ਟੋਰਾਂਟੋ ਆ ਰਹੇ ਹਵਾਈ ਜਹਾਜ਼ ਨੂੰ ਲੱਗੀ ਅੱਗ
ਟੋਰਾਂਟੋ ਆ ਰਹੇ ਏਅਰ ਕੈਨੇਡਾ ਦੇ ਇਕ ਹਵਾਈ ਜਹਾਜ਼ ਵਿਚ ਅੱਗ ਲੱਗਣ ਮਗਰੋਂ ਇਸ ਨੂੰ ਹੰਗਾਮੀ ਹਾਲਾਤ ਵਿਚ ਅਮਰੀਕਾ ਦੇ ਡੈਨਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਉਤਾਰਿਆ ਗਿਆ
ਡੈਨਵਰ : ਟੋਰਾਂਟੋ ਆ ਰਹੇ ਏਅਰ ਕੈਨੇਡਾ ਦੇ ਇਕ ਹਵਾਈ ਜਹਾਜ਼ ਵਿਚ ਅੱਗ ਲੱਗਣ ਮਗਰੋਂ ਇਸ ਨੂੰ ਹੰਗਾਮੀ ਹਾਲਾਤ ਵਿਚ ਅਮਰੀਕਾ ਦੇ ਡੈਨਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਉਤਾਰਿਆ ਗਿਆ। ਏਅਰ ਕੈਨੇਡਾ ਵੱਲੋਂ ਜਾਰੀ ਬਿਆਨ ਮੁਤਾਬਕ ਫ਼ਲਾਈਟ 1038 ਵਿਚ ਤਾਰਾਂ ਸੜਨ ਦੀ ਸਮੈੱਲ ਆਉਣ ਮਗਰੋਂ ਜਹਾਜ਼ ਨੂੰ ਡੈਨਵਰ ਹਵਾਈ ਅੱਡੇ ਵੱਲ ਮੋੜਨ ਦਾ ਫੈਸਲਾ ਲਿਆ ਗਿਆ। ਏਅਰਬੱਸ ਏ-220 ਵਿਚ ਸਵਾਰ 117 ਮੁਸਾਫ਼ਰ ਅਤੇ 5 ਕਰੂ ਮੈਂਬਰ ਸੁਰੱਖਿਅਤ ਉਤਰ ਗਏ ਅਤੇ ਸਿਰਫ਼ ਇਕ ਮੁਸਾਫ਼ਰ ਮਾਮੂਲੀ ਤੌਰ ’ਤੇ ਜ਼ਖਮੀ ਹੋਇਆ। ਏਅਰ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਹੰਗਾਮੀ ਹਾਲਾਤ ਦੇ ਬਾਵਜੂਦ ਸੁਰੱਖਿਆ ਮਾਪਦੰਡਾਂ ਦੀ ਮੁਕੰਮਲ ਤੌਰ ’ਤੇ ਪਾਲਣਾ ਕੀਤੀ ਗਈ ਅਤੇ ਕਰੂ ਮੈਂਬਰਾਂ ਦਾ ਫਲਾਈਟ ’ਤੇ ਪੂਰਾ ਕੰਟਰੋਲ ਰਿਹਾ।
ਅਮਰੀਕਾ ’ਚ ਐਮਰਜੰਸੀ ਲੈਂਡਿੰਗ
ਉਧਰ, ਅਮਰੀਕਾ ਦੇ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਏਅਰ ਕੈਨੇਡਾ ਦੇ ਜਹਾਜ਼ ਨਾਲ ਇਹ ਹਾਦਸਾ 31 ਅਗਸਤ ਨੂੰ ਵਾਪਰਿਆ ਅਤੇ ਸਵੇਰੇ ਤਕਰੀਬਨ 8.15 ਵਜੇ ਜਹਾਜ਼ ਸੁਰੱਖਿਅਤ ਲੈਂਡ ਕਰ ਗਿਆ। ਮੁਸਾਫ਼ਰਾਂ ਨੂੰ ਹਵਾਈ ਅੱਡੇ ਅੰਦਰ ਲਿਜਾਂਦਿਆਂ ਉਨ੍ਹਾਂ ਦੇ ਟੋਰਾਂਟੋ ਪੁੱਜਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ। ਦੱਸ ਦੇਈਏ ਕਿ ਬਿਲਕੁਲ ਇਸੇ ਕਿਸਮ ਦਾ ਹਾਦਸਾ ਜਾਪਾਨ ਦੇ ਹਾਨੇਡਾ ਇੰਟਰਨੈਸ਼ਨਲ ਏਅਰਪੋਰਟ ਤੋਂ ਅਮਰੀਕਾ ਵਾਸਤੇ ਰਵਾਨਾ ਹੋਏ ਜਹਾਜ਼ ਨਾਲ ਵਾਪਰਿਆ। ਟੇਕਔਫ਼ ਕਰਨ ਤੋਂ ਕੁਝ ਸਮੇਂ ਬਾਅਦ ਹੀ ਜਹਾਜ਼ ਦੇ ਕਰੂ ਮੈਂਬਰਾਂ ਨੂੰ ਕੁਝ ਸੜਨ ਦੀ ਸਮੈੱਲ ਆਈ ਅਤੇ ਜਹਾਜ਼ ਨੂੰ ਵਾਪਸ ਮੋੜਨ ਦਾ ਫੈਸਲਾ ਲਿਆ ਗਿਆ। ਜਹਾਜ਼ ਵਿਚ 268 ਮੁਸਾਫ਼ਰ ਅਤੇ 13 ਕਰੂ ਮੈਂਬਰ ਸਵਾਰ ਸਨ। ਦੂਜੇ ਪਾਸੇ ਕੋਲੋਰਾਡੋ ਹਵਾਈ ਅੱਡੇ ਨੇੜੇ ਅਸਮਾਨ ਵਿਚ 2 ਹਵਾਈ ਜਹਾਜ਼ਾਂ ਦੀ ਟੱਕਰ ਹੋਣ ਕਾਰਨ 1 ਜਣੇ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ।
ਡੈਨਵਰ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰੇ 117 ਮੁਸਾਫ਼ਰ
ਹਾਦਸਾ ਕੋਲੋਰਾਡੋ ਦੇ ਉਤਰ-ਪੂਰਬੀ ਇਲਾਕੇ ਫੋਰਟ ਮੌਰਗਨ ਵਿਖੇ ਵਾਪਰਿਆ ਜਦੋਂ ਸੈਸਨਾ 172 ਅਤੇ ਈ.ਏ. 300 ਜਹਾਜ਼ ਇਕ-ਦੂਜੇ ਨਾਲ ਭਿੜ ਗਏ। ਦੋਵੇਂ ਜਹਾਜ਼ ਫੋਰਟ ਮੌਰਗਨ ਮਿਊਂਸਪਲ ਏਅਰਪੋਰਟ ’ਤੇ ਉਤਰਨ ਦਾ ਯਤਨ ਕਰ ਰਹੇ ਸਨ ਅਤੇ ਦੋਹਾਂ ਵਿਚ 2-2 ਜਣੇ ਸਵਾਰ ਸਨ। ਸੈਸਨਾ ਵਿਚ ਸਵਾਰ ਦੋ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਦੂਜੇ ਜਹਾਜ਼ ਵਿਚ ਸਵਾਰ ਇਕ ਜਣੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਅਮਰੀਕਾ ਦੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਅਤੇ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਫੋਰਟ ਮੌਰਗਨ ਸ਼ਹਿਰ ਦੀ ਆਬਾਦੀ ਤਕਰੀਬਨ 12 ਹਜ਼ਾਰ ਹੈ ਅਤੇ ਇਹ ਡੈਨਵਰ ਤੋਂ 130 ਕਿਲੋਮੀਟਰ ਨੌਰਥ ਈਸਟ ਵਿਖੇ ਸਥਿਤ ਹੈ।