Iran ਜੰਗ ਨੇ ਤੋੜਿਆ Canadian ਟ੍ਰਕਰਜ਼ ਦਾ ਸਬਰ

ਈਰਾਨ ਜੰਗ ਦੇ ਸਤਾਏ ਕੈਨੇਡੀਅਨ ਟ੍ਰਕਰਜ਼ ਦਾ ਸਬਰ ਟੁੱਟ ਚੁੱਕਾ ਹੈ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਬੋਝ ਆਮ ਲੋਕਾਂ ’ਤੇ ਪਾਉਣ ਲਈ ਮਜਬੂਰ ਹੋ ਰਹੇ ਹਨ

Update: 2026-03-27 13:32 GMT

ਟੋਰਾਂਟੋ : ਈਰਾਨ ਜੰਗ ਦੇ ਸਤਾਏ ਕੈਨੇਡੀਅਨ ਟ੍ਰਕਰਜ਼ ਦਾ ਸਬਰ ਟੁੱਟ ਚੁੱਕਾ ਹੈ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਬੋਝ ਆਮ ਲੋਕਾਂ ’ਤੇ ਪਾਉਣ ਲਈ ਮਜਬੂਰ ਹੋ ਰਹੇ ਹਨ। ਟ੍ਰਾਂਸਪੋਰਟੇਸ਼ਨ ਇੰਡਸਟਰੀ ਦਾ ਕਹਿਣਾ ਹੈ ਕਿ ਇਕ ਟਰੱਕ ਵਿਚ ਤਕਰੀਬਨ ਹਜ਼ਾਰ ਲਿਟਰ ਡੀਜ਼ਲ ਪੈਂਦਾ ਹੈ ਅਤੇ ਪਹਿਲਾਂ ਇਹ 1,600 ਡਾਲਰ ਵਿਚ ਪੈ ਜਾਂਦਾ ਸੀ ਪਰ ਹੁਣ 2,300 ਡਾਲਰ ਅਦਾ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਫੈਡਰਲ ਅਤੇ ਸੂਬਾ ਸਰਕਾਰਾਂ ਟੈਕਸਾਂ ਵਿਚ ਕੁਝ ਰਿਆਇਤ ਦੇਣ ਤਾਂ ਲੋਕਾਂ ਉਤੇ ਪੈਣ ਵਾਲਾ ਬੋਝ ਘਟਾਇਆ ਜਾ ਸਕਦਾ ਹੈ। ਮਾਹਰਾਂ ਮੁਤਾਬਕ ਟਰੱਕਾਂ ਰਾਹੀਂ ਸਾਮਾਨ ਦੀ ਢੋਆ-ਢੁਆਈ ਉਤੇ ਹੋਣ ਵਾਲੇ ਕੁਲ ਖਰਚੇ ਦਾ 30 ਫ਼ੀ ਸਦੀ ਫ਼ਿਊਲ ਹੁੰਦਾ ਹੈ ਅਤੇ ਮੌਜੂਦਾ ਹਾਲਾਤ ਵਿਚ ਟੋਰਾਂਟੋ ਤੋਂ ਕੈਲੇਫੋਰਨੀਆ ਦਾ ਗੇੜਾ ਲਾਉਣ ਵਾਲੇ ਟਰੱਕਾਂ ਦਾ ਖ਼ਰਚਾ 5 ਹਜ਼ਾਰ ਡਾਲਰ ਤੋਂ ਵਧ ਕੇ 7 ਹਜ਼ਾਰ ਡਾਲਰ ਹੋ ਗਿਆ ਹੈ।

ਟੋਰਾਂਟੋ ਤੋਂ ਕੈਲੇਫੋਰਨੀਆ ਦਾ ਗੇੜਾ 2000 ਡਾਲਰ ਮਹਿੰਗਾ ਹੋਇਆ

ਵੈਂਡਰਜ਼ ਨੂੰ ਚੀਜ਼ਾਂ ਲਿਆਉਣ-ਲਿਜਾਣ ਵਾਸਤੇ ਵਧ ਰਕਮ ਅਦਾ ਕਰਨੀ ਪੈ ਰਹੀ ਹੈ ਅਤੇ ਇਸ ਦਾ ਸਿੱਧਾ ਅਸਰ ਵਸਤਾਂ ਦੀਆਂ ਕੀਮਤਾਂ ’ਤੇ ਪਵੇਗਾ। ਪੰਜਾਬੀ ਟ੍ਰਾਂਸਪੋਰਟਰ ਵਨੀਤ ਪੁਰੀ ਨੇ ਦੱਸਿਆ ਕਿ ਡੀਜ਼ਲ ਕੀਮਤਾਂ ਵਿਚ ਵਾਧੇ ਨਾਲ ਵੱਡੀ ਮਾਰ ਪਈ ਹੈ। ਇਕ ਟਰੱਕ ਪਿੱਛੇ ਹਜ਼ਾਰ ਡਾਲਰ ਦਾ ਖਰਚਾ ਵਧ ਗਿਆ ਹੈ ਅਤੇ ਫ਼ਿਲਹਾਲ ਸਾਰਾ ਬੋਝ ਖੁਦ ਬਰਦਾਸ਼ਤ ਕਰਨਾ ਪੈ ਰਿਹਾ ਹੈ। ਵਨੀਤ ਪੁਰੀ ਜਿਸ ਕੋਲ ਚਾਰ ਟਰੱਕ ਹਨ ਅਤੇ ਖੁਦ ਵੀ ਡਰਾਈਵਿੰਗ ਕਰਦਾ ਹੈ, ਨੇ ਸੂਬਾਈ ਅਤੇ ਫ਼ੈਡਰਲ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਡੀਜ਼ਲ ਉਤੇ ਟੈਕਸਾਂ ਵਿਚ ਰਾਹਤ ਦਿਤੀ ਜਾਵੇ। ਵਨੀਤ ਦੇ ਟਰੱਕ ਕੈਨੇਡਾ ਦੇ ਉਤਰੀ ਇਲਾਕਿਆਂ ਵੱਲ ਖੁਰਾਕੀ ਵਸਤਾਂ ਲੈ ਕੇ ਜਾਂਦੇ ਹਨ ਅਤੇ ਡੀਜ਼ਲ ਦੇ ਭਾਅ ਵਧਣ ਕਰ ਕੇ ਕ੍ਰੈਡਿਟ ਕਾਰਡਾਂ ਦੀ ਲਿਮਟ ਵੀ ਖ਼ਤਮ ਹੁੰਦੀ ਜਾਰ ਹੀ ਹੈ। ਦੂਜੇ ਪਾਸੇ ਟਰੱਕ ਡਰਾਈਵਰ ਮੋਹਿਤ ਬਜਾਜ ਨੇ ਕਿਹਾ ਕਿ ਡੀਜ਼ਲ ਦਾ ਭਾਅ ਕੁਝ ਹਫ਼ਤੇ ਪਹਿਲਾਂ ਤੱਕ 1.60 ਡਾਲਰ ਪ੍ਰਤੀ ਲਿਟਰ ਹੁੰਦਾ ਸੀ ਪਰ ਇਸ ਵੇਲੇ 2.29 ਡਾਲਰ ਪ੍ਰਤੀ ਲਿਟਰ ’ਤੇ ਪੁੱਜ ਗਿਆ ਹੈ। ਭਾਵੇਂ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਬੋਝ ਇੰਪਲੌਇਰ ’ਤੇ ਪੈਂਦਾ ਹੈ ਪਰ ਉਚੀਆਂ ਦਰਾਂ ਅਕਸਰ ਹੀ ਸ਼ਿਪਮੈਂਟਸ ਦੀ ਰਫ਼ਤਾਰ ਘਟਾ ਦਿੰਦੀਆਂ ਹਨ ਅਤੇ ਟਰੱਕ ਰਾਹੀਂ ਤੈਅ ਕੀਤੇ ਜਾਣ ਵਾਲੇ ਕਿਲੋਮੀਟਰਜ਼ ਵੀ ਘਟ ਜਾਂਦੇ ਹਨ। ਡਰਾਈਵਰ ਜਿੰਨਾ ਘੱਟ ਫ਼ਾਸਲਾ ਤੈਅ ਕਰੇਗਾ ਉਸ ਦੀ ਆਮਦਨ ਵੀ ਓਨੀ ਹੀ ਪ੍ਰਭਾਵਤ ਹੋਵੇਗੀ।

ਟ੍ਰਾਂਸਪੋਰਟਰਾਂ ਅਤੇ ਡਰਾਈਵਰਾਂ ਨੇ ਟੈਕਸਾਂ ਵਿਚ ਰਿਆਇਤ ਮੰਗੀ

ਇਸੇ ਦੌਰਾਨ ਸੀ.ਐਸ.ਏ. ਟ੍ਰਾਂਸਪੋਰਟੇਸ਼ਨ ਦੀ ਰਿਬੇਕਾ ਹੁਇਸ਼ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਫ਼ਿਊਲ ਸਰਚਾਰਜ ਵਸੂਲ ਨਹੀਂ ਕੀਤਾ ਜਾਂਦਾ ਪਰ ਤੇਲ ਕੀਮਤਾਂ ਵਿਚ ਹੋਏ ਵਾਧਾ ਨੂੰ ਵੇਖਦਿਆਂ ਪਿਛਲੇ ਦਿਨੀਂ ਭਾੜੇ ਵਿਚ ਵਾਧਾ ਕਰ ਦਿਤਾ। ਆਮ ਤੌਰ ’ਤੇ ਕੰਪਨੀ ਇਕ ਮਹੀਨੇ ਬਾਅਦ ਖਰਚਿਆਂ ਦੀ ਸਮੀਖਿਆ ਕਰਦੀ ਹੈ ਪਰ ਹੁਣ ਹਰ ਹਫ਼ਤੇ ਸਮੀਖਿਆ ਕਰਨੀ ਮਜਬੂਰੀ ਬਣ ਚੁੱਕੀ ਹੈ। ਕੌਮਾਂਤਰੀ ਹਾਲਾਤ ਨੂੰ ਵੇਖਦਿਆਂ ਡੀਜ਼ਲ ਦੀਆਂ ਕੀਮਤਾਂ ਘਟਣ ਦੇ ਆਸਾਰ ਬਿਲਕੁਲ ਵੀ ਨਜ਼ਰ ਨਹੀਂ ਆਉਂਦੇ। ਰਿਬੇਕਾ ਨੇ ਦੱਸਿਆ ਕਿ ਸੀ.ਐਸ.ਏ. ਟ੍ਰਾਂਸਪੋਰਟੇਸ਼ਨ ਕੈਨੇਡਾ ਅਤੇ ਅਮਰੀਕਾ ਵਿਚ 15 ਸ਼ਿਪਿੰਗ ਟਰਮੀਨਲਜ਼ ਤੋਂ ਕੱਪੜੇ, ਡਰਾਈ ਫੂਡ ਅਤੇ ਹੈਲਥ ਸਪਲੀਮੈਂਟਸ ਵਰਗੀਆਂ ਅਹਿਮ ਵਸਤਾਂ ਦੀ ਢੋਆ ਢੁਆਈ ਕਰਦੀ ਹੈ ਅਤੇ ਇਸ ਕੰਮ ਵਿਚ 220 ਮੁਲਾਜ਼ਮ ਮਦਦ ਕਰਦੇ ਹਨ। ਇਨ੍ਹਾਂ ਮੁਲਾਜ਼ਮਾਂ ਵਿਚੋਂ 80 ਲੋਕਲ ਡਰਾਈਵਰ ਹਨ ਅਤੇ ਸਹਿਯੋਗ ਟ੍ਰਕਿੰਗ ਫ਼ਰਮਾਂ ਦੀ ਮਦਦ ਵੀ ਲਈ ਜਾਂਦੀ ਹੈ। ਹੁਣ ਇਹ ਸਾਰੇ ਵੱਧ ਰਕਮ ਦੀ ਮੰਗ ਕਰ ਰਹੇ ਹਨ ਅਤੇ ਟਰੰਪ ਦੀਆਂ ਟੈਰਿਫ਼ਸ ਨਾਲ ਜੂਝ ਰਹੀ ਇੰਡਸਟਰੀ ਉਤੇ ਵਾਧੂ ਦਬਾਅ ਪੈ ਰਿਹਾ ਹੈ।

Tags:    

Similar News