ਜਸਟਿਨ ਟਰੂਡੋ ਵੱਲੋਂ ਅਸਤੀਫ਼ਾ ਦੇਣ ਦੀਆਂ ਤਿਆਰੀਆਂ!
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਮਗਰੋਂ ਇਕ ਝਟਕੇ ਲੱਗਣ ਦਾ ਸਿਲਸਿਲਾ ਸੋਮਵਾਰ ਰਾਤ ਤੱਕ ਜਾਰੀ ਰਿਹਾ ਜਦੋਂ ਬੀ.ਸੀ. ਦੇ ਕਲੋਵਰਡੇਲ-ਲੈਂਗਲੀ ਸਿਟੀ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਲਿਬਰਲ ਪਾਰਟੀ ਨੂੰ ਵੱਡੀ ਹਾਰ ਝੱਲਣੀ ਪਈ।;
ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਮਗਰੋਂ ਇਕ ਝਟਕੇ ਲੱਗਣ ਦਾ ਸਿਲਸਿਲਾ ਸੋਮਵਾਰ ਰਾਤ ਤੱਕ ਜਾਰੀ ਰਿਹਾ ਜਦੋਂ ਬੀ.ਸੀ. ਦੇ ਕਲੋਵਰਡੇਲ-ਲੈਂਗਲੀ ਸਿਟੀ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਲਿਬਰਲ ਪਾਰਟੀ ਨੂੰ ਵੱਡੀ ਹਾਰ ਝੱਲਣੀ ਪਈ। ਦੂਜੇ ਪਾਸੇ ਲਿਬਰਲ ਕੌਕਸ ਦੀ ਸੋਮਵਾਰ ਰਾਤ ਹੋਈ ਮੀਟਿੰਗ ਦੌਰਾਨ ਜਸਟਿਨ ਟਰੂਡੋ ਦੇ ਅਸਤੀਫ਼ੇ ਦੀ ਮੰਗ ਉਠੀ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟਰੂਡੋ, ਲਿਬਰਲ ਲੀਡਰਸ਼ਿਪ ਛੱਡਣ ਬਾਰੇ ਵਿਚਾਰ ਕਰ ਰਹੇ ਹਨ। ਲਿਬਰਲ ਕੌਕਸ ਦੀ ਮੀਟਿੰਗ ਵਿਚ ਕ੍ਰਿਸਟੀਆ ਫਰੀਲੈਂਡ ਵੀ ਸ਼ਾਮਲ ਹੋਏ ਅਤੇ ਪਾਰਟੀ ਦੇ ਐਮ.ਪੀਜ਼ ਵੱਲੋਂ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਤਕਰੀਬਨ ਇਕ ਘੰਟਾ ਚੱਲੀ ਮੀਟਿੰਗ ਮਗਰੋਂ ਜ਼ਿਆਦਾਤਰ ਐਮ.ਪੀਜ਼ ਨੇ ਮੀਡੀਆ ਤੋਂ ਪਾਸਾ ਵੱਟੀ ਰੱਖਿਆ ਪਰ ਕੁਝ ਬੋਲਣ ਵਾਸਤੇ ਸਹਿਮਤ ਹੋ ਗਏ। ਉਨਟਾਰੀਓ ਤੋਂ ਲਿਬਰਲ ਐਮ.ਪੀ. ਚੈਡ ਕੌਲਿਨਜ਼ ਨੇ ਕਿਹਾ ਕਿ ਉਹ ਕੌਕਸ ਮੀਟਿੰਗ ਦੀਆਂ ਅੰਦਰੂਨੀ ਗੱਲਾਂ ਨਸ਼ਰ ਨਹੀਂ ਕਰਨਗੇ ਪਰ ਇਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਲਿਬਰਲ ਪਾਰਟੀ ਇਕਜੁਟ ਨਹੀਂ।
ਲਿਬਰਲ ਕੌਕਸ ਦੀ ਮੀਟਿੰਗ ਦੌਰਾਨ ਉਠੀ ਅਸਤੀਫ਼ੇ ਦੀ ਆਵਾਜ਼
ਲੀਡਰਸ਼ਿਪ ਵਿਚ ਤਬਦੀਲੀ ਮੰਗਣ ਵਾਲੇ ਮੌਜੂਦ ਹਨ ਅਤੇ ਮੈਂ ਉਨ੍ਹਾਂ ਵਿਚੋਂ ਇਕ ਹਾਂ। ਕੌਲਿਨਜ਼ ਨੇ ਜ਼ੋਰ ਦੇ ਕੇ ਆਖਿਆ ਕਿ ਨਵਾਂ ਲਿਬਰਲ ਆਗੂ ਹੀ ਕੈਨੇਡੀਅਨਜ਼ ਅੱਗੇ ਨਵੀਆਂ ਨੀਤੀਆਂ ਪੇਸ਼ ਕਰ ਸਕਦਾ ਹੈ। ਅਤੀਤ ਵਿਚ ਟਰੂਡੋ ਤੋਂ ਸ਼ਰ੍ਹੇਆਮ ਅਸਤੀਫ਼ਾ ਮੰਗ ਚੁੱਕੇ ਕੁਝ ਲਿਬਰਲ ਐਮ.ਪੀਜ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਮਿਆਦ ਪੁੱਗ ਚੁੱਕੀ ਹੈ ਅਤੇ ਜੇ ਉਹ ਹੁਣ ਵੀ ਅਹੁਦੇ ’ਤੇ ਕਾਇਮ ਰਹਿੰਦੇ ਹਨ ਤਾਂ ਵੱਡਾ ਸਵਾਲ ਪੈਦਾ ਹੁੰਦਾ ਹੈ। ਦੂਜੇ ਪਾਸੇ ਟਰੂਡੋ ਦੀ ਲੀਡਰਸ਼ਿਪ ਬਾਰੇ ਗੁਪਤ ਵੋਟਿੰਗ ਕਰਵਾਉਣ ਦਾ ਸੁਝਾਅ ਦੇ ਚੁੱਕੀ ਲਿਬਰਲ ਐਮ.ਪੀ. ਹੈਲੇਨਾ ਜੈਚੈਕ ਨੇ ਕਿਹਾ ਕਿ ਸਾਡੀਆਂ ਰਾਈਡਿੰਗਜ਼ ਦੇ ਵੋਟਰ ਸਾਨੂੰ ਸੁਣਨ ਵਾਸਤੇ ਤਿਆਰ ਨਹੀਂ ਕਿਉਂਕਿ ਲਿਬਰਲ ਪਾਰਟੀ ਦੀਆਂ ਨੀਤੀਆਂ ਉਸਾਰੂ ਤਰੀਕੇ ਨਾਲ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ। ਪ੍ਰਧਾਨ ਮੰਤਰੀ ਵਿਚ ਉਹ ਚੀਜ਼ ਨਜ਼ਰ ਨਹੀਂ ਆਉਂਦੀ ਜੋ ਇਕ ਆਗੂ ਵਿਚ ਹੋਣੀ ਚਾਹੀਦੀ ਹੈ ਜਿਸ ਦੇ ਮੱਦੇਨਜ਼ਰ ਅਗਲੀਆਂ ਚੋਣਾਂ ਵਾਸਤੇ ਇਕ ਨਵਾਂ ਪਲੈਟਫਾਰਮ ਤਿਆਰ ਕਰਨਾ ਹੋਵੇਗਾ। ਇਸ ਦੇ ਉਲਟ ਕੁਝ ਆਗੂਆਂ ਵੱਲੋਂ ਹੁਣ ਵੀ ਟਰੂਡੋ ਦੀ ਲੀਡਰਸ਼ਿਪ ’ਤੇ ਭਰੋਸਾ ਜ਼ਾਹਰ ਕੀਤਾ ਗਿਆ। ਉਦਯੋਗ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਅਤੇ ਫੈਡਰਲ ਸਰਕਾਰ ਦੀ ਚੀਫ਼ ਵਿ੍ਹਪ ਰੂਬੀ ਸਹੋਤਾ ਨੇ ਕਿਹਾ ਕਿ ਟਰੂਡੋ ਨੂੰ ਹੁਣ ਵੀ ਪਾਰਟੀ ਵਿਚ ਮੁਕੰਮਲ ਹਮਾਇਤ ਹਾਸਲ ਹੈ। ਦੂਜੇ ਪਾਸੇ ਕਲੋਵਰਡੇਲ-ਲੈਂਗਲੀ ਸਿਟੀ ਰਾਈਡਿੰਗ ਦੀ ਜ਼ਿਮਨੀ ਚੋਣ ਦਾ ਨਤੀਜਾ ਟਰੂਡੋ ਦੀ ਡਿੱਗ ਚੁੱਕੀ ਮਕਬੂਲੀਅਤ ਵੱਲ ਇਸ਼ਾਰਾ ਕਰ ਰਿਹਾ ਹੈ। 2021 ਵਿਚ ਇਹ ਸੀਟ ਲਿਬਰਲ ਪਾਰਟੀ ਨੇ ਜਿੱਤੀ ਸੀ ਪਰ ਇਸ ਵਾਰ 40 ਫੀ ਸਦੀ ਵੋਟਾਂ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਕਲੋਵਰਡੇਲ-ਲੈਂਗਲੀ ਸਿਟੀ ਪਾਰਲੀਮਾਨੀ ਸੀਟ ’ਤੇ ਲਿਬਰਲਾਂ ਨੂੰ ਵੱਡੀ ਹਾਰ
ਕੰਜ਼ਰਵੇਟਿਵ ਪਾਰਟੀ ਦੀ ਤਮਾਰਾ ਯੈਨਸਨ ਨੂੰ 62 ਫੀ ਸਦੀ ਤੋਂ ਵੱਧ ਵੋਟਾਂ ਮਿਲੀਆਂ ਜਦਕਿ ਲਿਬਰਲ ਪਾਰਟੀ ਸਿਰਫ਼ 22 ਫੀ ਸਦੀ ਵੋਟਾਂ ਤੱਕ ਸੀਮਤ ਹੋ ਕੇ ਰਹਿ ਗਈ। ਲਿਬਰਲ ਪਾਰਟੀ ਦੇ ਜੌਹਨ ਅਲਡੈਗ ਨੇ ਐਨ.ਡੀ.ਪੀ. ਦੀ ਟਿਕਟ ’ਤੇ ਬੀ.ਸੀ. ਵਿਧਾਨ ਸਭਾ ਚੋਣਾਂ ਲੜਨ ਵਾਸਤੇ ਅਸਤੀਫ਼ਾ ਦੇ ਦਿਤਾ ਸੀ ਪਰ ਉਥੇ ਹੀ ਸਫ਼ਲਤਾ ਹੱਥ ਨਾ ਲੱਗੀ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਹਰਮਨ ਭੰਗੂ ਤੋਂ ਹਾਰ ਗਏ। ਕੰਜ਼ਰਵੇਟਿਵ ਪਾਰਟੀ ਦੀ ਤਮਾਰਾ ਯੈਨਸਨ 2019 ਵਿਚ ਜੇਤੂ ਰਹੇ ਸਨ ਪਰ 2021 ਵਿਚ ਹਾਰ ਗਈ। ਇਸ ਵਾਰ ਲਿਬਰਲ ਪਾਰਟੀ ਦੀ ਵਿਰੁੱਧ ਚੱਲ ਰਹੀ ਲਹਿਰ ਨੇ ਵੱਡੀ ਜਿੱਤ ਦਿਵਾਉਣ ਵਿਚ ਯੋਗਦਾਨ ਪਾਇਆ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ-ਸੇਂਟ ਪੌਲ ’ਤੇ ਲਿਬਰਲ ਪਾਰਟੀ ਦੀ ਹਾਰ ਦਾ ਸਿਲਸਿਲਾ ਅਜਿਹਾ ਸ਼ੁਰੂ ਹੋਇਆ ਜੋ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਹੁਣ ਲਿਬਰਲ ਕੌਕਸ ਦੇ ਕਈ ਮੈਂਬਰ ਟਰੂਡੋ ਦੇ ਅਸਤੀਫ਼ੇ ਦੀ ਉਡੀਕ ਕਰ ਰਹੇ ਹਨ।