ਬਰੈਂਪਟਨ (ਗੁਰਜੀਤ ਕੌਰ)- ਓਨਟਾਰੀਓ ਦੇ ਬਰੈਂਪਟਨ ਈਸਟ ਤੋਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਮਿਸਟਰ ਹਰਦੀਪ ਗਰੇਵਾਲ ਵੱਲੋਂ ਬੀਤੇ ਦਿਨੀਂ ਬਰੈਂਪਟਨ 'ਚ ਸਲਾਨਾ ਕਮਿਊਨਿਟੀ ਬਾਰਬਿਕਯੂ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਾਰਿਆਂ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਗਿਆ ਸੀ। ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਸਮਾਗਮ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਅਤੇ ਇਸ ਮੌਕੇ ਵੱਡੀ ਗਿਣਤੀ 'ਚ ਲੋਕ ਪਹੁੰਚੇ। ਪ੍ਰੋਗਰਾਮ 'ਚ ਬੱਚਿਆਂ ਲਈ ਮਜ਼ੇਦਾਰ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਸਾਰਿਆਂ ਲਈ ਫ੍ਰੀ ਖਾਣਾ ਸੀ ਅਤੇ ਧੀਮੀ ਆਵਾਜ਼ 'ਚ ਮਿਊਜ਼ਿਕ ਚੱਲ ਰਿਹਾ ਸੀ। ਲੋਕਾਂ ਵੱਲੋਂ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਗਿਆ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੀ ਐੱਮਪੀਪੀ ਹਰਦੀਪ ਗਰੇਵਾਲ ਦੀ ਕਮਿਊਨਿਟੀ ਬਾਰਬਿਕਯੂ 'ਚ ਸ਼ਾਮਲ ਹੋਏ, ਉਨ੍ਹਾਂ ਦੇ ਨਾਲ-ਨਾਲ ਟ੍ਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ, ਬਰੈਂਪਟਨ ਵੈਸਟ ਤੋਂ ਐੱਮਪੀਪੀ ਅਮਰਜੋਤ ਸੰਧੂ, ਮਿਸੀਸਾਗਾ ਸਟ੍ਰੀਟਵਿਲੇ ਤੋਂ ਐੱਮਪੀਪੀ ਨੀਨਾ ਟਾਂਗਰੀ, ਸਿਟੀ ਕਾਊਂਸਲਰ ਵਾਡਰ 7-8 ਰੋਡ ਪਾਵਰ ਵੀ ਸ਼ਾਮਲ ਹੋਏ। ਇਸ ਦੇ ਨਾਲ-ਨਾਲ ਮਹਾਨ ਪਹਿਲਵਾਨ ਟਾਈਗਰਜੀਤ ਸਿੰਘ ਦੇ ਪੁੱਤਰ ਟਾਈਗਰ ਅਲੀ ਸਿੰਘ ਵੀ ਪਹੁੰਚੇ। ਇਸ ਮੌਕੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਐੱਮਪੀਪੀ ਹਰਦੀਪ ਗਰੇਵਾਲ ਬਹੁਤ ਹੀ ਚੰਗੇ ਨੇਤਾ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਵੀ ਹਨ। ਪ੍ਰੀਮੀਅਰ ਡੱਗ ਫੋਰਡ ਨੇ ਇਹ ਵੀ ਕਿਹਾ ਕਿ ਹਰਦੀਪ ਗਰੇਵਾਲ ਦੀ ਮਿਹਨਤ ਸਦਕਾ ਕੀਤੇ ਗਏ ਯਤਨਾਂ ਕਾਰਨ ਹੀ ਬਰੈਂਪਟਨ ਵਾਸੀਆਂ ਵੱਲੋਂ ਇਨ੍ਹਾਂ ਪਿਆਰ ਮਿਲ ਰਿਹਾ ਹੈ।
ਇਸ ਮੌਕੇ ਐੱਮਪੀਪੀ ਹਰਦੀਪ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਵੱਡੀ ਗਿਣਤੀ 'ਚ ਲੋਕ ਇੱਥੇ ਪਹੁੰਚੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਫੀਡਬੈਕ ਵੀ ਦਿੱਤੀ ਜਾ ਰਹੀ ਹੈ ਅਤੇ ਜੋ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ, ਉਸ ਬਾਰੇ ਵੀ ਗੱਲਬਾਤ ਕੀਤੀ ਜਾ ਰਹੀ ਹੈ। ਪ੍ਰੋਗਰਾਮ ਦਾ ਹਿੱਸਾ ਬਣੇ ਓਨਟਾਰੀਓ ਦੇ ਟ੍ਰਾਂਸਪੋਰਟ ਮੰਤਰੀ ਮਿਸਟਰ ਪ੍ਰਬਮੀਤ ਸਰਕਾਰੀਆ, ਮਿਸੀਸਾਗਾ ਸਟ੍ਰੀਟਵਿਲੇ ਤੋਂ ਐੱਮਪੀਪੀ ਨੀਨਾ ਟਾਂਗਰੀ, ਬਰੈਂਪਟਨ ਵੈਸਟ ਤੋਂ ਐੱਮਪੀਪੀ ਅਮਰਜੋਤ ਸੰਧੂ ਅਤੇ ਸਿਟੀ ਕਾਊਂਸਲਰ ਰੋਡ ਪਾਵਰ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਥੋੜੇ-ਥੋੜੇ ਸਮੇਂ ਬਾਅਦ ਹੁੰਦੇ ਰਹਿਣੇ ਚਾਹੀਦੇ ਹਨ। ਇਸ ਨਾਲ ਲੋਕਾਂ 'ਚ ਵਿਚਰਨ ਦਾ ਮੌਕਾ ਮਿਲਦਾ ਹੈ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਬਾਰੇ ਪਤਾ ਲੱਗਦਾ ਹੈ।
ਵੱਖ-ਵੱਖ ਭਾਈਚਾਰਿਆਂ ਦੇ ਲੋਕ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਲੋਕਾਂ ਨੇ ਕਿਹਾ ਕਿ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਸਨ। ਪ੍ਰੀਮੀਅਰ ਡੱਗ ਫੋਰਡ ਨਾਲ ਲੋਕਾਂ ਵੱਲੋਂ ਫੋਟੋਆਂ ਵੀ ਖਿੱਚਵਾਈਆਂ ਗਈਆਂ। ਐੱਮਪੀਪੀ ਹਰਦੀਪ ਗਰੇਵਾਲ ਦੇ ਪਿਤਾ ਜੀ ਸਰਦਾਰ ਜਗਦੀਸ਼ ਗਰੇਵਾਲ ਨੇ ਦੱਸਿਆ ਕਿ ਐੱਮਪੀਪੀ ਹਰਦੀਪ 18 ਸਾਲ ਦੀ ਉਮਰ ਤੋਂ ਹੀ ਪੋਲੀਟਿਕਸ 'ਚ ਆਉਣ ਲਈ ਸਖਤ ਮਿਹਨਤ ਕਰ ਰਹੇ ਸਨ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਉਹ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ। ਆਓ ਸੁਣਦੇ ਹਾਂ ਉਨ੍ਹਾਂ ਹੋਰ ਕੀ ਕਿਹਾ।