ਉਨਟਾਰੀਓ ’ਚ ਪੀ.ਸੀ. ਪਾਰਟੀ ਨੂੰ ਪ੍ਰਭਾਵਤ ਕਰ ਸਕਦੀਆਂ ਨੇ ਸਮੇਂ ਤੋਂ ਪਹਿਲਾਂ ਚੋਣਾਂ

ਉਨਟਾਰੀਓ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਨਾ ਸਿਰਫ ਪੀ.ਸੀ. ਪਾਰਟੀ ਦੀਆਂ ਸੰਭਾਵਨਾਵਾਂ ਪ੍ਰਭਾਵਤ ਕਰ ਸਕਦਾ ਹੈ ਬਲਕਿ ਸੂਬਾ ਸਿਆਸਤ ਨੂੰ ਹਲੂਣ ਕੇ ਰੱਖ ਦੇਵੇਗਾ।;

Update: 2024-07-03 10:12 GMT

ਟੋਰਾਂਟੋ : ਉਨਟਾਰੀਓ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਨਾ ਸਿਰਫ ਪੀ.ਸੀ. ਪਾਰਟੀ ਦੀਆਂ ਸੰਭਾਵਨਾਵਾਂ ਪ੍ਰਭਾਵਤ ਕਰ ਸਕਦਾ ਹੈ ਬਲਕਿ ਸੂਬਾ ਸਿਆਸਤ ਨੂੰ ਹਲੂਣ ਕੇ ਰੱਖ ਦੇਵੇਗਾ। ਇਹ ਦਾਅਵਾ ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ ਹੈ। ਸਰਵੇਖਣ ਮੁਤਾਬਕ ਇਸ ਵੇਲੇ ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਹੇਠ ਪੀ.ਸੀ. ਪਾਰਟੀ 33 ਫੀ ਸਦੀ ਲੋਕ ਹਮਾਇਤ ਨਾਲ ਸਿਖਰ ’ਤੇ ਚੱਲ ਰਹੀ ਹੈ ਜਦਕਿ ਲਿਬਰਲ ਪਾਰਟੀ 24 ਫੀ ਸਦੀ ਲੋਕਾਂ ਦੇ ਪਹਿਲੀ ਪਸੰਦ ਬਣੀ ਹੋਈ ਹੈ।

ਟੋਰਾਂਟੋ ਅਤੇ ਉਤਰੀ ਉਨਟਾਰੀਓ ਵਿਚ ਹੋ ਸਕਦੈ ਨੁਕਸਾਨ : ਸਰਵੇਖਣ

ਐਨ.ਡੀ.ਪੀ. 17 ਫੀ ਸਦੀ ਲੋਕਾਂ ਦੀ ਹਮਾਇਤ ਨਾਲ ਤੀਜੇ ਸਥਾਨ ਅਤੇ ਗਰੀਨ ਪਾਰਟੀ ਚਾਰ ਫੀ ਸਦੀ ਲੋਕਾਂ ਦੀ ਪਹਿਲੀ ਪਸੰਦ ਮੰਨੀ ਜਾ ਰਹੀ ਹੈ। ਉਨਟਾਰੀਓ ਵਿਚ 17 ਫੀ ਸਦੀ ਲੋਕ ਅਜਿਹੇ ਹਨ ਜੋ ਫਿਲਹਾਲ ਕਿਸੇ ਪਾਰਟੀ ਨਾਲ ਖੜ੍ਹੇ ਨਜ਼ਰ ਨਹੀਂ ਆਉਂਦੇ। ਇਨ੍ਹਾਂ 17 ਫੀ ਸਦੀ ਵੋਟਰਾਂ ਨੂੰ ਹਟਾ ਦਿਤਾ ਜਾਵੇ ਤਾਂ ਪੀ.ਸੀ. ਪਾਰਟੀ 39 ਫੀ ਸਦੀ ਦੇ ਅੰਕੜੇ ’ਤੇ ਪੁੱਜ ਜਾਂਦੀ ਹੈ ਅਤੇ ਲਿਬਰਲ ਪਾਰਟੀ ਦਾ ਅੰਕੜਾ 28 ਫੀ ਸਦੀ ਹੋ ਜਾਂਦਾ ਹੈ। ਸਰਵੇਖਣ ਕਹਿੰਦਾ ਹੈ ਕਿ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਦੀ ਸੂਰਤ ਵਿਚ ਪੀ.ਸੀ. ਪਾਰਟੀ ਦੀ ਮਕਬੂਲੀਅਤ ਘਟ ਕੇ 30 ਫੀ ਸਦੀ ਰਹਿ ਜਾਵੇਗੀ ਜਦਕਿ ਲਿਬਰਲ ਪਾਰਟੀ 24 ਫੀ ਸਦੀ ਦੇ ਅੰਕੜੇ ’ਤੇ ਬਰਕਰਾਰ ਰਹਿ ਸਕਦੀ ਹੈ ਪਰ ਵੋਟ ਪਾਉਣ ਬਾਰੇ ਪੱਕਾ ਫੈਸਲਾ ਨਾ ਕਰਨ ਵਾਲੇ ਵੋਟਰਾਂ ਦੀ ਗਿਣਤੀ 17 ਫੀ ਸਦੀ ਤੋਂ ਵਧ ਕੇ 21 ਫੀ ਸਦੀ ਹੋ ਸਕਦੀ ਹੈ। ਸਰਵੇਖਣ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ’ਤੇ ਉਤਰੀ ਉਨਟਾਰੀਓ, ਟੋਰਾਂਟੋ ਅਤੇ ਹੈਮਿਲਟਨ-ਨਿਆਗਰਾ ਰੀਜਨ ਵਿਚ ਪੀ.ਸੀ. ਪਾਰਟੀ ਦੀ ਮਕਬੂਲੀਅਤ ਨੂੰ ਖੋਰਾ ਲੱਗ ਸਕਦਾ ਹੈ। ਉਤਰੀ ਉਨਟਾਰੀਓ ਵਿਚ ਪੀ.ਸੀ. ਪਾਰਟੀ ਪਹਿਲੇ ਸਥਾਨ ਤੋਂ ਤੀਜੇ ਸਥਾਨ ’ਤੇ ਡਿੱਗ ਸਕਦੀ ਹੈ ਜਦਕਿ ਟੋਰਾਂਟੋ ਇਲਾਕੇ ਵਿਚ ਲਿਬਰਲ ਪਾਰਟੀ ਤੋਂ ਇਸ ਵੇਲੇ ਤਿੰਨ ਅੰਕੜ ਪੱਛੜ ਰਹੀ ਪੀ.ਸੀ. ਪਾਰਟੀ 10 ਅੰਕਾਂ ਤੱਕ ਪੱਛੜ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਪੀ.ਸੀ. ਪਾਰਟੀ ਵੱਲੋਂ ਆਪਣੇ ਪੱਧਰ ’ਤੇ ਚੋਣ ਸਰਵੇਖਣ ਕਰਵਾਉਂਦਿਆਂ ਸਮੇਂ ਤੋਂ ਪਹਿਲਾਂ ਚੋਣਾਂ ਦੇ ਅਸਰ ਬਾਰੇ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ।

ਬੌਨੀ ਕਰੌਂਬੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਹੋ ਸਕਦੈ ਫਾਇਦਾ

ਪੀ.ਸੀ. ਪਾਰਟੀ ਵੱਲੋਂ ਇਸ ਕੰਮ ਲਈ ਕੈਂਪੇਨ ਰਿਸਰਚ ਨੂੰ ਜ਼ਿੰਮੇਵਾਰ ਸੌਂਪੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਕੈਂਪੇਨ ਰਿਸਰਚ ਵੱਲੋਂ ਲੋਕਾਂ ਨੂੰ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੀ ਉਹ ਜੂਨ 2026 ਦੀ ਬਜਾਏ 2025 ਵਿਚ ਚੋਣਾਂ ਕਰਵਾਉਣ ਦੇ ਸੰਭਾਵਤ ਫੈਸਲੇ ਨਾਲ ਸਹਿਮਤ ਹਨ? ਸਵਾਲ ਬਾਰੇ ਤਾਂ ਜਾਣਕਾਰੀ ਸਾਹਮਣੇ ਆ ਗਈ ਪਰ ਲੋਕਾਂ ਦੇ ਜਵਾਬ ਨੂੰ ਫਿਲਹਾਲ ਪਰਦੇ ਹੇਠ ਰੱਖਿਆ ਗਿਆ ਹੈ। ਉਧਰ ਲਿਬਰਲ ਪਾਰਟੀ ਵੱਲੋਂ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਰੀਆਂ 124 ਸੀਟਾਂ ’ਤੇ ਉਮੀਦਵਾਰ ਪੱਕੇ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਲਿਬਰਲ ਆਗੂ ਬੌਨੀ ਕਰੌਂਬੀ ਨੇ ਕਿਹਾ ਕਿ ਉਹ ਹਰ ਚੁਣੌਤੀ ਵਾਸਤੇ ਤਿਆਰ ਬਰ ਤਿਆਰ ਹਨ। ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਵੀ ਸਮੇਂ ਤੋਂ ਪਹਿਲਾਂ ਚੋਣਾਂ ਦੀ ਸੋਚ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਪਾਰਟੀ ਵਧ-ਚੜ੍ਹ ਕੇ ਚੋਣਾਂ ਲੜੇਗੀ।

Tags:    

Similar News