ਕੈਨੇਡਾ ’ਚ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਨੂੰ 5 ਸਾਲ ਕੈਦ
ਉਨਟਾਰੀਓ ਵਿਚ ਸ਼ਰਾਬ ਦੇ ਠੇਕਿਆਂ ’ਤੇ ਚੋਰੀ ਦੀਆਂ 110 ਵਾਰਦਾਤਾਂ ਦੇ ਸ਼ੱਕੀ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ
ਮਿਸੀਸਾਗਾ : ਉਨਟਾਰੀਓ ਵਿਚ ਸ਼ਰਾਬ ਦੇ ਠੇਕਿਆਂ ’ਤੇ ਚੋਰੀ ਦੀਆਂ 110 ਵਾਰਦਾਤਾਂ ਦੇ ਸ਼ੱਕੀ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ 3 ਲੱਖ ਡਾਲਰ ਤੋਂ ਵੱਧ ਮੁੱਲ ਦੀ ਸ਼ਰਾਬ ਚੋਰੀ ਕਰਨ ਦਾ ਗੁਨਾਹ ਕਬੂਲ ਕਰਨ ਮਗਰੋਂ ਦੋਸ਼ੀ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ। ਪੁਲਿਸ ਨੇ ਮੁਢਲੇ ਤੌਰ ’ਤੇ ਗੁਐਲਫ਼, ਬੈਰੀ, ਕਿੰਗਸਟਨ, ਮਿਲਟਨ, ਲੰਡਨ, ਕੈਂਬਰਿਜ, ਕਿਚਨਰ ਅਤੇ ਮਿਸੀਸਾਗਾ ਸਣੇ ਕਈ ਸ਼ਹਿਰਾਂ ਦੇ ਠੇਕਿਆਂ ’ਤੇ ਵਾਪਰੀਆਂ ਵਾਰਦਾਤ ਵਿਚ ਦੋਸ਼ੀ ਦੀ ਸ਼ਮੂਲੀਅਤ ਦਾ ਸ਼ੱਕ ਜ਼ਾਹਰ ਕੀਤਾ ਜਿਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ।
3 ਲੱਖ ਡਾਲਰ ਤੋਂ ਵੱਧ ਮੁੱਲ ਦੀ ਸ਼ਰਾਬ ਚੋਰੀ ਕਰਨ ਦਾ ਗੁਨਾਹ ਕਬੂਲਿਆ
ਗੁਐਲਫ਼ ਪੁਲਿਸ ਨੇ ਦੱਸਿਆ ਕਿ ਕਹਾਣੀ ਦੀ ਸ਼ੁਰੂਆਤ 5 ਮਈ 2024 ਨੂੰ ਹੋਈ ਜਦੋਂ ਸੇਂਟ ਕੈਥਰੀਨਜ਼ ਵਿਖੇ ਦੋ ਸ਼ੱਕੀ ਇਕ ਕਾਰ ਵਿਚ ਸੁੱਤੇ ਪਏ ਮਿਲੇ। ਪੁਲਿਸ ਨੇ ਘੇਰਾਬੰਦੀ ਕਰ ਦਿਤੀ ਅਤੇ ਫਰਾਰ ਹੋਣ ਦਾ ਕੋਈ ਰਾਹ ਬਾਕੀ ਨਾਲ ਛੱਡਿਆ। 27 ਸਾਲ ਅਤੇ 35 ਸਾਲ ਉਮਰ ਦੇ ਦੋਹਾਂ ਸ਼ੱਕੀਆਂ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀਸ਼ੁਦਾ ਪ੍ਰੌਪਰਟੀ ਰੱਖਣ, ਪੰਜ ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀਸ਼ੁਦਾ ਪ੍ਰੌਪਰਟੀ ਰੱਖਣ, ਪੁਲਿਸ ਦੇ ਕੰਮ ਵਿਚ ਅੜਿੱਕੇ ਡਾਹੁਣ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਆਇਦ ਕੀਤੇ ਗਏ। 27 ਸਾਲ ਦੇ ਸ਼ੱਕੀ ਵਿਰੁੱਧ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ਵੱਖਰੇ ਤੌਰ ’ਤੇ ਲੱਗੇ ਅਤੇ ਉਸ ਨੂੰ ਹੀ ਪੰਜ ਸਾਲ ਵਾਸਤੇ ਜੇਲ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਤਿੰਨ ਸਾਲ ਵਾਸਤੇ ਡਰਾਈਵਿੰਗ ਕਰਨ ’ਤੇ ਪਾਬੰਦੀ ਵੀ ਲਾਗੂਕੀਤੀ ਗਈ ਹੈ।