25000 ਪ੍ਰਵਾਸੀਆਂ ਦੇ ਮਾਪਿਆਂ ਨੂੰ ਮਿਲੇਗੀ ਕੈਨੇਡਾ ਦੀ ਪੀ.ਆਰ.

ਪੇਰੈਂਟਸ ਅਤੇ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਰ੍ਹੇ ਦੌਰਾਨ 25 ਹਜ਼ਾਰ ਸਪੌਂਸਰਸ਼ਿਪ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ

Update: 2025-03-26 12:53 GMT

ਟੋਰਾਂਟੋ : ਪੇਰੈਂਟਸ ਅਤੇ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਰ੍ਹੇ ਦੌਰਾਨ 25 ਹਜ਼ਾਰ ਸਪੌਂਸਰਸ਼ਿਪ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਸਿਰਫ਼ 10 ਹਜ਼ਾਰ ਅਰਜ਼ੀਆਂ ਪ੍ਰਵਾਨ ਕਰਨ ਦਾ ਜ਼ਿਕਰ ਕੀਤਾ ਗਿਆ ਸੀ। ਕੈਨੇਡਾ ਗਜ਼ਟ ਵਿਚ ਪ੍ਰਕਾਸ਼ਤ ਹਦਾਇਤਾਂ ਮੁਤਾਬਕ ਪਰਵਾਰਾਂ ਦਾ ਮਿਲਾਪ ਕਰਵਾਉਣ ਲਈ ਸਰਕਾਰ ਵਚਨਬੱਧ ਹੈ। ਆਪਣੇ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਨੂੰ ਕੈਨੇਡਾ ਸੱਦਣ ਦੇ ਇੱਛਕ ਪ੍ਰਵਾਸੀਆਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਹਨ ਜਿਸ ਰਾਹੀਂ ਪੰਜ ਸਾਲ ਤੱਕ ਕੈਨੇਡਾ ਵਿਚ ਠਹਿਰਾਅ ਕੀਤਾ ਜਾ ਸਕਦਾ ਹੈ ਅਤੇ ਦੋ ਸਾਲ ਦਾ ਹੋਰ ਵਾਧਾ ਵੀ ਕਰਵਾਇਆ ਜਾ ਸਕਦਾ ਹੈ।

ਪੇਰੈਂਟਸ ਅਤੇ ਗਰੈਂਡ ਪੇਰੈਂਟਸ ਪ੍ਰੋਗਰਾਮ ਬਾਰੇ ਨਵਾਂ ਐਲਾਨ

ਸਾਲ 2024 ਦੌਰਾਨ 35,700 ਬਿਨੈਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਜਿਨ੍ਹਾਂ ਵਿਚੋਂ 20,500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਦੱਸ ਦੇਈਏ ਕਿ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਸਫ਼ਲ ਬਿਨੈਕਾਰ ਆਪਣੇ ਮਾਪਿਆਂ ਜਾਂ ਦਾਦੀ-ਦਾਦੀ ਜਾਂ ਨਾਨਾ-ਨਾਨੀ ਨੂੰ ਪੱਕੇ ਤੌਰ ’ਤੇ ਕੈਨੇਡਾ ਸੱਦ ਸਕਦੇ ਹਨ। ਇੰਮੀਗ੍ਰੇਸ਼ਨ ਬਾਰੇ ਸਾਲਾਨਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਐਂਡ ਗਰੈਂਡਪੇਰੈਂਟਸ ਨੂੰ ਪੀ.ਆਰ. ਵਾਲੀ ਸ਼੍ਰੇਣੀ ਅਧੀਨ 40 ਹਜ਼ਾਰ ਤੋਂ ਵੱਧ ਸਪੌਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ। ਰਿਪੋਰਟ ਕਹਿੰਦੀ ਹੈ ਕਿ ਸਪੌਂਸਰਸ਼ਿਪ ਐਪਲੀਕੇਸ਼ਨ ਦਾ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਅਤੇ ਅਜਿਹੇ ਵਿਚ ਬੈਕਲਾਗ ਬਹੁਤ ਜ਼ਿਆਦਾ ਵਧ ਸਕਦਾ ਹੈ। ਦੂਜੇ ਪਾਸੇ ਐਕਸਪ੍ਰੈਸ ਐਂਟਰੀ ਵਾਲਿਆਂ ਨੂੰ ਐਲ.ਐਮ.ਆਈ.ਏ. ਦੇ ਬੋਨਸ ਪੁਆਇੰਟਸ ਦੇਣ ਦਾ ਸਿਲਸਿਲਾ 25 ਮਾਰਚ ਤੋਂ ਬੰਦ ਕਰ ਦਿਤਾ ਗਿਆ ਹੈ। ਇਸ ਤਬਦੀਲੀ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਵਾਲੇ ਉਮੀਦਵਾਰਾਂ ਨੂੰ ਕੈਨੇਡਾ ਵਿਚ ਨੌਕਰੀ ਦੀ ਪੇਸ਼ਕਸ਼ ਹੋਣ ’ਤੇ 50 ਤੋਂ 200 ਤੱਕ ਸੀ.ਆਰ.ਐਸ. ਪੁਆਇੰਟ ਮਿਲਦੇ ਸਨ ਅਤੇ ਪੀ.ਆਰ. ਮਿਲਣ ਦੇ ਆਸਾਰ ਬੇਹੱਦ ਵਧ ਜਾਂਦੇ ਪਰ ਹੁਣ ਅਜਿਹਾ ਨਹੀਂ ਹੋਵੇਗਾ। ਨਵੇਂ ਨਿਯਮਾਂ ਦਾ ਸਭ ਤੋਂ ਵੱਧ ਨੁਕਸਾਨ ਭਾਰਤੀ ਵਿਦਿਆਰਥੀਆਂ ਨੂੰ ਹੋਇਆ ਹੈ ਜੋ ਕੈਨੇਡਾ ਵਿਚ ਪੱਕਾ ਹੋਣ ਦੇ ਇਰਾਦੇ ਨਾਲ ਸਟੱਡੀ ਵੀਜ਼ਾ ’ਤੇ ਇਥੇ ਪੁੱਜੇ ਪਰ ਬੋਨਸ ਪੁਆਇੰਟਸ ਦੀ ਅਣਹੋਂਦ ਵਿਚ ਉਨ੍ਹਾਂ ਵਾਸਤੇ ਲੋੜੀਂਦਾ ਸੀ.ਆਰ.ਐਸ. ਸਕੋਰ ਹਾਸਲ ਕਰਨਾ ਔਖਾ ਹੋ ਜਾਵੇਗਾ। ਇੰਮੀਗ੍ਰੇਸ਼ਨਅਤੇ ਸਿਟੀਜ਼ਨਸ਼ਿਪ ਵਿਭਾਗ ਦਾ ਕਹਿਣਾ ਹੈ ਕਿ ਬਿਲਕੁਲ ਦਰੁਸਤ ਸੀ.ਆਰ.ਐਸ. ਸਕੋਰ ਦਰਸਾਉਣ ਵਿਚ ਫਿਲਹਾਲ ਕੁਝ ਦਿਨ ਦਾ ਸਮਾਂ ਲੱਗ ਸਕਦਾ ਹੈ ਅਤੇ ਇਕ ਹਫ਼ਤੇ ਤੋਂ ਵੱਧ ਸਮਾਂ ਹੀ ਸੀ.ਆਰ.ਐਸ. ਸਕੋਰ ਗਲਤ ਨਜ਼ਰ ਆਉਣ ’ਤੇ ਹੀ ਇੰਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਜਾਵੇ।

ਐਲ.ਐਮ.ਆਈ.ਏ. ਵਾਲਿਆਂ ਨੂੰ ਬੋਨਸ ਮਿਲਣਾ ਬੰਦ

ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਜ਼ ਪ੍ਰੋਗਰਾਮ ਅਤੇ ਕੁਝ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਦੀਆਂ ਸਟ੍ਰੀਮਜ਼ ਵਿਚ ਹੁਣ ਵੀ ਜੌਬ ਆਫ਼ਰ ਦੀ ਪਹਿਲਾਂ ਵਾਲੀ ਅਹਿਮੀਅਤ ਬਰਕਰਾਰ ਰਹੇਗੀ। ਉਧਰ ਇੰਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਅਰਜ਼ੀਆਂ ਦਾ ਬੈਕਲਾਗ ਘਟ ਕੇ 8 ਲੱਖ 21 ਹਜ਼ਾਰ ਹੋਣ ਦੀ ਰਿਪੋਰਟ ਹੈ ਜੋ ਕੁਝ ਸਮਾਂ ਪਹਿਲਾਂ 10 ਲੱਖ ਦੇ ਨੇੜੇ ਚੱਲ ਰਿਹਾ ਸੀ। ਸਭ ਤੋਂ ਜ਼ਿਆਦਾ ਕਮੀ ਟੈਂਪਰੇਰੀ ਰੈਜ਼ੀਡੈਂਸੀ ਵਾਲੀ ਸ਼੍ਰੇਣੀ ਵਿਚ ਆਈ ਹੈ ਅਤੇ ਇਸ ਵੇਲੇ ਬੈਕਲਾਗ ਵਿਚ 4 ਲੱਖ 94 ਹਜ਼ਾਰ ਅਰਜ਼ੀਆਂ ਦੱਸੀਆਂ ਜਾ ਰਹੀਆਂ ਹਨ। ਇਸ ਦੇ ਉਲਟ ਪਰਮਾਨੈਂਟ ਰੈਜ਼ੀਡੈਂਸੀ ਵਾਲੀ ਸ਼੍ਰੇਣੀ ਵਿਚ ਅਰਜ਼ੀਆਂ ਦਾ ਬੈਕਲਾਗ 3 ਲੱਖ 56 ਹਜ਼ਾਰ ਤੋਂ ਵਧ ਕੇ 3 ਲੱਖ 64 ਹਜ਼ਾਰ ਹੋ ਗਿਆ ਹੈ। ਸਿਟੀਜ਼ਨਸ਼ਿਪ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੁਲ 2 ਲੱਖ 39 ਹਜ਼ਾਰ ਅਰਜ਼ੀਆਂ ਵਿਚੋਂ 42 ਹਜ਼ਾਰ ਬੈਕਲਾਗ ਵਿਚ ਮੰਨੀਆਂ ਗਈਆਂ।

Tags:    

Similar News