ਜਸਟਿਨ ਟਰੂਡੋ ਨੇ ਮੋਦੀ ਨੂੰ ਵਧਾਈ ਦਿੰਦਿਆਂ ‘ਕਾਨੂੰਨ ਦਾ ਰਾਜ’ ਚੇਤੇ ਕਰਵਾਇਆ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਚੋਣਾਂ ਵਿਚ ਜਿੱਤ ਹਾਸਲ ਕਰਨ ’ਤੇ ਵਧਾਈ ਦਿਤੀ ਪਰ ਨਾਲ ਹੀ ਕਾਨੂੰਨ ਦੇ ਰਾਜ ਦੀ ਅਹਿਮੀਅਤ ਚੇਤੇ ਕਰਵਾਉਣਾ ਵੀ ਨਾ ਭੁੱਲੇ। ਟਰੂਡੋ ਦੇ ਇਸ ਕਦਮ ਨੂੰ ਦੋਹਾਂ ਮੁਲਕਾਂ ਦਰਮਿਆਨ ਕੂਟਨੀਤਕ ਟਕਰਾਅ ਖਤਮ ਕਰਨ ਦਾ ਉਪਰਾਲਾ ਮੰਨਿਆ ਜਾ ਰਿਹਾ ਹੈ ਜਦਕਿ ਮਾਹਰਾਂ ਦਾ ਮੰਨਣਾ ਹੈ ਕਿ ਰਿਸ਼ਤਿਆਂ ਵਿਚ ਸੁਖਾਵਾਂਪਣ ਆਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ।;

Update: 2024-06-06 11:57 GMT

ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਚੋਣਾਂ ਵਿਚ ਜਿੱਤ ਹਾਸਲ ਕਰਨ ’ਤੇ ਵਧਾਈ ਦਿਤੀ ਪਰ ਨਾਲ ਹੀ ਕਾਨੂੰਨ ਦੇ ਰਾਜ ਦੀ ਅਹਿਮੀਅਤ ਚੇਤੇ ਕਰਵਾਉਣਾ ਵੀ ਨਾ ਭੁੱਲੇ। ਟਰੂਡੋ ਦੇ ਇਸ ਕਦਮ ਨੂੰ ਦੋਹਾਂ ਮੁਲਕਾਂ ਦਰਮਿਆਨ ਕੂਟਨੀਤਕ ਟਕਰਾਅ ਖਤਮ ਕਰਨ ਦਾ ਉਪਰਾਲਾ ਮੰਨਿਆ ਜਾ ਰਿਹਾ ਹੈ ਜਦਕਿ ਮਾਹਰਾਂ ਦਾ ਮੰਨਣਾ ਹੈ ਕਿ ਰਿਸ਼ਤਿਆਂ ਵਿਚ ਸੁਖਾਵਾਂਪਣ ਆਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ।

ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਦੁਨੀਆਂ ਦੇ ਕਈ ਹੋਰ ਪ੍ਰਮੁੱਖ ਆਗੂਆਂ ਵੱਲੋਂ ਵੀ ਵਧਾਈਆਂ ਦਾ ਸਿਲਸਿਲਾ ਜਾਰੀ ਰਿਹਾ। ਟਰੂਡੋ ਨੇ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡਾ, ਭਾਰਤ ਨਾਲ ਤਾਲਮੇਲ ਤਹਿਤ ਕੰਮ ਕਰਨ ਵਾਸਤੇ ਤਿਆਰ ਹੈ ਪਰ ਮਨੁੱਖੀ ਹੱਕਾਂ ਦਾ ਸਤਿਕਾਰ ਕਰਦਿਆਂ ਵੰਨ ਸੁਵੰਨਤਾ ਅਤੇ ਕਾਨੂੰਨ ਦੇ ਰਾਜ ਨੂੰ ਅਹਿਮੀਅਤ ਦੇਣੀ ਹੋਵੇਗੀ। ਟਰੂਡੋ ਵੱਲੋਂ ਦੋਸਤੀ ਦਾ ਹੱਥ ਵਧਾਉਣ ਬਾਰੇ ਮੈਕਡੌਨਲਡ ਲੌਰੀਅਰ ਇੰਸਟੀਚਿਊਟ ਦੇ ਵਿਸ਼ਲੇਸ਼ਕ ਵਿਜੇ ਸਪਾਨੀ ਨੇ ਕਿਹਾ ਕਿ ਸੰਭਾਵਤ ਤੌਰ ’ਤੇ ਭਾਰਤ ਸਰਕਾਰ ਵੀ ਦੁਵੱਲੇ ਸਬੰਧਾਂ ਵਿਚ ਸੁਧਾਰ ਚਾਹੁੰਦੀ ਹੈ। ਦੋਹਾਂ ਮੁਲਕਾਂ ਦਰਮਿਆਨ ਅਰਬਾਂ ਡਾਲਰ ਦਾ ਵਪਾਰ ਹੁੰਦਾ ਹੈ ਅਤੇ ਮੁਕਤ ਵਪਾਰ ਸੰਧੀ ਦਾ ਰਾਹ ਵੀ ਪੱਧਰਾ ਹੋ ਚੁੱਕਾ ਸੀ ਪਰ ਹਰਦੀਪ ਸਿੰਘ ਨਿੱਜਰ ਕਤਲਕਾਂਡ ਮਗਰੋਂ ਤਣਾਅ ਬੇਹੱਦ ਵਧ ਗਿਆ। ਭਾਰਤ ਵੱਲੋਂ ਹਾਂਪੱਖੀ ਹੁੰਗਾਰਾ ਦਿੰਦਿਆਂ ਕੈਨੇਡਾ ਦੇ 41 ਡਿਪਲੋਮੈਟਸ ਦੀ ਬਹਾਲੀ ਕਰ ਦਿਤੀ ਜਾਣੀ ਚਾਹੀਦੀ ਹੈ।

ਖਾਲਿਸਤਾਨ ਦਾ ਜ਼ਿਕਰ ਕਰਦਿਆਂ ਵਿਜੇ ਸਪਾਨੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਅਤੇ ਫਰੀਦਕੋਟ ਸੀਟਾਂ ਤੋਂ ਆਜ਼ਾਦ ਉਮੀਦਵਾਰਾਂ ਦੀ ਜਿੱਤ ਪੰਜਾਬੀਆਂ ਦੇ ਮਨ ਦੀ ਗੱਲ ਪੇਸ਼ ਕਰਦੀ ਹੈ। ਭਾਵੇਂ ਕੈਨੇਡਾ ਵਿਚ ਕੁਝ ਖਾਲਿਸਤਾਨ ਹਮਾਇਤੀ ਮੌਜੂਦ ਹਨ ਪਰ ਦੋਹਾਂ ਮੁਲਕਾਂ ਵਾਸਤੇ ਬਿਹਤਰ ਇਹੀ ਹੋਵੇਗਾ ਕਿ ਅਜਿਹੀਆਂ ਗੱਲਾਂ ਬੰਦ ਕਮਰੇ ਵਿਚ ਕੀਤੀਆਂ ਜਾਣ। ਇਕ ਹੋਰ ਅਹਿਮ ਤੱਥ ਇਹ ਹੈ ਕਿ ਵਿਦੇਸ਼ਾਂ ਵਿਚ ਸਿੱਖਾਂ ਦੇ ਕਤਲ ਰੋਕਣ ਵਾਸਤੇ ਕੈਨੇਡਾ ਆਪਣੇ ਗੁਆਂਢੀ ਦਾ ਡਟਵਾਂ ਸਾਥ ਦੇ ਰਿਹਾ ਹੈ ਜਾਂ ਦੇ ਸਕਦਾ ਹੈ। ਸਪਾਨੀ ਨੇ ਅੱਗੇ ਕਿਹਾ ਕਿ ਭਾਰਤ ਨੂੰ ਸਬਕ ਮਿਲ ਚੁੱਕਾ ਹੈ ਕਿ ਤੁਸੀ ਨਾਟੋ ਮੁਲਕਾਂ ਵਿਚ ਇਹ ਸਭ ਨਹੀਂ ਕਰ ਸਕਦੇ। ਉਧਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਵਾਸ਼ਿੰਗਟਨ ਡੀ.ਸੀ. ਵਿਖੇ ਭਾਰਤੀ ਅੰਬੈਸੀ ਦੇ ਬਾਹਰ ਰੋਸ ਵਿਖਾਵਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬੀ.ਸੀ. ਦੀ ਸਾਇਮਨ ਫਰੇਜ਼ਰ ਯੂਨੀਵਰਸਿਟੀ ਵਿਚ ਰਾਜਨੀਤੀ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਸ਼ਿਵਾਜੀ ਮੁਖਰਜੀ ਨੇ ਕਿਹਾ ਕਿ ਚੋਣਾਂ ਵਿਚ ਭਾਜਪਾ ਦੀ ਕਾਰਗੁਜ਼ਾਰੀ ਕਮਜ਼ੋਰ ਰਹੀ ਅਤੇ ਹੁਣ ਭਾਰਤ ਵਿਚ ਘੱਟ ਗਿਣਤੀਆਂ ਪ੍ਰਤੀ ਨਰਮ ਰੁਖ ਅਖਤਿਆਰ ਕੀਤਾ ਜਾ ਸਕਦਾ ਹੈ।

Tags:    

Similar News