Canada ’ਚ ਜਿਊਂਦੀ ਸੜੀ Indian ਮੁਟਿਆਰ

19 ਸਾਲਾ ਭਾਰਤੀ ਮੁਟਿਆਰ ਦੀਆਂ ਚੀਕਾਂ ਸਿਰਫ਼ ਉਸ ਦੀ ਮਾਂ ਦੇ ਕੰਨਾਂ ਤੱਕ ਪੁੱਜ ਰਹੀਆਂ ਸਨ ਪਰ ਉਹ ਵੀ ਸਮੇਂ ਸਿਰ ਨਾ ਪੁੱਜ ਸਕੀ ਅਤੇ ਸਭ ਕੁਝ ਸੜ ਕੇ ਸੁਆਹ ਹੋ ਗਿਆ

Update: 2026-02-13 13:36 GMT

ਟੋਰਾਂਟੋ/ਕੈਲਗਰੀ : 19 ਸਾਲਾ ਭਾਰਤੀ ਮੁਟਿਆਰ ਦੀਆਂ ਚੀਕਾਂ ਸਿਰਫ਼ ਉਸ ਦੀ ਮਾਂ ਦੇ ਕੰਨਾਂ ਤੱਕ ਪੁੱਜ ਰਹੀਆਂ ਸਨ ਪਰ ਉਹ ਵੀ ਸਮੇਂ ਸਿਰ ਨਾ ਪੁੱਜ ਸਕੀ ਅਤੇ ਸਭ ਕੁਝ ਸੜ ਕੇ ਸੁਆਹ ਹੋ ਗਿਆ। ਜੀ ਹਾਂ, ਕੈਨੇਡਾ ਵਸਦੇ ਭਾਰਤੀ ਪਰਵਾਰ ਦੀ ਰੂਹ ਕੰਬ ਉਠਦੀ ਹੈ ਜਦੋਂ ਲਕਸ਼ਾ ਨੀਲ ਦੀ ਮੌਤ ਦਾ ਮੰਜ਼ਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਜੋ ਅੱਗ ਦੀਆਂ ਲਾਟਾਂ ਵਿਚ ਘਿਰੇ ਆਪਣੇ ਘਰ ਵਿਚੋਂ ਬਾਹਰ ਨਾ ਨਿਕਲ ਸਕੀ ਅਤੇ ਜਿਊਂਦੀ ਸੜ ਗਈ। ਲਕਸ਼ਾ ਦੀ ਮਾਂ ਪ੍ਰੇਮੀਲਾ ਨੀਲ ਨੇ ਦੱਸਿਆ ਕਿ ਉਨ੍ਹਾਂ ਦੇ ਫੋਨ ਦੀ ਘੰਟੀ ਵੱਜੀ ਤਾਂ ਦੇਖਿਆ ਕਿ ਬੇਟੀ ਦਾ ਫੋਨ ਆ ਰਿਹਾ ਸੀ। ਪ੍ਰੇਮੀਲਾ ਨੇ ਕਾਲ ਔਨ ਕੀਤੀ ਤਾਂ ਘਬਰਾਈ ਆਵਾਜ਼ ਵਿਚ ਬੇਟੀ ਨੇ ਘਰ ਨੂੰ ਅੱਗ ਲੱਗਣ ਬਾਰੇ ਦੱਸਿਆ। ਮਾਂ ਨੇ ਆਪਣੀ ਬੇਟੀ ਨੂੰ ਤੁਰਤ ਦਰਵਾਜ਼ੇ ਵੱਲ ਦੌੜਨ ਦੀ ਹਦਾਇਤ ਦਿਤੀ ਪਰ ਅੱਗ ਦੇ ਭਾਂਬੜ ਅਤੇ ਸੰਘਣਾ ਧੂੰਆਂ ਉਸ ਨੂੰ ਦਰਵਾਜ਼ੇ ਵੱਲ ਜਾਣ ਤੋਂ ਰੋਕ ਰਹੇ ਸਨ। ਲਕਸ਼ਾ ਨੀਲ ਕਿਸੇ ਤਰੀਕੇ ਨਾਲ ਦਰਵਾਜ਼ੇ ਤੱਕ ਪੁੱਜੀ ਪਰ ਇਹ ਖੁੱਲ੍ਹ ਨਾ ਸਕਿਆ। ਉਧਰ ਕੁਝ ਮਿੰਟ ਬਾਅਦ ਪ੍ਰੇਮਿਲਾ ਆਪਣੀ ਬੇਟੀ ਦੀ ਮਦਦ ਵਾਸਤੇ ਘਰ ਦੇ ਬਾਹਰ ਪੁੱਜ ਗਈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਨਟਾਰੀਓ ਦੀ ਲੌਯਲ ਲਿਸਟ ਟਾਊਨਸ਼ਿਪ ਵਿਚ 29 ਜਨਵਰੀ ਨੂੰ ਦੇਰ ਸ਼ਾਮ ਲੱਗੀ ਅੱਗੇ ਦੇ ਕਾਰਨਾਂ ਬਾਰੇ ਦੋ ਹਫ਼ਤੇ ਬਾਅਦ ਵੀ ਕੁਝ ਪਤਾ ਨਹੀਂ ਲੱਗ ਸਕਿਆ।

ਘਰ ਨੂੰ ਅੱਗ ਲੱਗਣ ਮਗਰੋਂ ਫਸ ਗਿਆ ਦਰਵਾਜ਼ਾ

ਫਾਇਰ ਮਾਰਸ਼ਲ ਦੇ ਦਫ਼ਤਰ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਫ਼ਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਇਸੇ ਦੌਰਾਨ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਫਾਇਰ ਫਾਈਟਰਜ਼ ਨੂੰ 8.30 ਵਜੇ ਅੱਗ ਲੱਗਣ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਐਮਰਜੰਸੀ ਕਾਮੇ ਅੱਗ ਬੁਝਾਉਣ ਵਿਚ ਜੁਟ ਗਏ। ਘਰ ਦੇ ਮਲਬੇ ਵਿਚੋਂ ਇਕ ਕੁੜੀ ਦੀ ਲਾਸ਼ ਮਿਲੀ ਜਿਸ ਦੀ ਸ਼ਨਾਖਤ 19 ਸਾਲਾ ਲਕਸ਼ਾ ਨੀਲ ਵਜੋਂ ਕੀਤੀ ਗਈ। ਲਕਸ਼ਾ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਇਸ ਘਰ ਵਿਚ ਰਹਿੰਦੀ ਸੀ। ਸੇਂਟ ਲਾਰੈਂਸ ਕਾਲਜ ਵਿਚ ਪੜ੍ਹਦਿਆਂ ਉਸ ਨੇ ਸੋਸ਼ਲ ਵਰਕਰ ਬਣਨ ਦਾ ਨਿਸ਼ਚਾ ਕਰ ਲਿਆ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਲਕਸ਼ਾ ਨੀਲ ਦੇ ਅੰਤਮ ਸਸਕਾਰ ਅਤੇ ਪਰਵਾਰ ਦੀ ਆਰਥਿਕ ਮਦਦ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਅਤੇ ਪਿਛਲੇ ਹਫ਼ਤੇ ਪਰਵਾਰ ਨੇ ਆਪਣੇ ਸੜੇ ਹੋਏ ਘਰ ਦੇ ਬਾਹਰ ਇਕੱਤਰ ਹੁੰਦਿਆਂ ਲਕਸ਼ਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਦੂਜੇ ਪਾਸੇ ਐਲਬਰਟਾ ਦੇ ਕੈਲਗਰੀ ਸ਼ਹਿਰ ਵਿਚ ਸੜਕ ਹਾਦਸੇ ਦੌਰਾਨ 22 ਸਾਲ ਦੀ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਕੈਲਗਰੀ ਪੁਲਿਸ ਨੇ ਦੱਸਿਆ ਕਿ 84ਵੀਂ ਸਟ੍ਰੀਟ ਦੇ 7000 ਬਲਾਕ ਵਿਚ ਇਕ ਤੇਜ਼ ਰਫ਼ਤਾਰ ਬੀ.ਐਮ.ਡਬਲਿਊ. ਬੇਕਾਬੂ ਹੋ ਕੇ ਪਲਟ ਗਈ ਅਤੇ ਡਰਾਈਵਰ ਬੁੜਕ ਕੇ ਬਾਹਰ ਜਾ ਡਿੱਗਾ।

ਕੈਲਗਰੀ ’ਚ ਸਿੱਖ ਨੌਜਵਾਨ ਨੇ ਦਮ ਤੋੜਿਆ

ਸਿਰ ਵਿਚ ਸੱਟ ਵੱਜਣ ਕਾਰਨ ਡਰਾਈਵਰ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ। ਕੈਲਗਰੀ ਪੁਲਿਸ ਵੱਲੋਂ ਨੌਜਵਾਨ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਪਰ ਭਾਈਚਾਰੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਾ ਪੰਜਾਬੀ ਨੌਜਵਾਨ ਸੀ ਜੋ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਿਹਾ ਸੀ। ਪੁਲਿਸ ਮੁਤਾਬਕ ਕੈਲਗਰੀ ਵਿਚ ਨਵੇਂ ਵਰ੍ਹੇ ਦੌਰਾਨ ਪੰਜ ਜਣਿਆਂ ਦੀ ਸੜਕ ਹਾਦਸਿਆਂ ਵਿਚ ਮੌਤ ਹੋ ਚੁੱਕੀ ਹੈ ਅਤੇ ਇਸ ਦਾ ਇਕ ਵੱਡਾ ਕਾਰਨ ਸਪੀਡ ਕੈਮਰੇ ਹਟਾਉਣ ਦੀ ਪ੍ਰਕਿਰਿਆ ਵੀ ਮੰਨੀ ਜਾ ਰਹੀ ਹੈ। ਉਨਟਾਰੀਓ ਦੀ ਤਰਜ਼ ’ਤੇ ਐਲਬਰਟਾ ਵਿਚ ਵੀ ਸਪੀਡ ਕੈਮਰਿਆਂ ਨੂੰ ਲੋਕਾਂ ਉਤੇ ਆਰਥਿਕ ਬੋਝ ਕਰਾਰ ਦਿੰਦਿਆਂ ਹਟਾਉਣਾ ਸ਼ੁਰੂ ਕਰ ਦਿਤਾ ਗਿਆ ਹੈ।

Tags:    

Similar News