ਕੈਨੇਡਾ ਆ ਰਹੇ ਭਾਰਤੀ ਵਿਦਿਆਰਥੀ ਕਸੂਤੇ ਫਸੇ, ਭਾਰਤ ਵਿਰੋਧੀ ਨਫ਼ਰਤ ਦਾ ਭੁਗਤ ਰਹੇ ਖਮਿਆਜ਼ਾ

ਕੈਨੇਡਾ ਆ ਰਹੇ ਭਾਰਤੀ ਵਿਦਿਆਰਥੀ ਇਕ ਨਵੀਂ ਮੁਸ਼ਕਲ ਵਿਚ ਘਿਰਦੇ ਮਹਿਸੂਸ ਹੋ ਰਹੇ ਹਨ। ਜੀ ਹਾਂ, ਸੋਸ਼ਲ ਮੀਡੀਆ ਰਾਹੀਂ ਭਾਰਤੀ ਲੋਕਾਂ ਬਾਰੇ ਐਨੀ ਨਫ਼ਰਤ ਫੈਲਾਈ ਜਾ ਰਹੀ ਹੈ ਕਿ ਨਵੇਂ ਆਉਣ ਵਾਲਿਆਂ ਲਈ ਬਰਦਾਸ਼ਤ ਕਰਨਾ ਔਖਾ ਹੋ ਰਿਹਾ ਹੈ।

Update: 2024-06-25 08:54 GMT

ਟੋਰਾਂਟੋ : ਕੈਨੇਡਾ ਆ ਰਹੇ ਭਾਰਤੀ ਵਿਦਿਆਰਥੀ ਇਕ ਨਵੀਂ ਮੁਸ਼ਕਲ ਵਿਚ ਘਿਰਦੇ ਮਹਿਸੂਸ ਹੋ ਰਹੇ ਹਨ। ਜੀ ਹਾਂ, ਸੋਸ਼ਲ ਮੀਡੀਆ ਰਾਹੀਂ ਭਾਰਤੀ ਲੋਕਾਂ ਬਾਰੇ ਐਨੀ ਨਫ਼ਰਤ ਫੈਲਾਈ ਜਾ ਰਹੀ ਹੈ ਕਿ ਨਵੇਂ ਆਉਣ ਵਾਲਿਆਂ ਲਈ ਬਰਦਾਸ਼ਤ ਕਰਨਾ ਔਖਾ ਹੋ ਰਿਹਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਉਨਟਾਰੀਓ ਵਿਚ ਅਪਰਾਧ ਵਿਗਿਆਨ ਪੜ੍ਹ ਰਹੀ ਗਗਨੀਤ ਕੌਰ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਬਣੇ ਕਈ ਪੇਜ ਸਿਰਫ ਭਾਰਤੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਵਰਤੇ ਜਾ ਰਹੇ ਹਨ। ਮਿਸਾਲ ਵਜੋਂ ਇਕ ਟਿਕਟੌਕ ਵੀਡੀਓ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿਚ ਸਾਲ 2050 ਦੌਰਾਨ ਕੈਨੇਡਾ ਦੇ ਹਾਲਾਤ ਬਾਰੇ ਜ਼ਿਕਰ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ 2 ਲੱਖ ਤੋਂ ਵੱਧ ਲਾਈਕ ਮਿਲ ਚੁੱਕੇ ਹਨ ਅਤੇ ਇੰਮੀਗ੍ਰੇਸ਼ਨ ਵਿਰੋਧੀ ਟਿੱਪਣੀਆਂ ਨਾਲ ਭਰਦੀ ਜਾ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਭਾਰਤ ਦਾ ਕੌਮੀ ਝੰਡਾ ਤਿਆਰ ਕਰ ਕੇ ਵੀਡੀਓ ਵਿਚ ਵਰਤਿਆ ਗਿਆ ਹੈ ਅਤੇ ਗਗਨੀਤ ਕੌਰ ਦੇ ਮੀਰਾਨ ਕਾਦਰੀ ਵਰਗੇ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਤ ਹੋ ਰਹੇ ਹਨ।

ਆਨਲਾਈਨ ਨਫ਼ਰਤੀ ਟਿੱਪਣੀਆਂ ਨੇ ਨੱਕ ਵਿਚ ਕੀਤਾ ਦਮ

ਗੁਜਰਾਤ ਸੂਬੇ ਨਾਲ ਸਬੰਧਤ ਮੀਰਾਨ ਕਾਦਰੀ ਵਿੰਡਸਰ ਦੇ ਕਾਲਜ ਵਿਚ ਪੜ੍ਹਦਾ ਹੈ ਅਤੇ ਉਸ ਨੂੰ ਲਗਾਤਾਰ ਭਾਰਤ ਵਿਰੋਧੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 24 ਸਾਲ ਦਾ ਕਾਦਰੀ ਇਕ ਸਾਲ ਪਹਿਲਾਂ ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜਨੀਅਰਿੰਗ ਦੀ ਡਿਗਰੀ ਕਰਨ ਕੈਨੇਡਾ ਪੁੱਜਾ ਸੀ। ਕਾਦਰੀ ਨੇ ਦੱਸਿਆ ਕਿ ਬਿਨਾ ਸ਼ੱਕ ਇਨ੍ਹਾਂ ਟਿੱਪਣੀਆਂ ਦਾ ਮਾਨਸਿਕ ਤੌਰ ’ਤੇ ਡੂੰਘਾ ਅਸਰ ਪੈਂਦਾ ਹੈ। ਇਥੋਂ ਤੱਕ ਕਿ ਪੜ੍ਹਾਈ ਮੁਕੰਮਲ ਹੋਣ ਮਗਰੋਂ ਇਕ ਚੰਗੀ ਨੌਕਰੀ ਲੱਭਣ ਵਿਚ ਅੜਿੱਕੇ ਪੈਦਾ ਹੋ ਸਕਦੇ ਹਨ। ਕਾਦਰੀ ਨੇ ਅੱਗੇ ਕਿਹਾ ਕਿ ਭਾਰਤੀ ਤਿਉਹਾਰਾਂ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਪਾਉਣਾ ਵੀ ਮੁਸੀਬਤ ਬਣ ਜਾਂਦਾ ਹੈ ਜਦੋਂ ਭੱਦੀ ਸ਼ਬਦਾਵਲੀ ਵਿਚ ਟਿੱਪਣੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਗਗਨੀਤ ਕੌਰ ਦਾ ਇਸ ਬਾਰੇ ਕਹਿਣਾ ਸੀ ਕਿ ਉਹ ਹਮੇਸ਼ਾ ਸੁਚੇਤ ਰਹਿਣ ਦਾ ਯਤਨ ਕਰਦੀ ਹੈ। ਦੂਜੇ ਪਾਸੇ ਵਿੰਡਸਰ ਦੇ ਸਾਊਥ ਏਸ਼ੀਅਨ ਸੈਂਟਰ ਵੱਲੋਂ ਨਸਲੀ ਨਫ਼ਰਤ ਦੇ ਸ਼ਿਕਾਰ ਵਿਦਿਆਰਥੀਆਂ ਲਈ ਇਕ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਪ੍ਰੋਗਰਾਮ ਡਾਇਰੈਕਟਰ ਨੰਦਿਨੀ ਤਿਰੁਮਲਾ ਨੇ ਹੈਰਾਨੀ ਜ਼ਾਹਰ ਕੀਤੀ ਕਿ ਅਚਾਨਕ ਪ੍ਰਵਾਸੀਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਵਿਰੁੱਧ ਮੁਹਿੰਮ ਕਿਵੇਂ ਸ਼ੁਰੂ ਹੋ ਗਈ। ਇਸੇ ਦੌਰਾਨ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਕਹਿੰਦੀ ਹੈ ਕਿ ਸਾਊਥ ਏਸ਼ੀਅਨ ਲੋਕਾਂ ਵਿਰੁੱਧ 2019 ਤੋਂ 2022 ਦਰਮਿਆਨ ਨਸਲੀ ਨਫ਼ਰਤ ਦੇ ਮਾਮਲਿਆਂ ਵਿਚ 143 ਫੀ ਸਦੀ ਵਾਧਾ ਹੋਇਆ। ਉਧਰ ਵਿੰਡਸਰ ਪੁਲਿਸ ਦਾ ਕਹਿਣਾ ਹੈ ਕਿ 2018 ਤੋਂ 2024 ਦਰਮਿਆਨ ਸਾਊਥ ਏਸ਼ੀਅਨ ਲੋਕਾਂ ਵਿਰੁੱਧ ਹੋਏ ਨਫ਼ਰਤੀ ਅਪਰਾਧ ਦੀ ਕੋਈ ਸ਼ਿਕਾਇਤ ਉਨ੍ਹਾਂ ਕੋਲ ਨਹੀਂ ਪੁੱਜੀ। ਟੋਰਾਂਟੋ ਦੇ ਸਾਊਥ ਏਸ਼ੀਅਨ ਲੀਗਲ ਕਲੀਨਿਕ ਦੀ ਸ਼ਾਲਿਨੀ ਕੋਨਾਨੂਰ ਨੇ ਦੰਸਿਆ ਕਿ ਨਸਲਵਾਦ ਜਾਂ ਨਫਰਤ ਨਾਲ ਸਬੰਧਤ ਘਟਨਾਵਾਂ ਦੀ ਰਿਪੋਰਟ ਪੁਲਿਸ ਕੋਲ ਨਾ ਕੀਤੇ ਜਾਣ ਦੇ ਕਈ ਕਾਰਨ ਮੌਜੂਦ ਹਨ। ਕੁਝ ਲੋਕ ਅਜਿਹੇ ਮੁਲਕਾਂ ਤੋਂ ਆਉਂਦੇ ਹਨ ਜਿਥੇ ਪੁਲਿਸ ’ਤੇ ਯਕੀਨ ਹੀ ਨਹੀਂ ਕੀਤਾ ਜਾਂਦਾ ਜਦਕਿ ਕਈ ਵਾਰ ਇਹ ਧਾਰਨਾ ਬਣ ਜਾਂਦੀ ਹੈ ਕਿ ਪੁਲਿਸ ਅਜਿਹੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰੇਗੀ। ਕੌਮਾਂਤਰੀ ਵਿਦਿਆਰਥੀ ਹੋਣ ਦੇ ਨਾਤੇ ਮੀਰਾਨ ਕਾਦਰੀ ਨੇ ਆਪਣੀਆਂ ਮਜਬੂਰੀਆਂ ਵੀ ਗਿਣਾਈਆਂ। ਉਸ ਨੇ ਕਿਹਾ ਕਿ ਸਭ ਤੋਂ ਵੱਡਾ ਖੌਫ ਡਿਪੋਰਟ ਕੀਤੇ ਜਾਣ ਦਾ ਮਨ ਵਿਚ ਆਉਂਦਾ ਹੈ। ਸਾਡੇ ਮਾਪਿਆਂ ਨੇ ਭਾਰੀ ਕਰਜ਼ਾ ਲੈ ਕੇ ਇਥੇ ਭੇਜਿਆ ਅਤੇ ਜੇ ਕੈਨੇਡਾ ਸਰਕਾਰ ਨੇ ਡਿਪੋਰਟ ਕਰ ਦਿਤਾ ਤਾਂ ਕੀ ਬਣੇਗਾ। 

Tags:    

Similar News