ਕੈਨੇਡਾ ਵਿਚ ਹੁਣ ਭਾਰਤੀ ਵਕੀਲਾਂ ’ਤੇ ਚੱਲਣ ਲੱਗੀਆਂ ਗੋਲੀਆਂ

ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਤੋਂ ਬਾਅਦ ਵਕੀਲਾਂ ਉਤੇ ਵੀ ਖ਼ਤਰਾ ਮੰਡਰਾਉਣ ਲੱਗਾ ਹੈ ਅਤੇ ਮੋਟੀ ਰਕਮ ਦੀ ਮੰਗ ਕਰਦੀਆਂ ਧਮਕੀ ਭਰੀਆਂ ਕਾਲਜ਼ ਲਗਾਤਾਰ ਆ ਰਹੀਆਂ ਹਨ

Update: 2025-11-17 13:15 GMT

ਸਰੀ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਤੋਂ ਬਾਅਦ ਵਕੀਲਾਂ ਉਤੇ ਵੀ ਖ਼ਤਰਾ ਮੰਡਰਾਉਣ ਲੱਗਾ ਹੈ ਅਤੇ ਮੋਟੀ ਰਕਮ ਦੀ ਮੰਗ ਕਰਦੀਆਂ ਧਮਕੀ ਭਰੀਆਂ ਕਾਲਜ਼ ਲਗਾਤਾਰ ਆ ਰਹੀਆਂ ਹਨ। ਲਾਅ ਸੋਸਾਇਟੀ ਆਫ਼ ਬੀ.ਸੀ. ਮੁਤਾਬਕ ਨਿਸ਼ਾਨਾ ਬਣੇ ਵਕੀਲਾਂ ਨੂੰ ਧਮਕੀ ਦਿਤੀ ਗਈ ਹੈ ਕਿ ਰਕਮ ਦਾ ਪ੍ਰਬੰਧ ਨਾ ਹੋਣ ’ਤੇ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਫ਼ਿਲਹਾਲ ਵਕੀਲਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਲਾਅ ਸੋਸਾਇਟੀ ਵੱਲੋਂ ਆਪਣੇ ਮੈਂਬਰਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਅਜਿਹੀ ਕੋਈ ਵੀ ਧਮਕੀ ਆਉਣ ’ਤੇ ਤੁਰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਸੋਸਾਇਟੀ ਮੁਤਾਬਕ ਪੁਲਿਸ ਵੱਲੋਂ ਅਜਿਹੇ ਵਿਚ ਮਾਮਲਿਆਂ ਦੀ ਪੜਤਾਲ ਵਿਚ ਨਵੀਂ ਬਣੀ ਐਕਸਟੌਰਸ਼ਨ ਟਾਸਕ ਫ਼ੋਰਸ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਟਾਸਕ ਫ਼ੋਰਸ ਦਾ ਹਿੱਸਾ ਬਣ ਚੁੱਕੀ ਹੈ।

ਮੋਟੀਆਂ ਰਕਮਾਂ ਮੰਗ ਰਹੇ ਫ਼ੋਨ ਕਰਨ ਵਾਲੇ

ਦੱਸ ਦੇਈਏ ਕਿ ਮੌਜੂਦਾ ਵਰ੍ਹੇ ਦੌਰਾਨ ਇਕੱਲੇ ਸਰੀ ਸ਼ਹਿਰ ਵਿਚ ਜਬਰੀ ਵਸੂਲੀ ਦੇ 95 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਘੱਟੋ ਘੱਟ 45 ਮਾਮਲਿਆਂ ਵਿਚ ਗੋਲੀਆਂ ਚੱਲੀਆਂ। ਸਰੀ ਦੇ 168 ਸਟ੍ਰੀਟ ਦੇ 32 ਐਵੇਨਿਊ ਦੇ ਮਕਾਨ ਉਤੇ ਹਫ਼ਤੇ ਵਿਚ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਹਨ। ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਕਾਨੂੰਨ ਮਾਮਲਿਆਂ ਦੇ ਆਲੋਚਕ ਸਟੀਵ ਕੂਨਰ ਨੇ ਤਾਜ਼ਾ ਘਟਨਾਕ੍ਰਮ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਵਕੀਲ ਸਾਡੀ ਨਿਆਂ ਪ੍ਰਣਾਲੀ ਦੀ ਰਾਖੀ ਕਰਦੇ ਹਨ ਅਤੇ ਹੁਣ ਇਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ। ਪਾਣੀ ਸਿਰ ਤੋਂ ਟੱਪ ਚੁੱਕਾ ਹੈ ਅਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਸਰੀ ਵਿਖੇ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਸਬੰਧਤ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਸ਼ਖਸ ਨੂੰ ਢੁਕਵਾਂ ਇਲਾਜ ਨਹੀਂ ਮਿਲ ਰਿਹਾ।

ਸਰੀ ਵਿਖੇ ਜ਼ਖਮੀ ਸ਼ਖਸ ਦੇ ਜਬਾੜੇ ਵਿਚੋਂ ਨਾ ਕੱਢੀ ਗੋਲੀ

170 ਸਟ੍ਰੀਟ ਅਤੇ 32 ਐਵੇਨਿਊ ਦੇ ਮਕਾਨ ਉਤੇ ਗੋਲੀਬਾਰੀ ਦੌਰਾਨ ਇਹ ਸ਼ਖਸ ਜ਼ਖਮੀ ਹੋਇਆ ਅਤੇ ਗੋਲੀ ਜਬਾੜੇ ਨੇੜੇ ਫਸ ਗਈ। ਸੂਤਰਾਂ ਨੇ ਦੱਸਿਆ ਕਿ ਗੋਲੀ ਕੱਢੇ ਬਗੈਰ ਹੀ ਪੀੜਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਜਦਕਿ ਪੀੜਤ ਮਾਨਸਿਕ ਅਤੇ ਸਰੀਰਕ ਦਰਦ ਬਰਦਾਸ਼ਤ ਕਰਨ ਲਈ ਮਜਬੂਰ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੇ ਘਰ ਉਤੇ ਗੋਲੀਬਾਰੀ ਦੌਰਾਨ ਇਹ ਸ਼ਖਸ ਜ਼ਖਮੀ ਹੋਇਆ, ਉਸ ਨੂੰ ਇਕ ਹਫ਼ਤੇ ਵਿਚ ਦੋ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਗੈਰ ਐਮਰਜੰਸੀ ਲਾਈਨ 604 599 0502 ’ਤੇ ਸੰਪਰਕ ਕੀਤਾ ਜਾਵੇ।

Tags:    

Similar News