ਪੀਲ ਪੁਲਿਸ ਨੇ 2 ਹੋਰ ਭਾਰਤੀ ਕੀਤੇ ਗ੍ਰਿਫ਼ਤਾਰ
ਜਬਰੀ ਵਸੂਲੀ ਦੇ ਮਾਮਲੇ ਵਿਚ ਤਿੰਨ ਪੰਜਾਬੀਆਂ ਦੀ ਗ੍ਰਿਫ਼ਤਾਰੀ ਤੋਂ ਕੁਝ ਘੰਟੇ ਬਾਅਦ ਪੀਲ ਰੀਜਨਲ ਪੁਲਿਸ ਵੱਲੋਂ 2 ਹੋਰਨਾਂ ਨੂੰ ਗੱਡੀਆਂ ਖੋਹਣ ਦੇ ਮਾਮਲੇ ਵਿਚ ਕਾਬੂ ਕੀਤਾ ਗਿਆ ਹੈ।
ਬਰੈਂਪਟਨ : ਜਬਰੀ ਵਸੂਲੀ ਦੇ ਮਾਮਲੇ ਵਿਚ ਤਿੰਨ ਪੰਜਾਬੀਆਂ ਦੀ ਗ੍ਰਿਫ਼ਤਾਰੀ ਤੋਂ ਕੁਝ ਘੰਟੇ ਬਾਅਦ ਪੀਲ ਰੀਜਨਲ ਪੁਲਿਸ ਵੱਲੋਂ 2 ਹੋਰਨਾਂ ਨੂੰ ਗੱਡੀਆਂ ਖੋਹਣ ਦੇ ਮਾਮਲੇ ਵਿਚ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬਰੈਂਪਟਨ ਅਤੇ ਕੈਲੇਡਨ ਵਿਖੇ ਤਿੰਨ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ 21 ਸਾਲ ਦੇ ਜਤਿਨ ਕੁਮਾਰ ਅਤੇ 21 ਸਾਲ ਦੇ ਹੀ ਸਫ਼ਲਦੀਪ ਸਿੰਘ ਨੂੰ ਗ੍ਰਿਫ਼ਤਾਰ ਸੰਭਵ ਹੋ ਸਕੀ। ਜਤਿਨ ਕੁਮਾਰ ਵਿਰੁੱਧ ਲੁੱਟ ਦੀ ਵਾਰਦਾਤ ਨਾਲ ਸਬੰਧਤ ਇਕ ਅਤੇ ਸਫ਼ਲਦੀਪ ਸਿੰਘ ਵਿਰੁੱਧ ਧਮਕਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।
ਗੱਡੀ ਖੋਹਣ ਅਤੇ ਧਮਕਾਉਣ ਦੇ ਦੋਸ਼ ਆਇਦ
ਪੀਲ ਰੀਜਨਲ ਪੁਲਿਸ ਦੀ ਇਹ ਕਾਰਵਾਈ ਇਕ ਪੀੜਤ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਹੋਈ। ਪੀੜਤ ਨੇ ਦੱਸਿਆ ਕਿ ਕੁਝ ਬੰਦਿਆਂ ਨੇ ਉਸ ਨੂੰ ਘੇਰ ਕੇ ਗੱਡੀ ਦੀਆਂ ਚਾਬੀਆਂ ਮੰਗਣੀਆਂ ਸ਼ੁਰੂ ਕਰ ਦਿਤੀਆਂ। ਪੀੜਤ ਨੇ ਆਪਣੀ ਜਾਨ ਦੇ ਡਰੋਂ ਚਾਬੀਆਂ ਦੇ ਦਿਤੀਆਂ ਅਤੇ ਸ਼ੱਕੀ ਉਸ ਦੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਇਹ ਗੱਡੀ ਬਾਅਦ ਵਿਚ ਬਰਾਮਦ ਕਰ ਲਈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ।
3 ਜਣਿਆਂ ਨੂੰ ਜਬਰੀ ਵਸੂਲੀ ਮਾਮਲੇ ਵਿਚ ਕੀਤਾ ਸੀ ਗ੍ਰਿਫ਼ਤਾਰ
ਇਥੇ ਦਸਣਾ ਬਣਦਾ ਹੈ ਕਿ ਜਤਿਨ ਕੁਮਾਰ ਅਤੇ ਸਫ਼ਲਦੀਪ ਸਿੰਘ ਦੀ ਗ੍ਰਿਫ਼ਤਾਰੀ ਦਾ ਐਲਾਨ ਕਰਨ ਤੋਂ ਕੁਝ ਘੰਟੇ ਪਹਿਲਾਂ ਹੀ 34 ਸਾਲ ਦੇ ਹਰਪਾਲ ਸਿੰਘ, 20 ਸਾਲ ਦੇ ਰਾਜਨੂਰ ਸਿੰਘ ਅਤੇ 22 ਸਾਲ ਦੇ ਏਕਨੂਰ ਸਿੰਘ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕੀਤਾ ਗਿਆ। ਪੁਲਿਸ ਮੁਤਾਬਕ ਇਹ ਕਾਰਵਾਈ ਬਰੈਂਪਟਨ ਦੇ ਕੁਈਨ ਸਟ੍ਰੀਟ ਅਤੇ ਕੈਨੇਡੀ ਰੋਡ ਸਾਊਥ ਇਲਾਕੇ ਵਿਚ ਇਕ ਕਾਰੋਬਾਰੀ ਅਦਾਰੇ ਉਤੇ ਚੱਲੀਆਂ ਗੋਲੀਆਂ ਦੇ ਮਾਮਲੇ ਵਿਚ ਕੀਤੀ ਗਈ। ਗੋਲੀਬਾਰੀ ਵੇਲੇ ਦਫ਼ਤਰ ਵਿਚ ਕੋਈ ਮੌਜੂਦ ਨਹੀਂ ਸੀ।