਹੈ। ਹਨੀਫ਼ਾ ਖੋਖਰ ਨੂੰ ਦੋ ਸਾਲ ਘਰ ਵਿਚ ਨਜ਼ਰਬੰਦ ਰੱਖਣ ਅਤੇ ਉਸ ਦੇ ਪਤੀ ਨੂੰ 18 ਮਹੀਨੇ ਘਰ ਵਿਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ।