Canada ਵਿਚ ਭਗੌੜੇ ਪੰਜਾਬੀ ਦੀ ਭਾਲ ਕਰ ਰਹੀ Police

ਕੈਨੇਡਾ ਵਿਚ ਭਗੌੜੇ ਪੰਜਾਬੀ ਦੀ ਭਾਲ ਕਰ ਰਹੀ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ

Update: 2026-03-10 12:26 GMT

ਬਰੈਂਪਟਨ : ਕੈਨੇਡਾ ਵਿਚ ਭਗੌੜੇ ਪੰਜਾਬੀ ਦੀ ਭਾਲ ਕਰ ਰਹੀ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਪੀਲ ਰੀਜਨਲ ਪੁਲਿਸ ਦੇ ਫਰੌਡ ਬਿਊਰੋ ਨੇ ਕਿਹਾ ਕਿ 39 ਸਾਲ ਦਾ ਜਸਪਾਲ ਥਿਆੜਾ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਮੁੜ ਅਦਾਲਤ ਵਿਚ ਪੇਸ਼ ਨਹੀਂ ਹੋਇਆ ਜਿਸ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਦਾ ਮੁਕੱਦਮਾ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਫ਼ਰਵਰੀ 2021 ਵਿਚ 39 ਸਾਲ ਦੇ ਜਸਪਾਲ ਥਿਆੜਾ ਨੂੰ ਕਾਬੂ ਕੀਤਾ ਗਿਆ ਜਿਸ ਦਾ ਕੋਈ ਪੱਕਾ ਪਤਾ-ਟਿਕਾਣਾ ਨਹੀਂ ਸੀ।

ਜਸਪਾਲ ਥਿਆੜਾ ਦੀ ਪੈੜ ਨੱਪਣ ਲਈ ਮੰਗੀ ਮਦਦ

ਜਸਪਾਲ ਥਿਆੜਾ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਦੇ ਕਈ ਦੋਸ਼ ਲੱਗੇ ਅਤੇ ਇਸੇ ਦੌਰਾਨ ਉਸ ਨੂੰ ਜ਼ਮਾਨਤ ਮਿਲ ਗਈ ਪਰ ਉਹ ਜ਼ਮਾਨਤ ਸ਼ਰਤਾਂ ਦੀ ਪਾਲਣਾ ਕਰਨ ਵਿਚ ਅਸਫ਼ਲ ਰਿਹਾ ਅਤੇ ਪੁਲਿਸ ਵੱਲੋਂ ਮੁੜ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ। ਜਸਪਾਲ ਥਿਆੜਾ ਦਾ ਹੁਲੀਆ ਜਾਰੀ ਕਰਦਿਆਂ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਸ ਦਾ ਕੱਦ 5 ਫੁੱਟ 9 ਇੰਚ ਅਤੇ ਵਜ਼ਨ ਤਕਰੀਬਨ 82 ਕਿਲੋ ਹੈ। ਅੱਖਾਂ ਭੂਰੀਆਂ ਅਤੇ ਵਾਲ ਅੱਧੇ ਕਾਲੇ ਤੇ ਅੱਧੇ ਚਿੱਟੇ ਹਨ।

ਜ਼ਮਾਨਤ ’ਤੇ ਰਿਹਾਈ ਮਗਰੋਂ ਅਦਾਲਤ ਵਿਚ ਨਾ ਹੋਇਆ ਪੇਸ਼

ਪੁਲਿਸ ਨੇ ਕਿਹਾ ਕਿ ਜੇ ਕਿਸੇ ਕੋਲ ਜਸਪਾਲ ਥਿਆੜਾ ਬਾਰੇ ਕੋਈ ਜਾਣਕਾਰੀ ਮੌਜੂਦ ਹੈ ਤਾਂ 905 453 2121 ਐਕਸਟੈਨਸ਼ਨ 3335 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।

Tags:    

Similar News